ਸਿਨਸਿਨਾਟੀ 'ਚ ਸਿੱਖੀ ਪ੍ਰਤੀ ਬੱਚਿਆਂ ਨੇ ਦਿਖਾਇਆ ਭਾਰੀ ਉਤਸ਼ਾਹ

Friday, Apr 26, 2019 - 12:14 PM (IST)

ਸਿਨਸਿਨਾਟੀ 'ਚ ਸਿੱਖੀ ਪ੍ਰਤੀ ਬੱਚਿਆਂ ਨੇ ਦਿਖਾਇਆ ਭਾਰੀ ਉਤਸ਼ਾਹ

ਸਿਨਸਿਨਾਟੀ (ਰਾਜ ਗੋਗਨਾ)— ਗੁਰੂ ਨਾਨਕ ਸੁਸਾਇਟੀ ਗੁਰਦੁਆਰਾ ਸਿਨਸਿਨਾਟੀ, ਓਹਾਇਓ ਵਿਚ ਸਲਾਨਾ ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ-2019 ਸਬੰਧੀ ਸਥਾਨਕ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਿਨਸਿਨਾਟੀ ਤੋਂ ਇਲਾਵਾ ਨਾਲ ਲੱਗਦੇ ਸ਼ਹਿਰ ਡੇਟਨ ਤੋਂ ਵੀ ਬੱਚਿਆਂ ਨੇ ਇਸ ਵਿਚ ਭਾਗ ਲਿਆ। ਇਸ ਸਾਲ 6 ਸਾਲ ਤੋਂ 18 ਸਾਲ ਦੇ 30 ਬੱਚਿਆਂ ਨੇ ਭਾਗ ਲਿਆ।

ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਮੁਤਾਬਕ ਪੰਜ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ।ਹਰੇਕ ਗਰੁੱਪ ਨੂੰ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿਚੋਂ ਤਿੰਨ ਸਵਾਲਾਂ ਦੇ ਜਵਾਬ 6 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। ਇਸ ਸਾਲ ਪਹਿਲੇ ਗਰੁੱਪ ਨੇ ਸਾਕਾ ਚਮਕੌਰ ਦੂਜੇ ਨੇ ਬਹਾਦਰ ਸਿੱਖ  ਔਰਤਾਂ, ਤੀਜੇ ਨੇ ਦਸਤਾਰ, ਚੌਥੇ ਨੇ ਗੁਰਬਾਣੀ ਦੇ ਸੰਦੇਸ਼ ਤੇ ਪੰਜਵੇ ਨੇ 1984 ਦੇ ਘੱਲੂਘਾਰੇ ਸੰਬੰਧੀ ਭਾਸ਼ਣ ਦਿੱਤੇ।

ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ ਸੰਸਥਾ ਵਲੋਂ 2004 ਤੋਂ ਹਰ ਸਾਲ ਮਾਰਚ ਜਾਂ ਅਪ੍ਰੈਲ ਦੇ ਮਹੀਨੇ ਵਿਚ ਇਹ ਮੁਕਾਬਲੇ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਕਰਵਾਏ ਜਾਂਦੇ ਹਨ, ਫਿਰ ਰਾਜ ਪੱਧਰੀ ਤੇ ਅੰਤ ਵਿਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਅਗਸਤ ਦੇ ਮਹੀਨੇ ਵਿਚ ਅੰਤਰ-ਰਾਸ਼ਰਟੀ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲੈਦੇ ਹਨ। ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਤੇ ਬੋਲਣ ਦਾ ਵੀ ਪਤਾ ਲੱਗਦਾ ਹੈ।

ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਬੱਚਿਆਂ ਨੇ ਇਸ ਸਮਾਗਮ ਵਿਚ ਭਾਗ ਲੈਂਦੇ ਹੋਏ ਆਪਣੇ ਵੱਲੋਂ ਵਧੀਆ ਤੋਂ ਵਧੀਆ ਭਾਸ਼ਣ ਤਿਆਰ ਕੀਤੇ ਅਤੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਪ੍ਰਤੀਯੋਗਤਾ ਵਿਚ ਭਾਗ ਲੈ ਰਹੇ ਹਨ। ਭਾਸ਼ਣ ਪ੍ਰਤੀਯੋਗਤਾ ਵਿਚ ਜੇਤੂਆਂ ਤੋਂ ਇਲਾਵਾ ਬਾਕੀ ਦੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸੰਸਥਾ ਵੱਲੋਂ ਟਰਾਫੀਆਂ ਤੇ ਸਰਟੀਫਿਕੇਟ ਦਿੱਤੇ ਗਏ।ਜੇਤੂਆਂ ਵਿਚੋਂ ਹਰੇਕ ਗਰੁੱਪ ਵਿਚ ਪਹਿਲੇ ਤੇ ਦੂਜੇ ਸਥਾਨ ਤੇ ਆਉਣ ਵਾਲੇ ਬੱਚੇ 18 ਮਈ ਨੂੰ ਪਿਟਸਬਰਗ ਦੇ ਗੁਰਦੂਆਰਾ ਸਾਹਿਬ ਵਿਖੇ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ।  


author

Vandana

Content Editor

Related News