ਸਿੱਖਸ ਆਫ ਅਮੈਰਿਕਾ ਦੇ ਅਹੁਦੇਦਾਰਾਂ ਨੇ ਨਵੀਂ ਪੰਜਾਬ ਸਰਕਾਰ ਦਾ ਸਹਿਯੋਗ ਕਰਨ ਦੀ ਆਖੀ ਗੱਲ
Thursday, Mar 17, 2022 - 01:14 PM (IST)
ਵਾਸ਼ਿੰਗਟਨ (ਰਾਜ ਗੋਗਨਾ): ਪੰਜਾਬੀਆਂ ਅਤੇ ਖਾਸ ਕਰ ਸਿੱਖ ਮੁੱਦਿਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਭਾਰਨ ਵਾਲੀ ਅਮਰੀਕਨ ਸੰਸਥਾ ਸਿੱਖਸ ਆਫ ਅਮੈਰਿਕਾ ਦੀ ਇਕ ਅਹਿਮ ਮੀਟਿੰਗ ਕੈਪੀਟਲ ਸਿਟੀ ਕੋਲੰਬੀਆ ਵਿੱਚ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਹੋਈ। ਇਸ ਮੌਕੇ ਹੋਰਾਂ ਤੋਂ ਇਲਾਵਾ ਗੁਰਵਿੰਦਰ ਸੇਠੀ, ਮਹਿੰਦਰ ਸੇਠੀ, ਸਰਬਜੀਤ ਸਿੰਘ ਬਖ਼ਸ਼ ,ਇੰਦਰਜੀਤ ਗੁਜਰਾਲ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਖਪਾਲ ਸਿੰਘ ਧਨੋਆ, ਵਰਿੰਦਰ ਸਿੰਘ ਡਾ. ਦਰਸ਼ਨ ਸਿੰਘ ਸਲੂਜਾ, ਮੀਤਾ ਸਲੂਜਾ, ਪ੍ਰਿਤਪਾਲ ਸਿੰਘ ਲੱਕੀ ਅਤੇ ਸੰਨੀ ਮੱਲੀ (ਸਾਰੇ ਡਾਇਰੈਕਟਰ )ਵੀ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਉਹ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਬਣੀ ਪੰਜਾਬ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ ਅਤੇ ਆਸ ਕਰਦੇ ਹਨ ਕਿ ਪੰਜਾਬ ਵਿੱਚ ਨਵੇਂ ਯੁੱਗ ਦਾ ਆਗਾਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ 'ਤੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਪੰਜਾਬੀਆਂ ਨੇ ਉਨ੍ਹਾਂ 'ਤੇ ਵੱਡਾ ਵਿਸ਼ਵਾਸ ਕੀਤਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਸ ਆਫ ਅਮੈਰਿਕਾ ਦੇ ਇੰਡੀਆ ਦੇ ਇੰਚਾਰਜ ਅਤੇ ਮੈਚਿੰਗ ਟੀ ਵੀ ਤੇ ਸੀ.ਈ. ਓ ਵਰਿੰਦਰ ਸਿੰਘ ਵੱਲੋਂ ਸਿੱਖਸ ਆਫ ਅਮੈਰਿਕਾ ਵੱਲੋਂ ਲੁਧਿਆਣਾ ਵਿਚ ਦਫਤਰ ਖੋਲ੍ਹਣ ਲਈ ਵੱਡਾ ਯੋਗਦਾਨ ਪਾਇਆ ਗਿਆ ਹੈ। ਇਸ ਦਫਤਰ ਵਿਚ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਵੀਜ਼ਾ ਅਰਜ਼ੀ ਭਰਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕ੍ਰੇਨ ਜੰਗ ਦਰਮਿਆਨ ਭਾਰਤ 'ਤੇ ਵਧਣ ਲੱਗਾ ਦਬਾਅ, ਅਮਰੀਕੀ ਸਾਂਸਦਾਂ ਨੇ ਕੀਤੀ ਇਹ ਅਪੀਲ
ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਸੋਨੀ ਨੇ ਦੱਸਿਆ ਕਿ ਅਮਰੀਕਾ ਦੇ ਆਜ਼ਾਦੀ ਦਿਹਾੜੇ ਦੀ ਚਾਰ ਜੁਲਾਈ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਵਾਲੀ ਸਾਲਾਨਾ ਪਰੇਡ ਵਿੱਚ ਸਿੱਖਸ ਆਫ ਅਮੈਰਿਕਾ ਨੂੰ ਸ਼ਾਮਲ ਹੋਣ ਦਾ ਪਰਮਿਟ ਮਿਲ ਗਿਆ ਹੈ, ਜਿਸ ਵਿੱਚ ਅਸੀਂ ਸਿੱਖੀ ਧਰਮ ਅਤੇ ਪੰਜਾਬੀਅਤ ਨੂੰ ਦਰਸਾਉਂਦਾ ਫਲੋਟ ਲੈ ਕੇ ਸ਼ਾਮਲ ਹੋਵਾਂਗੇ। ਉਨ੍ਹਾਂ ਕਿਹਾ ਕਿ ਇਸ ਪਰੇਡ ਨੂੰ ਮਿਲੀਅਨ ਤੋਂ ਵੱਧ ਲੋਕ ਵੱਖ ਵੱਖ ਮਾਧਿਅਮਾਂ ਰਾਹੀਂ ਵੇਖਦੇ ਹਨ। ਸੰਸਥਾ ਦੇ ਵਾਈਸ ਪ੍ਰਧਾਨ ਬਲਜਿੰਦਰ ਸ਼ਮੀ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਅਮਰੀਕਾ ਚ ਵਰਲਡ ਪੰਜਾਬੀ ਕਾਨਫਰੰਸ ਬੁਲਾਈ ਜਾਵੇਗੀ, ਜਿਸ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਚਿੰਤਨ ਕੀਤਾ ਜਾਵੇਗਾ ਅਤੇ ਸਿੱਖ ਪੰਜਾਬੀ ਬੁੱਧੀਜੀਵੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਅਮੈਰੀਕਨ ਇੰਟਰਨੈਸ਼ਨਲ ਅਫੇਅਰ ਸੰਸਥਾ ਦੇ ਨੁਮਾਇੰਦੇ ਵੀ ਪ੍ਰਧਾਨ ਰਤਨ ਸਿੰਘ ਦੀ ਅਗਵਾਈ ਚ ਸ਼ਾਮਲ ਹੋਏ। ਰਤਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿੱਖਸ ਆਫ ਅਮੈਰਿਕਾ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਤਿਆਰ ਹਨ ਅਤੇ ਆਉਣ ਵਾਲੇ ਹਰ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਉਨ੍ਹਾਂ ਦੇ ਨਾਲ ਮੈਰੀਅਟ ਇੰਟਰਨੈਸ਼ਨਲ ਅਫੇਅਰ ਸੰਸਥਾ ਤੇ ਜਰਨੈਲ ਸਿੰਘ ਸਿਕਸ ਐਸੋਸੀਏਸ਼ਨ ਬਾਲਟੀਮੋਰ ਦੇ ਪ੍ਰਧਾਨ ਅਤੇ ਸੁਖਵਿੰਦਰ ਸਿੰਘ ਘੋਗਾ ਸਾਬਕਾ ਚੇਅਰਮੈਨ ਸਿੱਖ ਐਸੋਸੀਏਸ਼ਨ ਬਾਲਟੀਮੋਰ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ।