ਸ਼ਾਂਤੀ ਵਿਚਾਲੇ UAE ਦੇ ਨਿਊਕਲੀਅਰ ਪਾਵਰ ਪਲਾਂਟ ''ਤੇ ਹੋ ਗਿਆ ਹਮਲਾ ! ਲੱਗੀ ਭਿਆਨਕ ਅੱਗ
Sunday, May 17, 2026 - 04:41 PM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਚੱਲ ਰਹੇ ਭਾਰੀ ਤਣਾਅ ਦੇ ਵਿਚਕਾਰ ਐਤਵਾਰ ਨੂੰ ਇੱਕ ਬਹੁਤ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸੰਯੁਕਤ ਅਰਬ ਅਮੀਰਾਤ (UAE) ਦੀ ਰਾਜਧਾਨੀ ਅਬੂ ਧਾਬੀ 'ਚ ਸਥਿਤ ਦੇਸ਼ ਦੇ ਇਕਲੌਤੇ 'ਬਰਾਕਾਹ ਨਿਊਕਲੀਅਰ ਪਾਵਰ ਪਲਾਂਟ' ਦੇ ਬਾਹਰ ਇੱਕ ਡਰੋਨ ਹਮਲਾ ਹੋਇਆ ਹੈ। ਇਸ ਹਮਲੇ ਕਾਰਨ ਪਲਾਂਟ ਦੇ ਬਾਹਰਲੇ ਹਿੱਸੇ ਵਿੱਚ ਭਿਆਨਕ ਅੱਗ ਲੱਗ ਗਈ।
ਅਬੂ ਧਾਬੀ ਮੀਡੀਆ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ, ਇਹ ਡਰੋਨ ਹਮਲਾ ਅਲ ਧਾਫਰਾ ਇਲਾਕੇ ਵਿੱਚ ਸਥਿਤ ਪਰਮਾਣੂ ਪਲਾਂਟ ਦੀ ਬਾਹਰੀ ਸੀਮਾ ਦੇ ਕੋਲ ਹੋਇਆ। ਇਸ ਹਮਲੇ ਕਾਰਨ ਉੱਥੇ ਬਾਹਰ ਰੱਖੇ ਇੱਕ ਇਲੈਕਟ੍ਰੀਕਲ ਜਨਰੇਟਰ ਵਿੱਚ ਅੱਗ ਲੱਗ ਗਈ।
ਹਾਲਾਂਕਿ ਅਧਿਕਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਅੱਗ 'ਤੇ ਕਾਬੂ ਪਾਇਆ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ। ਯੂ.ਏ.ਈ. ਦੇ ਨਿਊਕਲੀਅਰ ਰੈਗੂਲੇਟਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਇਸ ਹਮਲੇ ਦਾ ਪਲਾਂਟ ਦੀ ਮੁੱਖ ਸੁਰੱਖਿਆ 'ਤੇ ਕੋਈ ਅਸਰ ਨਹੀਂ ਪਿਆ ਹੈ। ਪਲਾਂਟ ਦੇ ਰੇਡੀਓਲੌਜੀਕਲ ਸੁਰੱਖਿਆ ਲੈਵਲ ਪੂਰੀ ਤਰ੍ਹਾਂ ਆਮ ਹਨ ਅਤੇ ਪਲਾਂਟ ਦੀਆਂ ਸਾਰੀਆਂ ਯੂਨਿਟਾਂ ਬਿਨਾਂ ਕਿਸੇ ਰੁਕਾਵਟ ਦੇ ਆਮ ਵਾਂਗ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਮੁੜ ਲੱਗ ਸਕਦੈ Lockdown ! WHO ਨੇ ਐਲਾਨੀ Global Emergency
ਇਸ ਡਰੋਨ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਵੀ ਸੰਗਠਨ ਜਾਂ ਦੇਸ਼ ਨੇ ਨਹੀਂ ਲਈ ਹੈ। ਯੂ.ਏ.ਈ. ਸਰਕਾਰ ਨੇ ਵੀ ਆਪਣੇ ਅਧਿਕਾਰਤ ਬਿਆਨ ਵਿੱਚ ਕਿਸੇ ਦੇਸ਼ ਜਾਂ ਧਿਰ 'ਤੇ ਸਿੱਧਾ ਦੋਸ਼ ਨਹੀਂ ਲਗਾਇਆ ਹੈ। ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਸੰਸਥਾ 'ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ' (IAEA) ਵੱਲੋਂ ਵੀ ਅਜੇ ਤੱਕ ਇਸ 'ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਜ਼ਿਕਰਯੋਗ ਹੈ ਕਿ ਮਿਡਲ ਈਸਟ 'ਚ ਚੱਲ ਰਹੀ ਇਰਾਨ ਜੰਗ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ ਚਾਰ ਰਿਐਕਟਰਾਂ ਵਾਲੇ ਇਸ 'ਬਰਾਕਾਹ ਨਿਊਕਲੀਅਰ ਪਾਵਰ ਪਲਾਂਟ' ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਪਲਾਂਟ ਸਾਊਦੀ ਅਰਬ ਦੀ ਸਰਹੱਦ ਦੇ ਨੇੜੇ ਅਬੂ ਧਾਬੀ ਦੇ ਪੱਛਮੀ ਰੇਗਿਸਤਾਨੀ ਇਲਾਕੇ ਵਿੱਚ ਸਥਿਤ ਹੈ।
ਭਾਰਤ ਦੇ ਲਿਹਾਜ਼ ਨਾਲ ਇਹ ਖ਼ਬਰ ਇਸ ਲਈ ਵੀ ਅਹਿਮ ਹੈ ਕਿਉਂਕਿ ਇੱਕ ਦਿਨ ਪਹਿਲਾਂ ਹੀ ਭਾਰਤ ਨੇ ਇਸੇ ਯੂ.ਏ.ਈ. ਦੀ ਤੇਲ ਕੰਪਨੀ ADNOC ਨਾਲ 30 ਮਿਲੀਅਨ ਬੈਰਲ ਕੱਚਾ ਤੇਲ ਭਾਰਤ ਵਿੱਚ ਰਿਜ਼ਰਵ ਰੱਖਣ ਦਾ ਵੱਡਾ ਸਮਝੌਤਾ ਕੀਤਾ ਸੀ। ਪੱਛਮੀ ਏਸ਼ੀਆ ਵਿੱਚ 'ਸਟ੍ਰੇਟ ਆਫ਼ ਹੋਰਮੁਜ਼' ਦੇ ਸਮੁੰਦਰੀ ਰਸਤੇ ਦੇ ਟਕਰਾਅ ਕਾਰਨ ਪਹਿਲਾਂ ਹੀ ਗਲੋਬਲ ਊਰਜਾ ਸੰਕਟ ਬਣਿਆ ਹੋਇਆ ਹੈ ਅਤੇ ਅਜਿਹੇ ਵਿੱਚ ਪਰਮਾਣੂ ਪਲਾਂਟ ਦੇ ਨੇੜੇ ਹੋਇਆ ਇਹ ਹਮਲਾ ਸੁਰੱਖਿਆ ਦੇ ਲਿਹਾਜ਼ ਨਾਲ ਵੱਡੀ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ- 'ਕੂਲਰ' ਨੇ ਨਿਗਲ਼ੀਆਂ ਪਰਿਵਾਰ ਦੀਆਂ ਖੁਸ਼ੀਆਂ ! ਰਾਤੀਂ ਪੁੱਤ ਨੇ ਲਿਆ ਜਨਮ, ਸਵੇਰੇ ਪਿਓ ਨੂੰ ਲੈ ਗਿਆ 'ਕਾਲ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
