ਹੋਰਮੁਜ਼ 'ਤੇ ਗ਼ਾਲੀਬਾਫ਼ ਦਾ ਵੱਡਾ ਬਿਆਨ, US-ਈਰਾਨ ਵਿਚਾਲੇ ਹੌਟਲਾਈਨ ਸਥਾਪਿਤ ਕਰਨ 'ਤੇ ਬਣੀ ਸਹਿਮਤੀ
Tuesday, Jun 23, 2026 - 09:46 AM (IST)
ਤੇਹਰਾਨ (ਏਐਨਆਈ): ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਇਕ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆਈ ਹੈ। ਈਰਾਨ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਕੂਟਨੀਤਕ ਗੱਲਬਾਤ ਦੌਰਾਨ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਤਹਿਤ ਹੋਰਮੁਜ਼ ਸਟ੍ਰੇਟ ਦੇ ਪ੍ਰਬੰਧਨ ਅਤੇ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਨੂੰ ਦੂਰ ਕਰਨ ਲਈ ਇੱਕ 'ਟੈਲੀਫੋਨ ਹੌਟਲਾਈਨ' ਸਥਾਪਤ ਕੀਤੀ ਜਾਵੇਗੀ। ਇਸ ਸਮਝੌਤੇ ਮੁਤਾਬਕ ਹੋਰਮੁਜ਼ ਦਾ ਮੁੱਖ ਪ੍ਰਬੰਧਨ ਈਰਾਨ ਕੋਲ ਹੀ ਰਹੇਗਾ, ਪਰ ਅਮਰੀਕਾ ਜਾਂ ਹੋਰ ਕੋਈ ਵੀ ਦੇਸ਼ ਜਹਾਜ਼ਾਂ ਦੇ ਲੰਘਣ ਵਿੱਚ ਆਉਣ ਵਾਲੀ ਸਮੱਸਿਆ ਜਾਂ ਇਤਰਾਜ਼ ਦੀ ਸੂਰਤ ਵਿੱਚ ਇਸ ਹੌਟਲਾਈਨ ਰਾਹੀਂ ਸਿੱਧਾ ਸੰਪਰਕ ਕਰ ਸਕੇਗਾ।
ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗ਼ਾਲੀਬਾਫ਼ ਨੇ ਸਪੱਸ਼ਟ ਸ਼ਬਦਾਂ ਵਿੱਚ ਐਲਾਨ ਕੀਤਾ ਹੈ ਕਿ ਹੋਰਮੁਜ਼ ਸਟ੍ਰੇਟ ਹੁਣ ਜੰਗ ਤੋਂ ਪਹਿਲਾਂ ਵਾਲੀ ਆਪਣੀ ਸਥਿਤੀ ਵਿੱਚ ਕਦੇ ਵਾਪਸ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਈਰਾਨ ਹੁਣ ਇਸ ਰਣਨੀਤਕ ਸਮੁੰਦਰੀ ਰਸਤੇ ਦਾ ਪ੍ਰਬੰਧ ਆਪਣੇ ਨਿਯਮਾਂ ਅਨੁਸਾਰ ਕਰੇਗਾ। ਹਾਲਾਂਕਿ ਇਸ ਦੌਰਾਨ ਅੰਤਰਰਾਸ਼ਟਰੀ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਈਰਾਨ ਨੇ ਕਦੇ ਵੀ ਅਮਰੀਕਾ 'ਤੇ ਭਰੋਸਾ ਨਹੀਂ ਕੀਤਾ, ਪਰ ਇਹ ਹੌਟਲਾਈਨ ਅੰਤਰਰਾਸ਼ਟਰੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉੱਚ ਸੁਰੱਖਿਆ ਅਤੇ ਜਹਾਜ਼ਾਂ ਦੇ ਸੁਰੱਖਿਅਤ ਲੰਘਣ ਨੂੰ ਯਕੀਨੀ ਬਣਾਉਣ ਲਈ ਸਥਾਪਤ ਕੀਤੀ ਜਾ ਰਹੀ ਹੈ। ਗਾਲਿਬਾਫ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਲੇਬਨਾਨ ਜਾਂ ਖੇਤਰ ਦੇ ਕਿਸੇ ਹੋਰ ਹਿੱਸੇ ਵਿੱਚ ਤਣਾਅ ਵਧਦਾ ਹੈ, ਤਾਂ ਇਸ ਦਾ ਸਿੱਧਾ ਅਸਰ ਹੋਰਮੁਜ਼ ਦੀ ਆਵਾਜਾਈ 'ਤੇ ਵੀ ਪੈ ਸਕਦਾ ਹੈ।
ਗ਼ਾਲੀਬਾਫ਼ ਨੇ ਕਿਹਾ ਕਿ ਜੇਕਰ ਉਹ ਸਵਿਟਜ਼ਰਲੈਂਡ ਵਿੱਚ ਗੱਲਬਾਤ ਲਈ ਨਾ ਜਾਂਦੇ, ਤਾਂ ਲੇਬਨਾਨ ਵਿੱਚ ਮੁਸਲਮਾਨਾਂ ਦਾ ਹੋਰ ਭਾਰੀ ਖੂਨ-ਖ਼ਰਾਬਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਗੱਲਬਾਤ ਖੇਤਰੀ ਤਣਾਅ ਨੂੰ ਘੱਟ ਕਰਨ ਵਿੱਚ ਸਹਾਈ ਹੋਈ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਈਰਾਨ ਅਜੇ ਵੀ ਅਮਰੀਕਾ 'ਤੇ ਰਤੀ ਭਰ ਵੀ ਭਰੋਸਾ ਨਹੀਂ ਕਰਦਾ ਅਤੇ ਭਵਿੱਖ ਵਿੱਚ ਵੀ ਸਾਵਧਾਨ ਰਹੇਗਾ। ਇਸ ਸਮਝੌਤੇ ਦੇ ਸਕਾਰਾਤਮਕ ਨਤੀਜੇ ਵਜੋਂ ਈਰਾਨ ਦੇ ਫ੍ਰੀਜ਼ ਕੀਤੇ ਗਏ ਫੰਡਾਂ ਨੂੰ ਰਿਹਾਅ ਕਰਨ ਅਤੇ ਤੇਲ ਨਿਰਯਾਤ 'ਤੇ ਲੱਗੀਆਂ ਪਾਬੰਦੀਆਂ ਨੂੰ ਨਰਮ ਕਰਨ 'ਤੇ ਸਹਿਮਤੀ ਬਣੀ ਹੈ। ਦੋਵਾਂ ਦੇਸ਼ਾਂ ਨੇ ਜੰਗ ਖ਼ਤਮ ਕਰਨ ਲਈ ਇੱਕ ਹਾਈ-ਲੈਵਲ ਕਮੇਟੀ ਬਣਾਈ ਹੈ ਅਤੇ ਅਗਲੇ 60 ਦਿਨਾਂ ਅੰਦਰ ਅੰਤਿਮ ਸਮਝੌਤੇ ਲਈ ਇੱਕ ਰੋਡਮੈਪ ਤਿਆਰ ਕੀਤਾ ਗਿਆ ਹੈ।
ਈਰਾਨੀ ਸਪੀਕਰ ਨੇ ਦੇਸ਼ ਵਾਸੀਆਂ ਨੂੰ ਸੁਪਰੀਮ ਲੀਡਰ ਆਇਤੁੱਲਾ ਸੱਯਦ ਮੁਜਤਬਾ ਖਮੇਨੀ ਦੀ ਅਗਵਾਈ ਹੇਠ ਇਕਜੁੱਟ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਅੰਤਿਮ ਅਥਾਰਟੀ ਸੁਪਰੀਮ ਲੀਡਰ ਹੀ ਹਨ ਅਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ ਸਭ ਲਈ ਆਖਰੀ ਹਨ। ਊਰਾਨ ਦੇ ਇਸ ਫੈਸਲੇ ਤੋਂ ਬਾਅਦ ਹੁਣ ਵਿਸ਼ਵ ਪੱਧਰ 'ਤੇ ਸਮੁੰਦਰੀ ਵਪਾਰ ਅਤੇ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
