ਈਰਾਨ ਡੀਲ ਦੀ ਆਲੋਚਨਾ ਕਰਨ ''ਤੇ ਇਜ਼ਰਾਈਲ ''ਤੇ ਭੜਕੇ ਜੇ.ਡੀ. ਵੈਂਸ

Friday, Jun 19, 2026 - 11:40 AM (IST)

ਈਰਾਨ ਡੀਲ ਦੀ ਆਲੋਚਨਾ ਕਰਨ ''ਤੇ ਇਜ਼ਰਾਈਲ ''ਤੇ ਭੜਕੇ ਜੇ.ਡੀ. ਵੈਂਸ

ਇੰਟਰਨੈਸ਼ਨਲ ਡੈਸਕ: ਈਰਾਨ ਨਾਲ ਹੋਏ ਹਾਲੀਆ ਸ਼ਾਂਤੀ ਸਮਝੌਤੇ ਨੂੰ ਲੈ ਕੇ ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਪੈਦਾ ਹੋਈ ਦਰਾਰ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇਸ ਸਮਝੌਤੇ ਦੀ ਆਲੋਚਨਾ ਕਰਨ ਵਾਲੇ ਇਜ਼ਰਾਈਲੀ ਸਰਕਾਰ ਦੇ ਮੰਤਰੀਆਂ 'ਤੇ ਤਿੱਖਾ ਹਮਲਾ ਬੋਲਿਆ ਹੈ। ਵੈਂਸ ਨੇ ਇਜ਼ਰਾਈਲੀ ਨੇਤਾਵਾਂ ਨੂੰ ਸਖ਼ਤ ਲਹਿਜੇ ਵਿੱਚ 'ਹਕੀਕਤ ਸਮਝਣ' ਦੀ ਨਸੀਹਤ ਦਿੱਤੀ ਹੈ।

ਵੈਂਸ ਨੇ ਇਜ਼ਰਾਈਲੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਇਜ਼ਰਾਈਲ ਇਸ ਸਮੇਂ ਬੁਰੀ ਤਰ੍ਹਾਂ ਅਲੱਗ-ਥਲੱਗ  ਪੈ ਗਿਆ ਹੈ ਅਤੇ ਉਸ ਦੇ ਨੇਤਾ ਅਮਰੀਕੀ ਕੂਟਨੀਤਕ ਅਤੇ ਫੌਜੀ ਸਮਰਥਨ ਦੀ ਅਹਿਮੀਅਤ ਨੂੰ ਸਮਝਣ ਵਿੱਚ ਨਾਕਾਮ ਰਹੇ ਹਨ। ਵ੍ਹਾਈਟ ਹਾਊਸ ਵਿੱਚ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਹੀ ਦੁਨੀਆ ਦੇ ਇਕਲੌਤੇ ਅਜਿਹੇ ਰਾਸ਼ਟਰਪਤੀ ਹਨ ਜੋ ਇਸ ਸਮੇਂ ਇਜ਼ਰਾਈਲ ਪ੍ਰਤੀ ਹਮਦਰਦੀ ਰੱਖਦੇ ਹਨ।ਵੈਂਸ ਨੇ ਕਿਹਾ, "ਇਜ਼ਰਾਈਲ ਵਿੱਚ ਜੋ ਕੋਈ ਵੀ ਇਹ ਸੋਚਦਾ ਹੈ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਸਮੱਸਿਆ ਅਮਰੀਕਾ ਦੇ ਰਾਸ਼ਟਰਪਤੀ ਹਨ ਤਾਂ ਉਨ੍ਹਾਂ ਨੂੰ ਜਾਗਣ ਦੀ ਲੋੜ ਹੈ"। ਉਨ੍ਹਾਂ ਨੇ ਇਜ਼ਰਾਈਲੀ ਕੈਬਨਿਟ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਕਲੌਤੇ ਸ਼ਕਤੀਸ਼ਾਲੀ ਸਹਿਯੋਗੀ (ਅਮਰੀਕਾ) 'ਤੇ ਹਮਲਾ ਨਹੀਂ ਕਰਨਾ ਚਾਹੀਦਾ। 

ਪੜ੍ਹੋ ਇਹ ਅਹਿਮ ਖ਼ਬਰ-  ਅਮਰੀਕਾ ਤੋਂ ਦੁੱਖਦਾਇਕ ਖ਼ਬਰ ,  2 ਹੋਣਹਾਰ ਭਾਰਤੀ ਵਿਦਿਆਰਥਣਾਂ ਦੀ ਡੁੱਬਣ ਕਾਰਨ ਮੌਤ

ਜ਼ਿਕਰਯੋਗ ਹੈ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਕੈਬਨਿਟ ਦੇ ਕਈ ਮੈਂਬਰ ਇਸ ਸਮਝੌਤੇ ਦਾ ਵਿਰੋਧ ਕਰ ਰਹੇ ਹਨ। ਇਜ਼ਰਾਈਲ ਦਾ ਤਰਕ ਹੈ ਕਿ ਇਹ ਸਮਝੌਤਾ ਤੇਹਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਬੈਲਿਸਟਿਕ ਮਿਜ਼ਾਈਲ ਸਮਰੱਥਾ 'ਤੇ ਰੋਕ ਲਗਾਉਣ ਵਿੱਚ ਨਾਕਾਮ ਰਿਹਾ ਹੈ। ਇਸ ਤੋਂ ਇਲਾਵਾ ਇਜ਼ਰਾਈਲ ਨੂੰ ਡਰ ਹੈ ਕਿ ਇਸ ਨਾਲ ਲੇਬਨਾਨ ਵਿੱਚ ਹਿਜ਼ਬੁੱਲ੍ਹਾ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਉਸ ਦੀ ਆਜ਼ਾਦੀ ਸੀਮਤ ਹੋ ਜਾਵੇਗੀ। ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਇਤਮਾਰ ਬੇਨ-ਗਵਿਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਇਜ਼ਰਾਈਲ ਟਰੰਪ ਦੇ ਸਮਝੌਤੇ ਨਾਲ ਬੱਝਿਆ ਹੋਇਆ ਨਹੀਂ ਹੈ। ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ 28 ਫਰਵਰੀ ਨੂੰ ਈਰਾਨ ਵਿਰੁੱਧ ਸਾਂਝੀ ਜੰਗ ਸ਼ੁਰੂ ਕੀਤੀ ਸੀ, ਜੋ 39 ਦਿਨਾਂ ਤੱਕ ਚੱਲੀ। ਇਸ ਮੁਹਿੰਮ ਦੌਰਾਨ ਦੋਵਾਂ ਦੇਸ਼ਾਂ ਵਿੱਚ ਗੂੜ੍ਹਾ ਤਾਲਮੇਲ ਸੀ, ਪਰ 8 ਅਪ੍ਰੈਲ ਨੂੰ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਸਥਿਤੀ ਬਦਲ ਗਈ। ਜਿੱਥੇ ਨੇਤਨਯਾਹੂ ਜੰਗ ਜਾਰੀ ਰੱਖਣਾ ਚਾਹੁੰਦੇ ਸਨ, ਉੱਥੇ ਹੀ ਟਰੰਪ ਨੇ ਜੰਗ ਖ਼ਤਮ ਕਰਨ ਵੱਲ ਕਦਮ ਵਧਾਏ, ਜਿਸ ਕਾਰਨ ਹੁਣ ਦੋਵਾਂ ਸਹਿਯੋਗੀਆਂ ਵਿਚਾਲੇ ਤਣਾਅ ਆਪਣੇ ਸਿਖਰ 'ਤੇ ਪਹੁੰਚ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News