ਹੁਣ ਚੀਨ ਨੇ ਪਾਕਿਸਤਾਨ ਦੇ ਗਧਿਆਂ ਅਤੇ ਕੁੱਤਿਆਂ 'ਚ ਦਿਖਾਈ ਦਿਲਚਸਪੀ, ਜਾਣੋ ਵਜ੍ਹਾ
Wednesday, Oct 05, 2022 - 10:55 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ) ਪਾਕਿਸਤਾਨ ਦਾ ਸਦਾਬਹਾਰ ਦੋਸਤ ਚੀਨ ਮਦਦ ਦੇ ਨਾਮ 'ਤੇ ਉਸ ਦੇ ਜਾਨਵਰਾਂ 'ਤੇ ਬੁਰੀ ਨਜ਼ਰ ਬਣਾਏ ਹੋਏ ਹੈ। ਉਸ ਨੇ ਪਾਕਿਸਤਾਨੀ ਗਧਿਆਂ ਅਤੇ ਕੁੱਤਿਆਂ ਵਿਚ ਦਿਲਚਸਪੀ ਦਿਖਾਈ ਹੈ। ਚੀਨ ਇਹਨਾਂ ਨੂੰ ਜਲਦੀ ਹੀ ਆਯਾਤ ਕਰਨਾ ਚਾਹੁੰਦਾ ਹੈ। ਪਾਕਿਸਤਾਨ ਦੇ ਵਪਾਰਕ ਮੰਤਰਾਲੇ ਅਤੇ ਸੈਨੇਟ ਦੀ ਸਥਾਈ ਕਮੇਟੀ ਦੇ ਅਧਿਕਾਰੀਆਂ ਦੇ ਵਿਚਕਾਰ ਆਯਾਤ ਅਤੇ ਨਿਰਯਾਤ 'ਤੇ ਆਯੋਜਿਤ ਸੰਸਦੀ ਬ੍ਰੀਫਿੰਗ ਵਿਚ ਇਸ ਨਿਰਯਾਤ 'ਤੇ ਗੱਲ ਕੀਤੀ ਗਈ। ਅਧਿਕਾਰੀਆਂ ਨੇ ਕਮੇਟੀ ਨੂੰ ਇਹ ਵੀ ਕਿਹਾ ਕਿ ਦੇਸ਼ ਨਕਦੀ ਦੀ ਕਮੀ ਨਾਲ ਜੂਝ ਰਿਹਾ ਹੈ ਅਤੇ ਇਕ ਵੱਡੇ ਆਰਥਿਕ ਸੰਕਟ ਤੋਂ ਉਭਰਨ ਦੀ ਕੋਸ਼ਿਸ਼ ਜਾਰੀ ਹੈ।
ਸੰਸਦ ਮੈਂਬਰ ਅਬਦੁੱਲ ਕਾਦਿਰ ਅਤੇ ਦਿਨੇਸ਼ ਕੁਮਾਰ ਨੇ ਕਿਹਾ ਕਿ ਚੀਨ ਗਧਿਆਂ ਅਤੇ ਕੁੱਤਿਆਂ ਦਾ ਪ੍ਰਮੁੱਖ ਨਿਰਯਾਤਕ ਹੈ। ਉਹ ਪਾਕਿਸਤਾਨ ਤੋਂ ਆਯਾਤ ਕਰਨਾ ਚਾਹੁੰਦਾ ਹੈ। ਸੈਨੇਟਰ ਕਾਦਿਰ ਨੇ ਕਿਹਾ ਕਿ ਚੀਨੀ ਰਾਜਦੂਤ ਨੇ ਇਹ ਵੀ ਕਿਹਾ ਕਿ ਚੀਨ ਵਿਚ ਮੰਗ ਦੇ ਮੁਤਾਬਕ ਉਤਪਾਦਨ ਨਹੀਂ ਹੋ ਪਾ ਰਿਹਾ। ਇਸ ਲਈ ਸੰਸਦ ਮੈਂਬਰਾਂ ਨੇ ਇਹ ਸੁਝਾਅ ਵੀ ਦਿੱਤਾ ਕਿ ਅਫਗਾਨਿਸਤਾਨ ਵਿਚ ਕੁੱਤੇ ਅਤੇ ਗਧੇ ਪਾਕਿਸਤਾਨ ਤੋਂ ਸਸਤੇ ਹਨ ਇਸ ਲਈ ਪਾਕਿਸਤਾਨ ਉੱਥੋਂ ਆਯਾਤ ਕਰ ਕੇ ਚੀਨ ਵਿਚ ਨਿਰਯਾਤ ਕਰ ਸਕਦਾ ਹੈ। ਫਿਲਹਾਲ ਅਫਗਾਨਿਸਤਾਨ ਵਿਚ ਜਾਨਵਰਾ ਨੂੰ ਹੋ ਰਹੇ ਲੰਪੀ ਵਾਇਰਸ ਕਾਰਨ ਆਯਾਤ 'ਤੇ ਕੁਝ ਸਮੇਂ ਲਈ ਪਾਬੰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! 2 ਕਰੋੜ ਰੁਪਏ 'ਚ ਵਿਕੀ ਇਕ ਭੇਡ, ਬਣਿਆ ਵਰਲਡ ਰਿਕਾਰਡ
ਮਾਹਰਾਂ ਦਾ ਕਹਿਣਾ ਹੈ ਕਿ ਚੀਨ ਦੀ ਗਧਿਆਂ ਵਿਚ ਦਿਲਚਸਪੀ ਦਾ ਕਾਰਨ ਉੱਥੋਂ ਦੀਆਂ ਰਵਾਇਤੀ ਚੀਨੀ ਦਵਾਈਆਂ ਵਿਚ ਗਧੇ ਦੀ ਖੱਲ ਦੀ ਵਰਤੋਂ ਹੋਣਾ ਹੈ। ਬਹਾਦੁਰਨਗਰ ਫਰਮ ਦੇ ਪ੍ਰਬੰਧਕ ਡਾਕਟਰ ਮੰਸੂਰ ਮੁਬੀਨ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਤੇਜ਼ੀ ਨਾਲ ਬਦਲ ਰਹੇ ਆਰਥਿਕ ਰੁਝਾਨ ਪੇਂਡੂ ਇਲਾਕਿਆਂ ਵਿਚ ਤੇਜ਼ ਬਦਲਾਅ ਲਿਆ ਰਹੇ ਹਨ। ਉਹਨਾਂ ਨੇ ਆਸ ਜਤਾਈ ਕਿ ਇਸ ਯੋਜਨਾ ਨਾਲ ਸਥਾਨਕ ਵਸਨੀਕਾਂ ਨੂੰ ਰੋਜ਼ੀ-ਰੋਟੀ ਦਾ ਸਾਧਨ ਮਿਲੇਗਾ। ਮੰਸੂਰ ਦਾ ਕਹਿਣਾ ਹੈ ਕਿ ਪਾਕਿਸਤਾਨੀ ਸਰਕਾਰ ਜੇਕਰ ਚੀਨ ਦੀ ਬੇਨਤੀ ਮੰਨ ਲੈਂਦੀ ਹੈ ਤਾਂ ਗਧਿਆਂ ਦੀ ਚੰਗੀ ਨਸਲ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਇੱਥੇ ਗਧਿਆਂ ਦੀਆਂ 3 ਪ੍ਰਮੁੱਖ ਨਸਲਾਂ ਹਨ ਜਿਹਨਾਂ ਵਿਚ ਅਮਰੀਕੀ, ਲੱਸੀ, ਅਤੇ ਗਧਿਆਂ ਦੀ ਦੇਸੀ ਨਸਲ ਸ਼ਾਮਲ ਹੈ।
ਮੰਸੂਰ ਦੱਸਦੇ ਹਨ ਕਿ ਗਧਿਆਂ ਦਾ ਨਾ ਸਿਰਫ ਮਾਸ, ਸਗੋਂ ਚਮੜੀ ਅਤੇ ਦੁੱਧ ਦੀ ਵਰਤੋਂ ਕਾਸਮੇਟਿਕ ਕੰਪਨੀ ਵਿਚ ਹੁੰਦੀ ਹੈ। ਚੀਨ ਕਾਸਮੇਟਿਕ ਉਤਪਾਦਨ ਵਿਚ ਦੁਨੀਆ ਵਿਚ ਮੋਹਰੀ ਦੇਸ਼ ਹੈ। ਇੱਧਰ ਕੁਝ ਸਥਾਨਕ ਲੋਕਗਧਿਆਂ ਦੇ ਨਿਰਯਾਤ ਦਾ ਵਿਰੋਧ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਗਧੇ ਦਾ ਮਾਸ ਪੰਜਾਬ ਅਤੇ ਸਿੰਧ ਸੂਬਿਆਂ ਦੇ ਕੁਝ ਰੈਸਟੋਰੈਂਟਾਂ ਵਿਚ ਸਰਵ ਕੀਤਾ ਜਾ ਰਿਹਾ ਸੀ। ਸਿੰਧ ਦੇ ਕੋਰੰਗੀ ਵਿਚ ਗਧਿਆਂ-ਕੁੱਤਿਆਂ ਦੀਆਂ 800 ਖੱਲਾਂ ਬਰਾਮਦ ਕੀਤੀਆਂ ਗਈਆਂ। ਦੋ ਸ਼ੱਕੀਆਂ ਨੇ ਪੁੱਛਗਿੱਛ ਵਿਚ ਕਬੂਲ ਕੀਤਾ ਕਿ ਉਹਨਾਂ ਨੇ ਕਰਾਚੀ ਦੇ ਕੁਝ ਰੈਸਟੋਰੈਂਟਾਂ ਵਿਚ ਗਧੇ ਦੇ ਮਾਸ ਦੀ ਸਪਲਾਈ ਕੀਤੀ ਸੀ।
ਪਾਕਿਸਤਾਨ ਵਿਚ 57 ਲੱਖ ਜਾਨਵਰ
ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ 57 ਲੱਖ ਜਾਨਵਰ ਹਨ। ਪਹਿਲਾਂ ਵੀ ਚੀਨ ਵਿਚ ਇਹਨਾਂ ਦਾ ਨਿਰਯਾਤ ਹੋਇਆ ਹੈ। ਚੀਨ ਅਤੇ ਹੋਰ ਦੇਸ਼ਾਂ ਵਿਚ ਨਿਰਯਾਤ ਵਧਾਉਣ ਲਈ ਅਮਰੀਕੀ ਨਸਲਾਂ ਸਮੇਤ ਕਈ ਕਿਸਮ ਦੇ ਗਧਿਆਂ ਲਈ ਫਾਰਮ ਹਨ। ਬੀਤੇ ਸਾਲ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 3000 ਏਕੜ ਖੇਤਰ ਵਿਚ ਗਧਾ ਫਾਰਮ ਸਥਾਪਿਤ ਕੀਤਾ ਗਿਆ ਸੀ। ਪਾਬੰਦੀ ਤੋਂ ਪਹਿਲਾਂ ਚੀਨ ਇਹਨਾਂ ਨੂੰ ਨਾਈਜ਼ਰ ਅਤੇ ਬੁਰਕੀਨਾ ਫਾਸੋ ਤੋਂ ਆਯਾਤ ਕਰਦਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।