ਉੱਤਰ ਕੋਰੀਆ ਨੇ ਮੁੜ ਕੀਤਾ ਨਵੀਂ ਤਰ੍ਹਾਂ ਦੇ ਹਥਿਆਰ ਦਾ ਪ੍ਰੀਖਣ
Thursday, Apr 18, 2019 - 09:15 PM (IST)

ਸਿਓਲ— ਉੱਤਰ ਕੋਰੀਆ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਨਵੀਂ ਤਰ੍ਹਾਂ ਦੇ ਹਥਿਆਰ (ਟੈਕਟੀਕਲ ਗਾਈਡਡ ਵੈਪਨ) ਦਾ ਪ੍ਰੀਖਣ ਕੀਤਾ ਹੈ। ਪਿਛਲੇ ਕਰੀਬ 6 ਮਹੀਨਿਆਂ 'ਚ ਇਹ ਪਹਿਲਾ ਅਜਿਹਾ ਪ੍ਰੀਖਣ ਹੈ। ਇਸ ਦੇ ਨਾਲ ਹੀ ਉੱਤਰ ਕੋਰੀਆ ਨੇ ਅਮਰੀਕਾ ਦੇ ਨਾਲ ਰੁਕੀ ਹੋਈ ਪ੍ਰਮਾਣੂ ਗੱਲਬਾਤ ਨਾਲ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਹਟਾਉਣ ਦੀ ਮੰਗ ਕੀਤੀ।
ਅਜਿਹਾ ਲੱਗ ਰਿਹਾ ਹੈ ਕਿ ਇਹ ਪ੍ਰੀਖਣ ਮੱਧਮ ਤੇ ਲੰਬੀ ਦੂਰੀ ਦੀਆਂ ਮਿਜ਼ਾਇਲਾਂ ਦਾ ਨਹੀਂ ਹੈ, ਜਿਸ ਨਾਲ ਗੱਲਬਾਤ ਪ੍ਰਭਾਵਿਤ ਹੋਵੇ। ਇਸ ਪ੍ਰੀਖਣ ਨਾਲ ਉੱਤਰ ਕੋਰੀਆ ਆਪਣੇ ਲੋਕਾਂ ਨੂੰ ਦੱਸ ਸਕਦਾ ਹੈ ਕਿ ਉਹ ਹਥਿਆਰਾਂ ਦੇ ਵਿਕਾਸ 'ਤੇ ਜ਼ੋਰ ਦੇ ਰਿਹਾ ਹੈ। ਇਸ ਦੇ ਨਾਲ ਉਹ ਆਪਣੇ ਉਨ੍ਹਾਂ ਫੌਜੀ ਅਧਿਕਾਰੀਆਂ ਨੂੰ ਵੀ ਸੰਦੇਸ਼ ਦੇ ਸਕਦਾ ਹੈ ਜਿਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਦੇ ਨਾਲ ਕੂਟਨੀਤਿਕ ਕਮਜ਼ੋਰੀ ਦਾ ਸੰਕੇਤ ਹੈ। ਇਸ ਵਿਚਾਲੇ ਉੱਤਰ ਕੋਰੀਆ ਦੇ ਵਿਦੇਸ਼ ਮੰਤਰਾਲੇ 'ਚ ਅਮਰੀਕੀ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਜਨਰਲ ਕਵਾਨ ਜੋਂਗ ਗਨ ਨੇ ਇਕ ਬਿਆਨ 'ਚ ਦੋਸ਼ ਲਾਇਆ ਕਿ ਪੋਂਪੀਓ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੀਆਂ ਟਿੱਪਣੀਅ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੱਕ ਹੈ ਕਿ ਜੇਕਰ ਪੋਂਪੀਓ ਦੁਬਾਰਾ ਗੱਲਬਾਤ 'ਚ ਸ਼ਾਮਲ ਹੁੰਦੇ ਹਨ ਤਾਂ ਗੱਲਬਾਤ ਉਲਝ ਜਾਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਨਾਲ ਗੱਲਬਾਤ 'ਚ ਪੋਂਪੀਓ ਨਹੀਂ ਬਲਕਿ ਕਿਸੇ ਹੋਰ ਵਿਅਕਤੀ ਨੂੰ ਸ਼ਾਮਲ ਕੀਤਾ ਜਾਵੇ, ਜੋ ਗੱਲਬਾਤ ਕਰਨ 'ਚ ਜ਼ਿਆਦਾ ਸਾਵਧਾਨ ਤੇ ਮਾਹਰ ਹੋਵੇ।
ਸਿਓਲ 'ਚ ਇੰਸਟੀਚਿਊਟ ਫਾਰ ਈਸਟਰਨ ਸਟੱਡੀਜ਼ ਦੇ ਇਕ ਮਾਹਰ ਕਿਮ ਡੋਂਗ-ਯੂਬ ਨੇ ਕਿਹਾ ਕਿ ਪ੍ਰੀਖਣ ਦੇ ਸਬੰਧ 'ਚ ਉੱਤਰ ਕੋਰੀਆ ਨੇ ਜੋ ਬਿਓਰਾ ਦਿੱਤਾ ਹੈ ਉਸ ਨਾਲ ਲੱਗਦਾ ਹੈ ਕਿ ਇਹ ਸ਼ਾਇਦ ਵਿਕਸਿਤ ਕਰੂਜ਼ ਮਿਜ਼ਾਇਲ ਹੈ। ਇਸ ਵਿਚਾਲੇ ਰੂਸ ਨੇ ਐਲਾਨ ਕੀਤਾ ਹੈ ਕਿ ਰਾਸ਼ਟਰਪਤੀ ਵਲਾਮੀਦੀਰ ਪੁਤਿਨ ਦੇ ਸੱਦੇ 'ਤੇ ਕਿਮ ਇਸ ਮਹੀਨੇ ਦੇ ਅਖੀਰ ਤੱਕ ਇਥੋਂ ਦੀ ਯਾਤਰਾ ਕਰ ਸਕਦੇ ਹਨ। ਹਾਲਾਂਕਿ ਇਸ ਸਬੰਧ 'ਚ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ।