ਕਿਮ ਜੋਂਗ ਨੇ ਦੇਸ਼ 'ਚ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਨਾਲ ਹਰਾਉਣ ਦਾ ਕੀਤਾ ਐਲਾਨ
Thursday, Aug 11, 2022 - 12:01 PM (IST)
ਸਿਓਲ (ਏਜੰਸੀ): ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਵੀਰਵਾਰ ਨੂੰ ਕੋਵਿਡ-19 ਮਹਾਮਾਰੀ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਸਫਲਤਾ ਨੂੰ ਜਨਤਕ ਸਿਹਤ ਦੇ ਇਤਿਹਾਸ ਵਿਚ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ 'ਕੋਰੀਅਨ ਸੈਂਟਰਲ ਨਿਊਜ਼ ਏਜੰਸੀ' (ਕੇਸੀਐਨਏ) ਦੀ ਇੱਕ ਰਿਪੋਰਟ ਵਿੱਚ ਕਿਮ ਦੀ ਭੈਣ ਦੇ ਹਵਾਲੇ ਨਾਲ ਕਿਹਾ ਗਿਆ ਕਿ ਉਸ ਦੇ ਭਰਾ ਨੂੰ ਬੁਖਾਰ ਸੀ ਅਤੇ ਉਸਨੇ ਉੱਤਰੀ ਕੋਰੀਆ ਵਿੱਚ ਇਸ ਪ੍ਰਕੋਪ ਲਈ ਸਰਹੱਦ ਪਾਰ ਦੱਖਣੀ ਕੋਰੀਆ ਤੋਂ ਭੇਜੇ ਗਏ "ਪਰਚਿਆਂ" ਨੂੰ ਦੋਸ਼ੀ ਠਹਿਰਾਇਆ। ਨਾਲ ਹੀ ਉਸ ਨੇ ਇਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ।
ਕੁਝ ਮਾਹਰਾਂ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਨੇ ਵਧ ਰਹੀ ਆਰਥਿਕ ਮੁਸ਼ਕਲਾਂ ਦੇ ਵਿਚਕਾਰ ਕਿਮ ਨੂੰ ਦੇਸ਼ ਦਾ ਪੂਰਾ ਨਿਯੰਤਰਣ ਬਣਾਈ ਰੱਖਣ ਵਿੱਚ ਮਦਦ ਕਰਨ ਲਈ ਪ੍ਰਕੋਪ ਨੂੰ ਘੱਟ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵਿਸ਼ਵ ਮਹਾਮਾਰੀ 'ਤੇ ਕਾਬੂ ਪਾਉਣ ਦੇ ਕਿਮ ਦੇ ਐਲਾਨ ਦਾ ਉਦੇਸ਼ ਹੁਣ ਹੋਰ ਚੀਜ਼ਾਂ ਵੱਲ ਧਿਆਨ ਖਿੱਚਣਾ ਹੈ। ਉੱਥੇ ਦੱਖਣੀ ਕੋਰੀਆ ਦੇ ਏਕੀਕਰਨ ਮੰਤਰਾਲੇ ਨੇ ਕਿਮ ਦੀ ਭੈਣ ਦੀ ਟਿੱਪਣੀ ਦਾ ਵਿਰੋਧ ਕਰਦੇ ਹੋਏ ਇੱਕ ਬਿਆਨ ਵਿੱਚ ਕਿਹਾ ਕਿ ਉਹ ਉੱਤਰੀ ਕੋਰੀਆ ਦੀ "ਬਹੁਤ ਹੀ ਅਪਮਾਨਜਨਕ ਅਤੇ ਧਮਕੀ ਭਰੀ ਟਿੱਪਣੀ" 'ਤੇ ਡੂੰਘਾ ਅਫਸੋਸ ਜਾਹਰ ਕਰਦਾ ਹੈ ਜੋ ਲਾਗ ਦੀ ਉਤਪੱਤੀ ਦੇ ਉਸ ਦੇ 'ਬੇਹੂਦਾ ਦਾਅਵਿਆਂ' ਨੂੰ ਦਰਸਾਉਂਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਕੋਰੋਨਾ ਦੇ 4 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ
ਮਈ ਵਿੱਚ ਉੱਤਰੀ ਕੋਰੀਆ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ 'ਓਮੀਕਰੋਨ' ਰੂਪ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਸੀ। ਉਸਨੇ 2.6 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ 48 ਲੱਖ "ਬੁਖਾਰ ਦੇ ਕੇਸ" ਬਾਰੇ ਜਾਣਕਾਰੀ ਦਿੱਤੀ ਸੀ। ਉਸਨੇ ਪੁਸ਼ਟੀ ਕੀਤੀ ਹੈ ਕਿ ਸਿਰਫ 74 ਲੋਕਾਂ ਦੀ ਮੌਤ ਹੋਈ ਹੈ। ਕੇਸੀਐਨਏ ਦੇ ਅਨੁਸਾਰ ਬੁੱਧਵਾਰ ਨੂੰ ਆਪਣੇ ਭਾਸ਼ਣ ਵਿੱਚ ਕਿਮ ਨੇ ਕਿਹਾ ਕਿ ਜਦੋਂ ਤੋਂ ਅਸੀਂ ਮਹਾਮਾਰੀ (ਮਈ ਤੋਂ) ਦੇ ਵਿਰੁੱਧ ਅਤਿਅੰਤ ਐਮਰਜੈਂਸੀ ਉਪਾਅ ਅਪਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ... ਬੁਖਾਰ ਦੇ ਰੋਜ਼ਾਨਾ ਕੇਸ ਜੋ ਲੱਖਾਂ ਵਿੱਚ ਆ ਰਹੇ ਸਨ, ਇੱਕ ਮਹੀਨੇ ਬਾਅਦ 90,000 ਤੋਂ ਵੀ ਘੱਟ ਹੋ ਗਏ ਅਤੇ ਲਗਾਤਾਰ ਘਟ ਹੁੰਦੇ ਗਏ ਅਤੇ 29 ਜੁਲਾਈ ਤੋਂ ਬਾਅਦ ਇਸ ਘਾਤਕ ਬੁਖਾਰ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ। ਉਹਨਾਂ ਨੇ ਕਿਹਾ ਕਿ ਇਸ ਬੀਮਾਰੀ 'ਤੇ ਇੰਨੇ ਘੱਟ ਸਮੇਂ ਵਿਚ ਕੰਟਰੋਲ ਅਤੇ ਦੇਸ਼ ਨੂੰ ਮੁੜ ਵਾਇਰਸ ਮੁਕਤ ਬਣਾਉਣਾ ਇੱਕ ਅਦਭੁਤ ਚਮਤਕਾਰ ਹੈ, ਜੋ ਵਿਸ਼ਵ ਦੇ ਜਨਤਕ ਸਿਹਤ ਦੇ ਇਤਿਹਾਸ ਵਿੱਚ ਦਰਜ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।