ਮੌਤ ਅਤੇ ਕੋਮਾ ਦੀ ਅਫਵਾਹ ''ਚ ਸਾਹਮਣੇ ਆਏ ਕਿਮ ਜੋਂਗ, ਦਿੱਤੇ ਇਹ ਨਿਰਦੇਸ਼
Wednesday, Aug 26, 2020 - 06:27 PM (IST)
ਸਿਓਲ (ਬਿਊਰੋ): ਉੱਤਰੀ ਕੋਰੀਆ ਦੇ ਮਿਲਟਰੀ ਤਾਨਾਸ਼ਾਹ ਕਿਮ ਜੋਂਗ ਉਨ ਦੇ ਕੋਮਾ ਵਿਚ ਜਾਣ ਦੀ ਖਬਰ ਅਫਵਾਹ ਨਿਕਲੀ। ਕੋਮਾ ਜਾਂ ਮੌਤ ਹੋ ਜਾਣ ਦੀਆਂ ਅਟਕਲਾਂ ਨੂੰ ਖਾਰਿਜ ਕਰਦਿਆਂ ਕਿਮ ਜੋਂਗ ਉਨ ਆਪਣੀ ਪਾਰਟੀ ਦੇ ਮੈਂਬਰਾਂ ਦੇ ਨਾਲ ਐਮਰਜੈਂਸੀ ਬੈਠਕ ਕਰਦੇ ਨਜ਼ਰ ਆਏ ਹਨ। ਉੱਤਰੀ ਕੋਰੀਆ ਦੀ ਅਧਿਕਾਰਤ ਗੱਲਬਾਤ ਏਜੰਸੀ ਨੇ ਕਿਮ ਜੋਂਗ ਉਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਵਿਚ ਉਹ ਪੂਰੀ ਤਰ੍ਹਾਂ ਸਿਹਤਮੰਦ ਨਜ਼ਰ ਆ ਰਹੇ ਹਨ।
ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਇਹ ਤਾਜ਼ਾ ਤਸਵੀਰਾਂ ਜਾਰੀ ਕੀਤੀਆਂ ਹਨ।ਇਹਨਾਂ ਵਿਚ ਕਿਮ ਪੂਰੀ ਤਰ੍ਹਾਂ ਸਿਹਤਮੰਦ ਦਿਸ ਰਹੇ ਹਨ ਅਤੇ ਵਰਕਰਜ਼ ਪਾਰਟੀ ਦੇ ਪੋਲਿਤ ਬਿਊਰੋ ਦੇ ਨਾਲ ਬੈਠਕ ਕਰ ਰਹੇ ਹਨ। ਉਹਨਾਂ ਨੇ ਕੋਰੋਨਾਵਾਇਰਸ ਅਤੇ ਵੀਰਵਾਰ ਨੂੰ ਟਕਰਾਉਣ ਜਾ ਰਹੇ ਟਾਇਫੂਨ ਤੂਫਾਨ ਤੋਂ ਬਚਾਅ ਦੇ ਨਿਰਦੇਸ਼ ਦਿੱਤੇ। ਭਾਵੇਂਕਿ ਇਹ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿਮ ਜੋਂਗ ਉਨ ਦੀਆਂ ਇਹ ਤਸਵੀਰਾਂ ਪੁਰਾਣੀਆਂ ਹਨ ਜਾਂ ਨਵੀਆਂ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ ਡੇ-ਜੰਗ ਦੇ ਅਫਸਰ ਰਹਿ ਚੁੱਕੇ ਚਾਂਗ ਸਾਂਗ ਮਿਨ ਨੇ ਦਾਅਵਾ ਕੀਤਾ ਸੀ ਕਿ ਕਿਮ ਜੋਂਗ ਉਨ ਅਪ੍ਰੈਲ ਤੋਂ ਹੀ ਕੋਮਾ ਵਿਚ ਹਨ।
ਕਿਮ ਨੇ ਕਿਹਾ ਸੀ ਕਿ ਕਿਮ ਜੋਂਗ ਦੀ ਜਿਹੜੀ ਵੀ ਤਸਵੀਰ ਆਈ ਹੈ ਉਹ ਫਰਜ਼ੀ ਹੈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਇਹ ਬੈਠਕ ਕੋਰੋਨਾ ਮਹਾਮਾਰੀ ਵਿਚ ਹੋਈ ਹੈ ਅਤੇ ਉੱਤਰੀ ਕੋਰੀਆ ਦੀ ਅਰਥਵਿਵਸਥਾ ਇਹਨੀਂ ਦਿਨੀਂ ਤਬਾਹੀ ਦੇ ਦੌਰ ਵਿਚ ਚੱਲ ਰਹੀ ਹੈ। ਹੜ੍ਹ ਨੇ ਵੀ ਦੇਸ਼ ਦੇ ਹਾਲਾਤ ਬਹੁਤ ਖਰਾਬ ਕਰ ਦਿੱਤੇ ਹਨ। ਉੱਤਰੀ ਕੋਰੀਆ ਨੇ ਹਾਲੇ ਤੱਕ ਇਸ ਦਾ ਐਲਾਨ ਨਹੀਂ ਕੀਤਾ ਹੈਕਿ ਉਹਨਾਂ ਦੇ ਕੋਈ ਕੋਰੋਨਾਵਾਇਰਸ ਦਾ ਮਾਮਲਾ ਹੈ ਜਾਂ ਨਹੀਂ। ਭਾਵੇਂਕਿ ਕਿਮ ਜੋਂਗ ਉਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਵਾਇਰਸ ਸੰਭਵ ਤੌਰ 'ਤੇ ਦੇਸ਼ ਦੇ ਅੰਦਰ ਦਾਖਲ ਹੋ ਚੁੱਕਾ ਹੈ।
ਕਿਮ ਜੋਂਗ ਨੇ ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਹੋਇਆ ਕੇਇਸੋਂਗ ਸ਼ਹਿਰ ਵਿਚ ਤਿੰਨ ਹਫਤੇ ਦੀ ਤਾਲਾਬੰਦੀ ਲਗਾਈ ਸੀ। ਭਾਵੇਂਕਿ ਬਾਅਦ ਵਿਚ ਉਸ ਦੀ ਪੁਸ਼ਟੀ ਨਹੀਂ ਹੋ ਪਾਈ। ਭਾਰੀ ਮੀਂਹ ਅਤੇ ਹੜ੍ਹ ਦੇ ਕਾਰਨ ਉੱਤਰੀ ਕੋਰੀਆ ਵਿਚ ਖਾਧ ਸਪਲਾਈ ਸਬੰਧੀ ਸੰਕਟ ਪੈਦਾ ਹੋ ਗਿਆ ਹੈ। ਕਿਮ ਜੋਂਗ ਉਨ ਦੀ ਸਿਹਤ ਸਬੰਧੀ ਅਟਕਲਾਂ ਦੇ ਵਿਚ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਜਿਯੋਂਗ ਕਿਓਂਗ-ਡੂ ਨੇ ਕਿਹਾ ਹੈਕਿ ਉਹਨਾਂ ਨੂੰ ਲੱਗਦਾ ਹੈ ਕਿ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਸੱਤਾਧਾਰੀ ਵਰਕਰਜ਼ ਪਾਰਟੀ ਦੀ ਸੈਂਟਰਲ ਕਮੇਟੀ ਵਿਚ ਤਾਕਤਵਰ ਵਿਭਾਗ ਦੀ ਜ਼ਿੰਮੇਵਾਰੀ ਲੈ ਲਈ ਹੈ।