ਕੋਰੋਨਾਵਾਇਰਸ ਦਾ ਡਰ, ਕਿਮ ਨੇ ਚੀਨ ਤੋਂ ਪਰਤੇ ਅਫਸਰ ਨੂੰ ਮਰਵਾ ਦਿੱਤੀ ਗੋਲੀ

2/14/2020 1:25:14 PM

ਪਿਓਂਗਯਾਂਗ (ਬਿਊਰੋ): ਉੱਤਰੀ ਕੋਰੀਆ ਦਾ ਤਾਨਾਸ਼ਾਹ ਸ਼ਾਸਕ ਕਿਮ ਜੋਂਗ ਉਨ ਆਪਣੇ ਫੈਸਲਿਆਂ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦਾ ਹੈ। ਤਾਜ਼ਾ ਮਾਮਲੇ ਵਿਚ ਆਪਣੇ ਵੱਲੋਂ ਲਏ ਇਕ ਫੈਸਲੇ ਕਾਰਨ ਉਹ ਮੁੜ ਸੁਰਖੀਆਂ ਵਿਚ ਹਨ। ਅਸਲ ਵਿਚ ਕਿਮ ਛੋਟੀ ਜਿਹੀ ਗਲਤੀ 'ਤੇ ਵੀ ਮੌਤ ਦਾ ਸਜ਼ਾ ਸੁਣਾ ਦਿੰਦੇ ਹਨ। ਕੋਰੋਨਾਵਾਇਰਸ ਟੀਕੇ ਨੂੰ ਲੈ ਕੇ ਜਿੱਥੇ ਪੂਰੀ ਦੁਨੀਆ ਵਿਚ ਵਿਗਿਆਨੀ ਰਿਸਰਚ ਕਰਨ ਵਿਚ ਲੱਗੇ ਹੋਏ ਹਨ ਉੱਥੇ ਉੱਤਰੀ ਕੋਰੀਆ ਵਿਚ ਵਾਇਰਸ ਨਾਲ ਇਨਫੈਕਟਿਡ ਪੀੜਤਾਂ 'ਤੇ ਜ਼ੁਲਮ ਕੀਤਾ ਜਾ ਰਿਹਾ ਹੈ।

ਰਿਪੋਰਟਾਂ ਮੁਤਾਬਕ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਸ਼ੱਕ ਵਿਚ ਉੱਤਰੀ ਕੋਰੀਆ ਦੇ ਇਕ ਅਧਿਕਾਰੀ ਨੂੰ ਆਈਸੋਲੇਸ਼ਨ ਸੈਂਟਰ ਵਿਚ ਵੱਖਰੇ ਰੱਖਿਆ ਗਿਆ ਸੀ ਪਰ ਇਸ ਅਧਿਕਾਰੀ ਨੇ ਗਲਤੀ ਨਾਲ ਜਨਤਕ ਟਾਇਲਟ ਦੀ ਵਰਤੋਂ ਕਰ ਲਈ, ਜਿਸ ਦੀ ਕੀਮਤ ਉਸ ਨੂੰ ਆਪਣੀ ਜ਼ਿੰਦਗੀ ਦੇ ਕੇ ਚੁਕਾਉਣੀ ਪਈ। ਦੱਖਣੀ ਕੋਰੀਆ ਦੇ ਅਖਬਾਰ ਡੋਂਗ-ਏ-ਇਲਬੋ ਨਿਊਜ਼ ਦੇ ਮੁਤਾਬਕ ਇਸ ਸ਼ਖਸ ਨੂੰ ਚੀਨ ਤੋਂ ਪਰਤਣ ਦੇ ਬਾਅਦ ਬਿਲਕੁੱਲ ਵੱਖਰੀ ਜਗ੍ਹਾ 'ਤੇ ਰੱਖਿਆ ਗਿਆ ਸੀ। ਜਨਤਕ ਟਾਇਲਟ ਦੀ ਵਰਤੋਂ ਕਰ ਕੇ ਕੋਰੋਨਾਵਾਇਰਸ ਦਾ ਇਨਫੈਕਸ਼ਨ ਫੈਲਾਉਣ ਦੇ ਦੇਸ਼ ਵਿਚ ਇਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਬਿਨਾਂ ਇਜਾਜ਼ਤ ਲਏ ਕਵੈਰੇਂਟਾਈਨ (ਇਨਫੈਕਟਿਡ ਲੋਕਾਂ ਲਈ ਵੱਖਰੀ ਜਗ੍ਹਾ) ਛੱਡ ਜਾਣ ਵਾਲੇ ਲੋਕਾਂ ਦੇ ਵਿਰੁੱਧ ਮਿਲਟਰੀ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਨ ਦਾ ਸੰਕਲਪ ਲਿਆ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਉੱਤਰੀ ਕੋਰੀਆ ਦੀ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਇਕ ਹੋਰ ਅਧਿਕਾਰੀ ਨੂੰ ਵੀ ਚੀਨ ਦੀ ਯਾਤਰਾ ਕਰਨ ਦੀ ਗੱਲ ਲੁਕਾਉਣ 'ਤੇ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਦੱਖਣੀ ਕੋਰੀਆ ਦੀਆਂ ਮੀਡੀਆ ਰਿਪੋਰਟ ਮੁਤਾਬਕ ਉੱਤਰੀ ਕੋਰੀਆ ਵਿਚ ਕੋਰੋਨਾਵਾਇਰਸ ਦੇ ਕਈ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨਾਲ ਕਈ ਲੋਕਾਂ ਦੀਆਂ ਮੌਤ ਹੋਣ ਦਾ ਖਦਸ਼ਾ ਹੈ। ਭਾਵੇਂਕਿ ਪਿਓਂਗਯਾਂਗ ਵਿਚ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਤੱਕ ਕਿਸੇ ਵੀ ਮਾਮਲੇ ਦੀ ਸੂਚਨਾ ਨਹੀਂ ਮਿਲੀ ਹੈ। 

ਉੱਤਰੀ ਕੋਰੀਆ ਇਸ ਗੱਲ ਨੂੰ ਲੈਕੇ ਅਡਿੱਗ ਹੈ ਕਿ ਉਸ ਦੇ ਇੱਥੇ ਕੋਰੋਨਾਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਭਾਵੇਂਕਿ ਵਿਸ਼ਲੇਸ਼ਕਾਂ ਨੂੰ ਇਸ ਗੱਲ 'ਤੇ ਭਰੋਸਾ ਨਹੀਂ ਹੈ ਕਿ ਚੀਨ ਦੇ ਨਾਲ 880 ਮੀਲ ਦੀ ਸੀਮਾ ਵਾਲੇ ਦੇਸ਼ ਵਿਚ ਕੋਰੋਨਾਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸੈਂਟਰ ਫਾਰ ਦੀ ਨੈਸ਼ਨਲ ਇੰਟ੍ਰੈਸਟ ਵਿਚ ਕੋਰੀਯਨ ਸਟੱਡੀਜ਼ ਦੇ ਡਾਇਰੈਕਟਰ ਹੈਰੀ ਕਾਜੀਨਿਸ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਅਜਿਹਾ ਹੋ ਹੀ ਨਹੀਂ ਸਕਦਾ ਕਿ ਉੱਤਰੀ ਕੋਰੀਆ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਪੂਰੀ ਤਰ੍ਹਾਂ ਬਚਿਆ ਹੋਇਆ ਹੈ। ਉਹ ਸਾਫ ਤੌਰ 'ਤੇ ਝੂਠ ਬੋਲ ਰਿਹਾ ਹੈ ਕਿਉਂਕਿ ਉਹ ਆਪਣੀ ਕਮਜ਼ੋਰੀ ਨੂੰ ਜ਼ਾਹਰ ਨਹੀਂ ਕਰਨਾ ਚਾਹੁੰਦਾ ਅਤੇ ਨਾ ਹੀ ਆਪਣੀ ਸੱਤਾ 'ਤੇ ਕਿਸੇ ਵੀ ਤਰ੍ਹਾਂ ਦਾ ਖਤਰਾ ਆਉਣ ਦੇਣਾ ਚਾਹੁੰਦੇ ਹਨ। ਕਿਮ ਜੋਂਗ ਉੱਤਰੀ ਕੋਰੀਆ ਅਤੇ ਚੀਨ ਦੇ ਗੈਰ ਕਾਨੂੰਨੀ ਵਪਾਰ 'ਤੇ ਜਿਸ ਤਰ੍ਹਾਂ ਨਿਰਭਰ ਹੈ ਉਸ ਨਾਲ ਸਾਫ ਹੈ ਕਿ ਚੀਨ ਤੋਂ ਇੱਥੇ ਵਾਇਰਸ ਜ਼ਰੂਰ ਪਹੁੰਚਿਆ ਹੋਵੇਗਾ।


Vandana

Edited By Vandana