ਭਾਰਤੀ ਪ੍ਰਵਾਸੀ ਦੀ ਖਾੜੀ ਦੇਸ਼ ''ਚ ਮੌਤ, ਅੰਤਿਮ ਵਿਦਾਈ ਲਈ ਨਾ ਪੁੱਜਾ ਕੋਈ

04/23/2020 9:55:32 AM

ਦੁਬਈ- ਸੰਯੁਕਤ ਅਰਬ ਅਮੀਰਾਤ ਸਣੇ ਹੋਰ ਖਾੜੀ ਦੇਸ਼ਾਂ ਵਿਚ ਦਿਲ ਨੂੰ ਪਸੀਜ ਦੇਣ ਵਾਲੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ, ਜਿੱਥੇ ਕੋਰੋਨਾ ਕਾਰਨ ਮਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਕੋਈ ਅੰਤਿਮ ਵਿਦਾਈ ਦੇਣ ਵਾਲਾ ਰਿਸ਼ਤੇਦਾਰ ਜਾਂ ਦੋਸਤ ਨਹੀਂ ਆ ਰਿਹਾ ਹੈ। ਅਜਿਹਾ ਹੀ ਦ੍ਰਿਸ਼ ਇੱਥੇ ਦੇਖਣ ਨੂੰ ਮਿਲਿਆ ਜਦ ਇਕ ਪ੍ਰਵਾਸੀ ਭਾਰਤੀ ਮਜ਼ਦੂਰ ਦੀ ਕੋਵਿਡ-19 ਕਾਰਨ ਮੌਤ ਹੋ ਗਈ ਤੇ ਉਸ ਦੀ ਅੰਤਿਮ ਵਿਦਾਈ ਸਮੇਂ ਕੋਈ ਵੀ ਨਾ ਪੁੱਜਾ। ਇਕ ਐਂਬੂਲੈਂਸ ਵਿਚ ਉਸ ਦੀ ਲਾਸ਼ ਨੂੰ ਰੱਖ ਕੇ ਸੁਰੱਖਿਆ ਸੂਟ ਪਾ ਕੇ ਖੜ੍ਹੇ ਕਰਮਚਾਰੀ ਲਗਭਗ ਇਕ ਘੰਟਾ ਉਡੀਕ ਕਰਦੇ ਰਹੇ ਕਿ ਸ਼ਾਇਦ ਕੋਈ ਉਸ ਨੂੰ ਆਖਰੀ ਵਾਰ ਦੇਖਣ ਲਈ ਆ ਜਾਵੇ ਪਰ ਕੋਈ ਨਾ ਪੁੱਜਾ ਤੇ ਉਨ੍ਹਾਂ ਨੇ ਆਪ ਹੀ ਸੰਸਕਾਰ ਕੀਤਾ।

ਚਾਰ ਕਰਮਚਾਰੀਆਂ ਨੇ ਸਫੈਦ ਪਲਾਸਟਿਕ ਦੇ ਬੈਗ ਵਿਚ ਲਪੇਟੀ ਲਾਸ਼ ਨੂੰ ਚੁੱਪ-ਚਾਪ ਐਂਬੂਲੈਂਸ ਤੋਂ ਉਤਾਰਿਆ ਅਤੇ ਫਿਰ ਤੋਂ ਤਾਬੂਤ ਵਿਚ ਰੱਖ ਕੇ ਅੰਤਿਮ ਸੰਸਕਾਰ ਕਰ ਦਿੱਤਾ। ਖਾੜੀ ਦੇਸ਼ਾਂ ਵਿਚ ਲਗਭਗ ਲੱਖਾਂ ਵਿਦੇਸ਼ੀ ਨੌਕਰੀ ਕਰਦੇ ਹਨ। ਇਹ ਲੋਕ ਇਨ੍ਹਾਂ ਦੇਸ਼ਾਂ ਦੇ ਹਸਪਤਾਲਾਂ, ਬੈਂਕਾਂ, ਨਿਰਮਾਣ ਖੇਤਰਾਂ ਅਤੇ ਕਾਰਖਾਨਿਆਂ ਦੀ ਰੀੜ ਦੀ ਹੱਡੀ ਹਨ। ਕਈ ਪ੍ਰਵਾਸੀ ਤਾਂ ਕਈ ਸਾਲਾਂ ਤੋਂ ਇੱਥੇ ਹੀ ਕੰਮ ਕਰਕੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਨ । ਕਈ ਲੋਕ ਜੋ ਇੱਥੇ ਕੁਝ ਸਮਾਂ ਪਹਿਲਾਂ ਗਏ ਹਨ, ਉਹ ਆਪਣੀ ਜ਼ਿੰਦਗੀ ਸੈੱਟ ਕਰਨ ਦੇ ਸੁਪਨੇ ਸਜਾ ਰਹੇ ਸਨ ਪਰ ਕੋਰੋਨਾ ਕਾਰਨ ਕਈਆਂ ਦੇ ਸੁਪਨੇ ਟੁੱਟ ਗਏ। 

ਦੱਖਣੀ ਦੁਬਈ ਸਥਿਤ ਹਿੰਦੂ ਮੁਰਦਾ ਘਰ ਦੇ ਪ੍ਰਬੰਧਕ ਈਸ਼ਵਰ ਕੁਮਾਰ ਨੇ ਕਿਹਾ, ਪੂਰਾ ਵਿਸ਼ਵ ਬਦਲ ਰਿਹਾ ਹੈ। ਅੰਤਿਮ ਸੰਸਕਾਰ ਕਰਨ ਸਮੇਂ ਕੋਈ ਲਾਸ਼ ਨੂੰ ਹੱਥ ਨਹੀਂ ਲਗਾਉਂਦਾ ਤੇ ਕਈ ਵਾਰ ਅੰਤਿਮ ਵਿਦਾਈ ਲਈ ਕੋਈ ਵੀ ਨਹੀਂ ਆਉਂਦਾ। ਪਹਿਲਾਂ ਜਿੱਥੇ 200-250 ਲੋਕ ਅੰਤਿਮ ਸੰਸਕਾਰ ਕਰਨ ਲਈ ਇਕੱਠੇ ਹੋ ਜਾਂਦੇ ਸਨ, ਉੱਥੇ ਹੀ ਹੁਣ ਕੋਈ ਵੀ ਨਹੀਂ ਆਉਂਦਾ। ਅੰਤਿਮ ਸੰਸਕਾਰ ਦੇ ਤਰੀਕੇ ਵੀ ਕੋਰੋਨਾ ਕਾਰਨ ਬਦਲ ਗਏ ਹਨ। ਮੁਰਦਾਘਰ ਦੇ ਇਕ ਹੋਰ ਪ੍ਰਬੰਧਕ ਮੁਤਾਬਕ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਇੱਥੇ ਨਹੀਂ ਰਹਿੰਦੇ ਤੇ ਕਈ ਵਾਰ ਉਨ੍ਹਾਂ ਦੇ ਸਹਿ-ਕਰਮਚਾਰੀ ਹੀ ਆਉਂਦੇ ਹਨ। 

ਸਿਹਤ ਮੰਤਰਾਲੇ ਮੁਤਾਬਕ ਖਾੜੀ ਦੇਸ਼ਾਂ ਵਿਚ ਕੋਰੋਨਾ ਕਾਰਨ 166 ਮੌਤਾਂ ਹੋਈਆਂ ਹਨ ਤੇ ਪੀੜਤਾਂ ਦੀ ਗਿਣਤੀ 26,600 ਦਰਜ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਭਾਰਤੀ, ਪਾਕਿਸਤਾਨੀ, ਨੇਪਾਲੀ, ਬੰਗਲਾਦੇਸ਼ੀ ਅਤੇ ਫਿਲਪੀਨੀ ਵਰਗੇ ਵਿਦੇਸ਼ੀ ਹਨ।
 


Lalita Mam

Content Editor

Related News