ਕਿਊਬਿਕ ''ਚ ਵਾਪਰਿਆ ਰੇਲ ਹਾਦਸਾ, ਨਹਿਰ ''ਚ ਡਿੱਗੀਆਂ 4 ਬੋਗੀਆਂ

10/14/2017 1:24:48 PM

ਕਿਊਬਿਕ, (ਬਿਊਰੋ)— ਕੈਨੇਡੀਅਨ ਸੂਬੇ ਕਿਊਬਿਕ ਵਿਚ ਵੀਰਵਾਰ ਰਾਤ ਨੂੰ ਸਮਾਨ ਢੋਣ ਵਾਲੀ ਰੇਲਗੱਡੀ ਪਟੜੀ ਤੋਂ ਉੱਤਰ ਗਈ। ਇਸ ਕਾਰਨ ਰੇਲਗੱਡੀ ਦੀਆਂ ਚਾਰ ਖਾਲੀ ਬੋਗੀਆਂ ਨਹਿਰ ਵਿੱਚ ਡਿੱਗ ਗਈਆਂ।
ਗੱਡੀ ਰਾਤ ਨੂੰ ਲਗਭਗ 9:00 ਵਜੇ ਲਵਲ ਅਤੇ ਟੈਰੇਬੋਨ ਨੂੰ ਜੋੜਨ ਵਾਲੇ 'ਸੋਫੀ ਮੈਸਨ ਪੁਲ' ਦੇ ਮੁੱਖ ਗੇਟ ਨੇੜਿਓਂ ਲੀਹ ਤੋਂ ਲੱਥੀ। ਟੈਰੇਬੋਨ ਫਾਇਰ ਵਿਭਾਗ ਦਾ ਕਹਿਣਾ ਹੈ ਕਿ ਇਸ ਦੁਰਘਟਨਾ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਹ ਮਾਲ ਗੱਡੀ ਸੀ ਅਤੇ ਇਸ 'ਚ ਸੀਮੇਂਟ ਲੈ ਜਾਇਆ ਜਾ ਰਿਹਾ ਸੀ। ਗੱਡੀ ਦੀਆਂ ਬੋਗੀਆਂ ਹਾਦਸੇ ਸਮੇਂ ਖਾਲੀ ਹੀ ਸਨ। ਡਵੀਜ਼ਨ ਫਾਇਰ ਚੀਫ ਐਰਿਕ ਹਾਰਨੌਇਸ ਨੇ ਦੱਸਿਆ ਕਿ 107 ਬੋਗੀਆਂ ਵਾਲੀ ਗੱਡੀ 'ਕਿਊਬਿਕ ਗੈਟੀਨਿਊ' ਰੇਲਵੇ ਕੰਪਨੀ ਦੀ ਹੈ।
ਉਨ੍ਹਾਂ ਦੱਸਿਆ ਕਿ ਕੰਪਨੀ ਅਤੇ ਫਾਇਰ ਵਿਭਾਗ ਮਾਲ ਗੱਡੀ ਦੀਆਂ ਹੋਰਨਾਂ ਬੋਗੀਆਂ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਰਨੌਇਸ ਨੇ ਕਿਹਾ ਕਿ ਮਿਲਜ਼ ਆਈਲਜ਼ ਨਹਿਰ ਵਿੱਚ ਡਿੱਗੀਆਂ ਬੋਗੀਆਂ ਕਾਰਨ ਇਸ ਨਹਿਰ ਉੱਤੇ ਬਣੇ ਪੁਲ ਨੂੰ ਵੀ ਨੁਕਸਾਨ ਪੁੱਜਾ ਹੈ। ਪੁਲ ਦੀ ਜਾਂਚ ਕਰਨ ਲਈ ਇੰਜੀਨੀਅਰਜ਼ ਨੂੰ ਸੱਦਿਆ ਜਾਵੇਗਾ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੱਡੀ ਲੀਹ ਤੋਂ ਕਿਵੇਂ ਲੱਥੀ। ਜਾਂਚ ਅਧਿਕਾਰੀ ਇਸ ਸੰਬੰਧੀ ਜਾਂਚ ਕਰਨ 'ਚ ਜੁੜੇ ਹਨ।


Related News