ਹਾਂਗਕਾਂਗ ਅਤੇ ਚੀਨ ਵਿਚਾਲੇ ਯਾਤਰਾ ਲਈ ਹੁਣ ਨਹੀਂ ਪਵੇਗੀ ਕੋਵਿਡ-19 ਟੈਸਟ ਦੀ ਲੋੜ

02/03/2023 4:11:06 PM

ਹਾਂਗਕਾਂਗ (ਏਜੰਸੀ) : ਹਾਂਗਕਾਂਗ ਅਤੇ ਚੀਨ ਵਿਚਾਲੇ ਯਾਤਰਾ ਲਈ ਹੁਣ ਕੋਵਿਡ-19 ਟੈਸਟ ਦੀ ਕੋਈ ਲੋੜ ਨਹੀਂ ਹੋਵੇਗੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਹਾਂਗਕਾਂਗ ਦੇ ਨੇਤਾ ਜਾਨ ਲੀ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ, ''ਸੋਮਵਾਰ ਤੋਂ ਹਾਂਗਕਾਂਗ ਅਤੇ ਚੀਨ ਵਿਚਾਲੇ ਯਾਤਰਾ ਪੂਰੀ ਤਰ੍ਹਾਂ ਨਾਲ ਬਹਾਲ ਹੋ ਜਾਵੇਗੀ।'' ਲੀ ਨੇ ਕਿਹਾ ਕਿ ਯਾਤਰੀਆਂ ਦੀ ਗਿਣਤੀ ਜੋ ਤੈਅ ਕੀਤੀ ਗਈ ਸੀ ਉਹ ਵੀ ਖਤਮ ਹੋ ਜਾਵੇਗੀ ਅਤੇ ਅਗਲੇ ਹਫਤੇ ਸਾਰੀਆਂ ਸਰਹੱਦੀ ਚੌਕੀਆਂ ਖੋਲ੍ਹ ਦਿੱਤੀਆਂ ਜਾਣਗੀਆਂ। ਇਹ ਐਲਾਨ ਲੀ ਵੱਲੋਂ ਸੈਲਾਨੀਆਂ ਨੂੰ ਹਾਂਗਕਾਂਗ ਵੱਲ ਆਕਰਸ਼ਿਤ ਕਰਨ ਦੇ ਉਦੇਸ਼ ਨਾਲ 'ਸੈਰ-ਸਪਾਟਾ ਮੁਹਿੰਮ' ਸ਼ੁਰੂ ਕਰਨ ਤੋਂ ਇਕ ਦਿਨ ਬਾਅਦ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਹਾਂਗਕਾਂਗ ਦੀ ਯਾਤਰਾ ਲਈ ਚੁਨਿੰਦਾ ਸੈਲਾਨੀਆਂ ਨੂੰ 5,00,000 ਮੁਫ਼ਤ ਹਵਾਈ ਟਿਕਟਾਂ ਵੀ ਦਿੱਤੀਆਂ ਜਾਣਗੀਆਂ। ਚੀਨ ਨੇ 8 ਜਨਵਰੀ ਨੂੰ ਹਾਂਗਕਾਂਗ 'ਤੇ ਯਾਤਰਾ ਪਾਬੰਦੀਆਂ ਨੂੰ ਸੌਖਾ ਕਰ ਦਿੱਤਾ। ਉਸ ਨੇ ਹਾਂਗਕਾਂਗ ਤੋਂ ਚੀਨ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੁਆਰੰਟੀਨ ਨੂੰ ਖ਼ਤਮ ਕਰ ਦਿੱਤਾ ਸੀ, ਪਰ ਯਾਤਰੀਆਂ ਦੀ ਗਿਣਤੀ ਨੂੰ 50,000 ਤੱਕ ਸੀਮਤ ਰੱਖਿਆ ਸੀ।

ਹਾਂਗਕਾਂਗ ਅਤੇ ਚੀਨ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ 6 ਫਰਵਰੀ ਤੋਂ, ਚੀਨ ਅਤੇ ਹਾਂਗਕਾਂਗ ਵਿਚਕਾਰ ਯਾਤਰਾ ਕਰਨ ਵਾਲੇ ਲੋਕਾਂ ਨੂੰ ਕੋਵਿਡ -19 ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਸਿਰਫ਼ ਯਾਤਰਾ ਤੋਂ ਪਿਛਲੇ 7 ਦਿਨਾਂ ਵਿੱਚ ਵਿਦੇਸ਼ ਯਾਤਰਾ ਕਰਨ ਵਾਲਿਆਂ ਨੂੰ ਹੀ RT-PCR ਟੈਸਟ ਦੀ ਰਿਪੋਰਟ ਦਿਖਾਉਣੀ ਪਵੇਗੀ, ਜੋ ਉਨ੍ਹਾਂ ਦੇ ਸੰਕਰਮਿਤ ਨਾ ਹੋਣ ਦੀ ਪੁਸ਼ਟੀ ਕਰੇ। ਪਾਬੰਦੀਆਂ ਹਟਾਉਣ ਦੇ ਬਾਵਜੂਦ ਹਾਂਗਕਾਂਗ ਦੇ ਸੈਰ-ਸਪਾਟਾ ਉਦਯੋਗ ਨੂੰ ਪਟੜੀ 'ਤੇ ਵਾਪਸ ਆਉਣ ਲਈ ਅਜੇ ਵੀ ਲੰਮਾ ਸਫ਼ਰ ਤੈਅ ਕਰਨਾ ਪੈ ਸਕਦਾ ਹੈ। ਹਾਂਗਕਾਂਗ ਵਿੱਚ 2022 ਵਿੱਚ ਲਗਭਗ 6,05,000 ਸੈਲਾਨੀ ਪਹੁੰਚੇ ਸਨ, ਜੋ 2021 ਦੇ ਮੁਕਾਬਲੇ 6 ਗੁਣਾ ਵੱਧ ਸਨ, ਪਰ 2019 ਦੇ ਮੁਕਾਬਲੇ 90 ਫ਼ੀਸਦੀ ਘੱਟ ਹੈ। 2019 ਵਿੱਚ ਗਲੋਬਲ ਮਹਾਂਮਾਰੀ ਦੇ ਫੈਲਣ ਤੋਂ ਪਹਿਲਾਂ 55.9 ਕਰੋੜ ਲੋਕਾਂ ਨੇ ਹਾਂਗਕਾਂਗ ਦੀ ਯਾਤਰਾ ਕੀਤੀ ਸੀ।


cherry

Content Editor

Related News