ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਨਾਈਜੀਰੀਅਨ ਰੈਪਰ, ਸ਼ੋਅ 'ਚ ਸਿੱਧੂ ਦੇ ਹੀ ਸਿਗਨੇਚਰ ਸਟਾਈਲ 'ਚ ਦਿੱਤੀ ਸ਼ਰਧਾਂਜਲੀ
Saturday, Jun 04, 2022 - 03:22 PM (IST)
ਲਾਗੋਸ (ਬਿਊਰੋ): ਸਿੱਧੂ ਮੂਸੇਵਾਲਾ ਪੰਜਾਬ ਹੀ ਨਹੀਂ, ਦੁਨੀਆ ਭਰ ਵਿਚ ਪ੍ਰਸਿੱਧ ਸਨ। ਉਥੇ ਹੀ ਜਿਵੇਂ ਹੀ ਮੂਸੇਵਾਲਾ ਦੇ ਕਤਲ ਦੀ ਖ਼ਬਰ ਮੀਡੀਆ ਵਿਚ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ ਅਤੇ ਪੰਜਾਬ ਤੋਂ ਇਲਾਵਾ ਦੁਨੀਆ ਭਰ ਵਿਚ ਸੋਗ ਦੀ ਲਹਿਰ ਦੌੜ ਪਈ। ਕਈ ਲੋਕ ਅਤੇ ਕਲਾਕਾਰ ਵੱਖ-ਵੱਖ ਤਰੀਕੇ ਨਾਲ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸੇ ਤਰ੍ਹਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਨਾਈਜੀਰੀਆ ਦੇ ਮਸ਼ਹੂਰ ਰੈਪਰ ਬਰਨਾ ਬੁਆਏ ਮੂਸੇਵਾਲਾ ਨੂੰ ਆਪਣੇ ਲਾਈਵ ਸ਼ੋਅ ਦੌਰਾਨ ਸ਼ਰਧਾਂਜਲੀ ਦੇ ਰਹੇ ਹਨ।
ਵੀਡੀਓ ਵਿਚ ਸੁਣਿਆ ਜਾ ਸਕਦਾ ਹੈ ਕਿ ਬਰਨਾ ਬੁਆਏ ਮੂਸੇਵਾਲਾ ਦਾ ਨਾਮ ਲੈਂਦੇ ਹੋਏ ਭਾਵੁਕ ਹੋ ਜਾਂਦੇ ਹਨ ਅਤੇ ਉਹ ਰੋਣ ਲੱਗਦੇ ਹਨ। ਉਨ੍ਹਾਂ ਬਾਅਦ ਵਿਚ ਮੂਸੇਵਾਲਾ ਨੂੰ ਉਨ੍ਹਾਂ ਦੇ ਹੀ ਸਿਗਨੇਚਰ ਸਟਾਈਲ ਯਾਨੀ ਪੱਟ 'ਤੇ ਥਾਪੀ ਮਾਰ ਕੇ ਸ਼ਰਧਾਂਜਲੀ ਦਿੱਤੀ।
ਸਿੱਧੂ ਮੂਸੇਵਾਲਾ ਅਤੇ ਨਾਈਜੀਰੀਅਨ ਰੈਪਰ ਬਰਨਾ ਬੁਆਏ ਇੱਕ ਮਿਕਸਟੇਪ 'ਤੇ ਕੰਮ ਕਰ ਰਹੇ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਆ। ਉਨ੍ਹਾਂ ਸੋਸ਼ਲ ਮੀਡੀਆ 'ਤੇ ਇਹ ਪੋਸਟ ਵੀ ਪਾਈ ਸੀ ਹੁਣ ਉਹ ਸਵਰਗ ਵਿੱਚ ਇਸ ਮਿਕਸਟੇਪ ਨੂੰ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਮੂਸੇਵਾਲਾ ਨੇ ਮੈਨੂੰ ਪ੍ਰੇਰਿਤ ਕੀਤਾ। ਇੱਕ ਲੀਜੈਂਡ ਦੀ ਮੌਤ ਹੋ ਗਈ। ਉਨ੍ਹਾਂ ਮੂਸੇਵਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਇਸ ਤੋਂ ਪਹਿਲਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਪੁੱਤਰ ਨੂੰ ਉਨ੍ਹਾਂ ਦੇ ਸਿਗਨੇਚਰ ਸਟਾਈਲ ਵਿਚ ਵਿਦਾਈ ਦਿੱਤੀ ਸੀ।
ਇਹ ਵੀ ਪੜ੍ਹੋ: ਓਨਟਾਰੀਓ ਸੂਬਾਈ ਚੋਣਾਂ 'ਚ ਇਨ੍ਹਾਂ 6 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ
ਦੱਸ ਦੇਈਏ ਕਿ ਪੰਜਾਬ ਦੇ ਮਾਨਸਾ 'ਚ ਲੰਘੇ ਮਹੀਨੇ 29 ਮਈ ਨੂੰ ਅਣਪਛਾਤੇ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮਾਨਸਾ ਹਸਪਤਾਲ ਦੇ ਸਿਵਲ ਸਰਜਨ ਡਾ: ਰਣਜੀਤ ਰਾਏ ਨੇ ਦੱਸਿਆ ਕਿ ਜਦੋਂ ਮੂਸੇਵਾਲਾ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੋਈ ਸੀ। ਇਹ ਘਟਨਾ ਪੰਜਾਬ ਪੁਲਸ ਵੱਲੋਂ 424 ਹੋਰਾਂ ਸਮੇਤ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਤੋਂ 1 ਦਿਨ ਬਾਅਦ ਵਾਪਰੀ ਸੀ।
ਇਹ ਵੀ ਪੜ੍ਹੋ: ਗੋਲੀਬਾਰੀ ਤੋਂ ਬਾਅਦ ਹੁਣ ਅਮਰੀਕਾ ਦੇ ਹਸਪਤਾਲ 'ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, 3 ਗੰਭੀਰ ਜ਼ਖ਼ਮੀ