ਨਾਈਜੀਰੀਆ : ਫੌਜੀਆਂ ਅਤੇ ਅੱਤਵਾਦੀਆਂ 'ਚ ਝੜਪ, 3 ਨਾਗਰਿਕਾਂ ਦੀ ਮੌਤ

12/09/2018 3:39:27 PM

ਕਾਨੋ(ਏਜੰਸੀ)— ਨਾਈਜੀਰੀਆ ਦੀ ਫੌਜ ਅਤੇ ਬੋਕੋ ਹਰਾਮ ਦੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ 'ਚ 3 ਨਾਗਰਿਕਾਂ ਦੀ ਮੌਤ ਹੋ ਗਈ। ਗੋਲੀਬਾਰੀ ਇਕ ਫੌਜੀ ਅੱਡੇ ਦੇ ਨੇੜੇ ਜਕਾਨਾ ਪਿੰਡ 'ਚ ਹੋਈ। ਗੋਲੀਬਾਰੀ 'ਚ ਇਕ ਫੌਜੀ ਵੀ ਜ਼ਖਮੀ ਹੋ ਗਿਆ। ਜਕਾਨਾ ਪਿੰਡ ਬੋਰਨੋ ਸੂਬੇ ਦੀ ਰਾਜਧਾਨੀ ਮੈਦੁਗੁਰੀ ਤੋਂ ਤਕਰੀਬਨ 30 ਕਿਲੋਮੀਟਰ ਦੂਰ ਹੈ।

 ਜੁਲਾਈ 'ਚ ਅੱਤਵਾਦੀਆਂ ਨੇ ਇੱਥੇ ਇਕ ਫੌਜੀ ਅੱਡੇ 'ਤੇ ਹਮਲਾ ਕਰਕੇ ਪੁਲਸ ਸਟੇਸ਼ਨ ਨੂੰ ਸਾੜ ਦਿੱਤਾ ਸੀ। ਇਸ ਤੋਂ ਪਹਿਲਾਂ ਮਾਰਚ 2013 'ਚ ਜਕਾਨਾ ਅਤੇ ਮੇਨੋਕ ਦੇ ਨੇੜੇ ਹੋਏ ਹਮਲੇ 'ਚ ਤਕਰੀਬਨ 80 ਲੋਕ ਮਾਰੇ ਗਏ ਸਨ। ਫੌਜ ਦੇ ਸੂਤਰਾਂ ਮੁਤਾਬਕ ਉਨ੍ਹਾਂ ਅਤੇ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਸਮਰਥਿਤ ਬੋਕੋ ਹਰਾਮ ਦੇ ਇਕ ਗੁੱਟ ਵਿਚਕਾਰ ਦੋ ਘੰਟਿਆਂ ਤਕ ਗੋਲੀਬਾਰੀ ਹੋਈ। ਫੌਜ ਦੇ ਇਕ ਅਧਿਕਾਰੀ ਨੇ ਕਿਹਾ, ਸਾਡੇ ਫੌਜੀਆਂ ਨੇ ਉਨ੍ਹਾਂ ਨੂੰ ਇਕ ਪਿੰਡ ਨੇੜਿਓਂ ਲੰਘਦਿਆਂ ਦੇਖਿਆ ਅਤੇ ਸੰਘਰਸ਼ ਕੀਤਾ। ਅੱਤਵਾਦੀ ਕਿਸੇ ਸਥਾਨ 'ਤੇ ਵੱਡਾ ਹਮਲਾ ਕਰਨ ਲਈ ਇਕੱਠੇ ਹੋਏ ਸਨ। ਇਸ ਝੜਪ ਦੀ ਲਪੇਟ 'ਚ ਆਉਣ ਨਾਲ 3 ਨਾਗਰਿਕਾਂ ਦੀ ਮੌਤ ਹੋ ਗਈ।


Related News