ਮੱਧ ਨਾਈਜੀਰੀਆ ''ਚ ਕਿਸ਼ਤੀ ਪਲਟਣ ਨਾਲ 13 ਦੀ ਮੌਤ
Friday, Oct 26, 2018 - 10:12 AM (IST)
ਅਬੁਜਾ (ਭਾਸ਼ਾ)— ਮੱਧ ਨਾਈਜੀਰੀਆ ਵਿਚ ਸਮਰੱਥਾ ਤੋਂ ਵੱਧ ਯਾਤਰੀਆਂ ਨਾਲ ਭਰੀ ਇਕ ਕਿਸ਼ਤੀ ਪਲਟਣ ਨਾਲ ਉਸ ਵਿਚ ਸਵਾਰ 13 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਸਵਾਰ ਸਾਰੇ ਲੋਕ ਕਿਸੇ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ। ਪੁਲਸ ਅਤੇ ਸਥਾਨਕ ਲੋਕਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਬੁੱਧਵਾਰ ਰਾਤ ਕਰੀਬ ਇਕ ਵਜੇ ਬੇਨੁਏ ਸੂਬੇ ਦੇ ਬੁਰੂਕੁ ਇਲਾਕੇ ਵਿਚ ਕਾਤਸਿਨਾ ਆਲਾ ਨਦੀ ਵਿਚ ਹੋਇਆ। ਸੂਬਾ ਪੁਲਸ ਦੇ ਬੁਲਾਰੇ ਮੋਸਸ ਯਾਮੂ ਨੇ ਪੱਤਰਕਾਰਾਂ ਨੂੰ ਦੱਸਿਆ,''ਅਸੀਂ ਹਾਦਸੇ ਵਿਚ 13 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਬਚਾਅ ਕੰਮ ਹਾਲੇ ਵੀ ਜਾਰੀ ਹੈ।''
ਨਾਈਜੀਰੀਆ ਵਿਚ ਕਿਸ਼ਤੀਆਂ ਦੇ ਸਮਰੱਥਾ ਤੋਂ ਵੱਧ ਭਰੇ ਹੋਣ ਅਤੇ ਖਰਾਬ ਦੇਖਭਾਲ ਕਾਰਨ ਉਨ੍ਹਾਂ ਦੇ ਪਲਟਣ ਦੀਆਂ ਘਟਨਾਵਾਂ ਆਮ ਹਨ ਖਾਸ ਕਰ ਕੇ ਮੀਂਹ ਦੇ ਮੌਸਮ ਵਿਚ। ਇਕ ਚਸ਼ਮਦੀਦ ਨੇ ਕਿਹਾ ਕਿ ਹਾਦਸੇ ਦੇ ਸਮੇਂ ਕਿਸ਼ਤੀ ਵਿਚ 40 ਤੋਂ ਜ਼ਿਆਦਾ ਲੋਕ ਸਵਾਰ ਸਨ। ਨਾਲ ਹੀ ਉਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਕਈ ਲੋਕ ਅਤੇ ਉਨ੍ਹਾਂ ਦੇ ਸਾਮਾਨ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਉੱਥੇ ਪੁਲਸ ਬੁਲਾਰੇ ਯਾਮੂ ਨੇ ਦੱਸਿਆ ਕਿ ਕਿਸ਼ਤੀ ਵਿਚ 18 ਮੋਟਰਸਾਈਕਲ ਤੇ ਉਨ੍ਹਾਂ ਦੇ ਡਰਾਈਵਰ ਅਤੇ ਹੋਰ ਯਾਤਰੀ ਸਵਾਰ ਸਨ। ਬੇਨੁਏ ਸੂਬੇ ਦੇ ਗਵਰਨਰ ਸੈਮੁਅਲ ਓਰਟਮ ਨੇ ਇਸ ਘਟਨਾ ਨੂੰ ਦੁਖਦਾਈ ਦੱਸਿਆ। ਓਰਟਨ ਨੇ ਫੈਡਰਲ ਸਰਕਾਰ ਤੋਂ ਇਕ ਪੁਲ ਦੇ ਨਿਰਮਾਣ ਲਈ ਆਰਥਿਕ ਮਦਦ ਦੇਣ ਦੀ ਵੀ ਅਪੀਲ ਕੀਤੀ।
