ਉੱਤਰੀ-ਪੱਛਮੀ ਨਾਈਜੀਰੀਆ ਦੇ ਪਿੰਡਾਂ ''ਚ ਹੋਏ ਹਮਲਿਆਂ ''ਚ 30 ਲੋਕ ਮਰੇ
Thursday, Jul 19, 2018 - 11:10 AM (IST)
ਕਾਨੋ (ਭਾਸ਼ਾ)— ਉੱਤਰੀ-ਪੱਛਮੀ ਨਾਈਜੀਰੀਆ ਦੇ ਪਿੰਡਾਂ ਵਿਚ ਹੋਏ ਹਮਲਿਆਂ ਵਿਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਜਾਨਲੇਵਾ ਹਮਲੇ ਪਸ਼ੂ ਚੋਰੀ ਕਰਨ ਅਤੇ ਅਗਵਾ ਕਰਨ ਵਾਲੇ ਗੈਂਗ ਨੇ ਕੀਤੇ ਹਨ। ਜ਼ਾਮਫਾਰਾ ਸੂਬੇ ਦੇ ਮਾਰਾਡੁਨ ਜ਼ਿਲੇ ਦੇ 5 ਪਿੰਡਾਂ ਵਿਚ ਮੰਗਲਵਾਰ ਦੁਪਹਿਰ ਬਾਅਦ ਮੋਟਰਸਾਈਕਲਾਂ 'ਤੇ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਪਸ਼ੂ ਚੋਰੀ ਕਰ ਕੇ ਲੈ ਗਏ। ਹਮਲੇ ਨਾਲ ਪ੍ਰਭਾਵਿਤ ਇਕ ਪਿੰਡ ਗਯਾਦੇ ਦੇ ਕਮਿਊਨਿਟੀ ਲੀਡਰ ਜੱਬੀ ਲੈੱਬੋ ਨੇ ਕਿਹਾ,''ਅਸੀਂ 30 ਲਾਸ਼ਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਵਿਚੋਂ 26 ਲਾਸ਼ਾਂ ਨੂੰ ਦਫਨਾ ਦਿੱਤਾ ਗਿਆ ਹੈ ਜਦਕਿ 4 ਹੋਰ ਨੂੰ ਦਫਨਾਉਣ ਦੀ ਤਿਆਰੀ ਚੱਲ ਰਹੀ ਹੈ।''
ਲੈੱਬੋ ਨੇ ਕੱਲ ਸਮਾਚਾਰ ਏਜੰਸੀ ਨੂੰ ਦੱਸਿਆ,''ਸਕਿੱਦਾ ਵਿਚ 7, ਫਰੀਨ ਜਾਰੇ ਵਿਚ 4, ਓਰਾਵਾ ਵਿਚ 8, ਗਯਾਦੇ ਵਿਚ 7 ਅਤੇ ਸਬੋਨ ਗੈਰੀ ਵਿਚ 4 ਲੋਕਾਂ ਦੀ ਮੌਤ ਹੋ ਗਈ।'' ਓਰਾਵਾ ਨਿਵਾਸੀ ਸੁਲੇ ਮਾਡਾ ਨੇ ਦੱਸਿਆ ਕਿ 7 ਹੋਰ ਲੋਕ ਲਾਪਤਾ ਹਨ। ਅਜਿਹਾ ਲੱਗਦਾ ਹੈ ਕਿ ਹਮਲੇ ਤੋਂ ਬਚਣ ਦੀ ਕੋਸ਼ਿਸ਼ ਵਿਚ ਉਨ੍ਹਾਂ ਲੋਕਾਂ ਨੇ ਨੇੜੇ ਦੀ ਨਦੀ ਵਿਚ ਛਾਲ ਮਾਰ ਦਿੱਤੀ ਹੋਵੇਗੀ। ਮਾਡਾ ਨੇ ਦੱਸਿਆ,''ਲੁਟੇਰਿਆਂ ਨੇ ਪਿੰਡਾਂ 'ਤੇ ਇਕੱਠਿਆਂ ਹਮਲਾ ਕੀਤਾ ਅਤੇ ਬਹੁਤ ਸਾਰੇ ਪਸ਼ੂਆਂ, ਭੇਡਾਂ ਅਤੇ ਬਕਰੀਆਂ ਲੈ ਗਏ।'' ਜ਼ਾਮਫਾਰਾ ਵਿਚ ਪੁਲਸ ਨੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ ਪਰ ਕਿਹਾ ਹੈ ਕਿ ਸਿਰਫ 3 ਲੋਕਾਂ ਦੀ ਮੌਤ ਹੋਈ ਹੈ।
