ਜਣੇਪੇ ਲਈ ਸਾਈਕਲ ਚਲਾ ਕੇ ਹਸਪਤਾਲ ਪੁੱਜੀ ਨਿਊਜ਼ੀਲੈਂਡ ਦੀ ਮੰਤਰੀ

08/22/2018 11:43:02 AM

ਵੈਲਿੰਗਟਨ (ਬਿਊਰੋ)— ਨਿਊਜ਼ੀਲੈਂਡ ਦੀ ਮਹਿਲਾ ਮੰਤਰੀ ਜੂਲੀ ਐਨੇ ਜੈਂਟਰ ਨੇ ਇਕ ਮਿਸਾਲ ਕਾਇਮ ਕੀਤੀ ਹੈ। ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਲਈ ਖੁਦ ਸਾਈਕਲ ਚਲਾ ਕੇ ਹਸਪਤਾਲ ਪਹੁੰਚੀ। ਗ੍ਰੀਨ ਪਾਰਟੀ ਦੀ ਸੰਸਦ ਮੈਂਬਰ ਜੂਲੀ ਜੈਂਟਰ ਸਾਈਕਲਿਸਟ ਵੀ ਹੈ। ਬੱਚੇ ਨੂੰ ਜਨਮ ਦੇਣ ਲਈ ਉਹ ਆਪਣੇ ਘਰ ਤੋਂ ਕਰੀਬ ਇਕ ਕਿਲੋਮੀਟਰ ਦੂਰ ਸਥਿਤ ਆਕਲੈਂਡ ਸਿਟੀ ਹਸਪਤਾਲ ਤੱਕ ਸਾਈਕਲ ਚਲਾਉਂਦੇ ਹੋਏ ਪਹੁੰਚੀ। ਜੂਲੀ 42 ਹਫਤਿਆਂ ਦੀ ਗਰਭਵਤੀ ਹੈ। ਜੂਲੀ ਦਾ ਕਹਿਣਾ ਹੈ ਕਿ ਉਸ ਨੇ ਸਾਈਕਲ 'ਤੇ ਜਾਣ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਕਾਰ ਵਿਚ ਲੋਕਾਂ ਲਈ ਜ਼ਿਆਦਾ ਜਗ੍ਹਾ ਨਹੀਂ ਸੀ।'' ਜੂਲੀ ਨੇ ਆਪਣੇ ਪਤੀ ਨਾਲ ਇੰਸਟਾਗ੍ਰਾਮ 'ਤੇ ਤਸਵੀਰ ਪੋਸਟ ਕੀਤੀ ਅਤੇ ਲਿਖਿਆ,''ਐਤਵਾਰ ਦੀ ਖੂਬਸੂਰਤ ਸਵੇਰ।'' ਇਸੇ ਸਾਲ ਜੂਨ ਵਿਚ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੁਨੀਆ ਦੀ ਅਜਿਹੀ ਪਹਿਲੀ ਮਹਿਲਾ ਬਣੀ ਸੀ, ਜਿਸ ਨੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਆਪਣੇ ਕਾਰਜਕਾਲ ਦੌਰਾਨ ਬੱਚੇ ਨੂੰ ਜਨਮ ਦਿੱਤਾ ਸੀ।

PunjabKesari

ਜੂਲੀ ਅਤੇ ਉਸ ਦੇ ਪਤੀ ਨੇ ਬੱਚੇ ਨੂੰ ਜਨਮ ਦੇਣ ਲਈ ਆਕਲੈਂਡ ਸਿਟੀ ਸਰਕਾਰੀ ਹਸਪਤਾਲ ਨੂੰ ਚੁਣਿਆ। 38 ਸਾਲਾ ਜੂਲੀ ਦੇਸ਼ ਦੀ ਡਿਪਟੀ ਆਵਾਜਾਈ ਮੰਤਰੀ ਹੈ ਅਤੇ ਸਾਈਕਲਿੰਗ ਪ੍ਰਤੀ ਆਪਣੇ ਪਿਆਰ ਲਈ ਵੀ ਜਾਣੀ ਜਾਂਦੀ ਹੈ। ਜੂਲੀ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ,''ਸਾਨੂੰ ਸ਼ੁੱਭ ਕਾਮਨਾਵਾਂ ਦੇਵੋ। ਮੈਂ ਅਤੇ ਮੇਰੇ ਪਤੀ ਨੇ ਸਾਈਕਲ ਚੁਣੀ ਕਿਉਂਕਿ ਕਾਰ ਵਿਚ ਸਾਰਿਆਂ ਲਈ ਜਗ੍ਹਾ ਨਹੀਂ ਸੀ ਪਰ ਇਸ ਕਾਰਨ ਮੈਂ ਚੰਗੇ ਮੂਡ ਵਿਚ ਰਹੀ।'' ਉਸ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਸਾਈਕਲ 'ਤੇ ਉਨ੍ਹਾਂ ਦੀ ਸਵਾਰੀ ਢਲਾਣ ਤੋਂ ਉਤਰਨ ਜਿਹੀ ਰਹੀ। ਜੂਲੀ ਮੁਤਾਬਕ,''ਸ਼ਾਇਦ ਮੈਨੂੰ ਬੀਤੇ ਹਫਤੇ ਵਿਚ ਹੋਰ ਸਾਈਕਲ ਚਲਾਉਣੀ ਚਾਹੀਦੀ ਸੀ ਤਾਂਜੋ ਬੱਚਾ ਹੋਰ ਆਸਾਨੀ ਨਾਲ ਪੈਦਾ ਹੁੰਦਾ।'' 

ਅਮਰੀਕਾ ਵਿਚ ਪੈਦਾ ਹੋਈ ਜੂਲੀ ਨੇ ਆਪਣੇ ਗਰਭਵਤੀ ਹੋਣ ਦੀ ਖਬਰ ਵੀ ਸਾਈਕਲਿੰਗ ਕਰਦਿਆਂ ਦਿੱਤੀ ਸੀ। ਜੂਲੀ ਨੇ ਦੱਸਿਆ,''ਡਾਕਟਰਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਅਗਸਤ ਦੇ ਪਹਿਲੇ ਹਫਤੇ ਮਾਂ ਬਣਾਂਗੀ ਪਰ ਦੋ ਹਫਤੇ ਜ਼ਿਆਦਾ ਲੱਗ ਗਏ ਹਨ। ਮੈਂ ਅਤੇ ਮੇਰੇ ਪਤੀ ਬਹੁਤ ਖੁਸ਼ ਹਨ ਕਿਉਂਕਿ ਇਸ ਤੋਂ ਪਹਿਲਾਂ ਮੈਂ ਦੋ ਵਾਰੀ ਮਾਂ ਨਹੀਂ ਬਣ ਸਕੀ ਸੀ।'' ਜੂਲੀ ਹੁਣ 3 ਮਹੀਨੇ ਦੀ ਜਣੇਪਾ ਛੁੱਟੀ 'ਤੇ ਜਾਵੇਗੀ ਅਤੇ ਨਵੰਬਰ ਵਿਚ ਵਾਪਸ ਆਵੇਗੀ। ਉਸ ਦੀ ਪਾਰਟੀ ਦੇ ਇਕ ਸਾਥੀ ਨੇ ਦੱਸਿਆ ਕਿ ਹਾਲੇ ਤੱਕ ਜੂਲੀ ਨੇ ਬੱਚੇ ਨੂੰ ਜਨਮ ਨਹੀਂ ਦਿੱਤਾ ਹੈ।


Related News