ਨਿਊਜ਼ੀਲੈਂਡ ਦੇ ਯੂ-ਟਿਊਬਰ ਕਾਰਲ ਰੌਕ ਨੂੰ ਭਾਰਤ ਨੇ ਕੀਤਾ ਬਲੈਕ ਲਿਸਟ, ਅਦਾਲਤ ਪਹੁੰਚੀ ਪਤਨੀ

Saturday, Jul 10, 2021 - 05:15 PM (IST)

ਇੰਟਰਨੈਸ਼ਨਲ ਡੈਸਕ : ਨਿਊਜ਼ੀਲੈਂਡ ਦੇ ਮਸ਼ਹੂਰ ਯੂ-ਟਿਊਬਰ ਕਾਰਲ ਰੌਕ ’ਤੇ ਭਾਰਤ ਸਰਕਾਰ ਨੇ ਵੀਜ਼ਾ ਮਾਪਦੰਡਾਂ ਦੀ ਉਲੰਘਣਾ ਕਰਨ ’ਤੇ ਇਕ ਸਾਲ ਲਈ ਪਾਬੰਦੀ ਲਾ ਦਿੱਤੀ ਹੈ। ਕਾਰਲ ਰੌਕ ’ਤੇ ਟੂਰਿਸਟ ਵੀਜ਼ਾ ਦੇ ਨਾਂ ’ਤੇ ਕਾਰੋਬਾਰ ਕਰਨ ਦਾ ਦੋਸ਼ ਹੈ। ਸਰਕਾਰ ਨੇ ਇਕ ਸਾਲ ਲਈ ਉਸ ਦਾ ਨਾਂ ਬਲੈਕ ਲਿਸਟ ’ਚ ਪਾ ਦਿੱਤਾ ਹੈ, ਜਿਸ ਨੂੰ ਚੁਣੌਤੀ ਦੇਣ ਲਈ ਉਸ ਦੀ ਪਤਨੀ ਮਨੀਸ਼ਾ ਮਲਿਕ ਨੇ ਦਿੱਲੀ ਹਾਈਕੋਰਟ ਦਾ ਰੁਖ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਯੂ-ਟਿਊਬਰ ਕਾਰਲ ਰੌਕ ਮੂਲ ਤੌਰ ’ਤੇ ਨਿਊਜ਼ੀਲੈਂਡ ਦੇ ਰਹਿਣ ਵਾਲੇ ਹਨ ਪਰ ਉਨ੍ਹਾਂ ਦਾ ਵਿਆਹ ਭਾਰਤ ’ਚ ਹੋਇਆ ਹੈ, ਇਸੇ ਕਾਰਨ ਉਨ੍ਹਾਂ ਦਾ ਭਾਰਤ ਆਉਣਾ-ਜਾਣਾ ਲੱਗਾ ਰਹਿੰਦਾ ਸੀ। ਕਾਰਲ ਰੌਕ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਤਨੀ ਤੇ ਪਰਿਵਾਰ ਤੋਂ ਵੱਖ ਕਰ ਕੇ ਦੇਸ਼ ਵਿਚ ਦਾਖਲ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਮੈਨੂੰ ਮੇਰੀ ਦਿੱਲੀ ਰਹਿ ਰਹੀ ਪਤਨੀ ਮਨੀਸ਼ਾ ਤੋਂ ਵੱਖ ਕਰ ਕੇ ਮੇਰਾ ਨਾਂ ਬਲੈਕ ਲਿਸਟ ’ਚ ਪਾ ਦਿੱਤਾ ਗਿਆ ਹੈ ਪਰ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਗਈ ਕਿ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਕਿਉਂ ਕੀਤਾ ਗਿਆ।

ਇਹ ਵੀ ਪੜ੍ਹੋ : ਚੀਨ ਦੇ ਨਾਪਾਕ ਮਨਸੂਬੇ, DNA ਨਾਲ ਛੇੜਛਾੜ ਕਰ ਕੇ ਤਿਆਰ ਕਰ ਰਿਹਾ ਨਵੀਂ ਫੌਜ, ਅਮਰੀਕਾ ਦੀ ਉੱਡੀ ਨੀਂਦ

 ਯੂ-ਟਿਊਬਰ ਕਾਰਲ ਰੌਕ ਦੀ ਪਤਨੀ ਨੇ ਆਪਣੇ ਪਤੀ ਕਾਰਲ ਰੌਕ ਦਾ ਨਾਂ ਬਲੈਕ ਲਿਸਟ ’ਚ ਪਾਉਣ ਤੇ ਭਾਰਤ ਦਾਖਲੇ ਲਈ ਵੀਜ਼ਾ ਤੋਂ ਇਨਕਾਰ ਕਰਨ ਦੇ ਕੇਂਦਰ ਸਰਕਾਰ ਦੇ ਕਥਿਤ ‘ਮਨਮਰਜ਼ੀ ਤੇ ਅਣਉਚਿਤ’ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਵੀਜ਼ਾ ਨਾ ਦੇਣ ਤੇ ਪ੍ਰਤੀਵਾਦੀਆਂ (ਕੇਂਦਰ) ਵੱਲੋਂ ਮਨਮਰਜ਼ੀ ਨਾਲ ਉਨ੍ਹਾਂ ਦਾ ਨਾਂ ਬਲੈਕ ਲਿਸਟ ’ਚ ਪਾਉਣ ਕਾਰਨ ਉਹ ਉਨ੍ਹਾਂ ਨਾਲ ਰਹਿਣ ਤੋਂ ਵਾਂਝੇ ਹਨ, ਜੋ ਜੀਵਨ ਤੇ ਮਾਣ ਦੇ ਅਧਿਕਾਰ ਦੀ ਉਲੰਘਣਾ ਹੈ, ਜੋ ਸੰਵਿਧਾਨ ਦੇ ਆਰਟੀਕਲ 21 ਅਧੀਨ ਸੁਰੱਖਿਅਤ ਹਨ। ਪਟੀਸ਼ਨ ’ਚ ਕਿਹਾ ਗਿਆ ਕਿ ਪਟੀਸ਼ਨਕਰਤਾ ਮਨੀਸ਼ਾ ਮਲਿਕ ਤੇ ਉਨ੍ਹਾਂ ਦੇ ਪਤੀ ਕਾਰਲ ਰੌਕ ਦੇ ਤੌਰ ’ਤੇ ਮਸ਼ਹੂਰ ਹਨ, ਦੋਵੇਂ ਯੂ-ਟਿਊਬ ਬਲਾਗਰ ਹਨ ਤੇ ਭਾਰਤ ਦੀ ਖੂਬਸੂਰਤੀ ਨੂੰ ਕੈਦ ਕਰਨ ਲਈ ਉਸ ਦੇ ਜ਼ਿਆਦਾਤਰ ਹਿੱਸਿਆਂ ’ਚ ਗਏ ਹਨ ਤੇ ਇਥੇ ਸੈਰ‘ਸਪਾਟੇ ਨੂੰ ਬੜ੍ਹਾਵਾ ਦੇਣ ’ਚ ਉਨ੍ਹਾਂ ਦਾ ਯੋਗਦਾਨ ਰਿਹਾ ਹੈ। ਪਟੀਸ਼ਨ ’ਚ ਇਹ ਵੀ ਕਿਹਾ ਗਿਆ ਹੈ ਕਿ ਵੀਜ਼ਾ ਤੋਂ ਇਨਕਾਰ ਕੀਤੇ ਜਾਣ ਕਾਰਨ ਪਤੀ-ਪਤਨੀ ਜੁਦਾ ਹੋ ਗਏ ਹਨ ਤੇ ਉਨ੍ਹਾਂ ਨੂੰ ਵੀਜ਼ਾ ਸ਼ਰਤਾਂ ਦੀ ਉਲੰਘਣਾ ਦੱਸਣ ਵਾਲਾ ਕੋਈ ਕਾਰਨ ਤੇ ਉਨ੍ਹਾਂ ਨੂੰ ਵੀਜ਼ਾ ਨਾ ਦੇਣ ਦੇ ਕਾਰਨਾਂ ਨੂੰ ਲੈ ਕੇ ਕੋਈ ਨੋਟਿਸ ਨਹੀਂ ਦਿੱਤਾ ਗਿਆ। ਇਸ ਪਟੀਸ਼ਨ ’ਤੇ ਸੁਣਵਾਈ ਅਗਲੇ ਹਫ਼ਤੇ ਹੋ ਸਕਦੀ ਹੈ।

ਇਹ ਵੀ ਪੜ੍ਹੋ : ਬਾਈਡੇਨ ਨੇ ਪੁਤਿਨ ਨੂੰ ‘ਸਾਈਬਰ ਸੁਰੱਖਿਆ’ ਨੂੰ ਲੈ ਕੇ ਦਿੱਤੀ ਚੇਤਾਵਨੀ

 

 


Manoj

Content Editor

Related News