ਮੁਸ਼ਕਲ ''ਚ ਫਸੇ ਅਫਗਾਨ ਲੋਕਾਂ ਦੀ ਮਦਦ ਲਈ ਅੱਗੇ ਆਇਆ ਨਿਊਜ਼ੀਲੈਂਡ, ਦਿੱਤੀ ਵਿੱਤੀ ਸਹਾਇਤਾ

Friday, Aug 20, 2021 - 03:19 PM (IST)

ਵੈਲਿੰਗਟਨ (ਆਈਏਐਨਐਸ) ਨਿਊਜ਼ੀਲੈਂਡ ਨੇ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ (ICRC) ਅਤੇ ਅਫਗਾਨਿਸਤਾਨ ਵਿੱਚ  ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ (UNHCR) ਨੂੰ ਮਨੁੱਖੀ ਮਦਦ ਦੇ ਤੌਰ 'ਤੇ 3 ਮਿਲੀਅਨ ਨਿਊਜ਼ੀਲੈਂਡ ਡਾਲਰ (2 ਮਿਲੀਅਨ ਡਾਲਰ) ਦੇਣ ਦਾ ਐਲਾਨ ਕੀਤਾ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਵਿਦੇਸ਼ ਮਾਮਲਿਆਂ ਦੀ ਮੰਤਰੀ ਨਾਨੀਆ ਮਹੂਤਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸੰਗਠਨ ਅਫਗਾਨਿਸਤਾਨ ਵਿੱਚ ਸੰਕਟ ਪ੍ਰਭਾਵਿਤ ਭਾਈਚਾਰਿਆਂ ਅਤੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈਣ ਵਾਲੇ ਲੋਕਾਂ ਦਾ ਜੀਵਨ ਬਚਾਉਣ ਵਾਲੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰ ਰਹੇ ਹਨ।

PunjabKesari

ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ,“ਅਫਗਾਨਿਸਤਾਨ ਵਿੱਚ ਮਨੁੱਖੀ ਸਥਿਤੀ ਗੰਭੀਰ ਹੈ, ਲੱਖਾਂ ਲੋਕਾਂ ਨੂੰ ਸਹਾਇਤਾ ਦੀ ਲੋੜ ਹੈ ਅਤੇ ਸੈਂਕੜੇ ਲੋਕ ਹਾਲ ਹੀ ਦੇ ਸੰਘਰਸ਼ ਕਾਰਨ ਵਿਸਥਾਪਿਤ ਹੋਏ ਹਨ, ਜਿਨ੍ਹਾਂ ਵਿੱਚੋਂ 80 ਪ੍ਰਤੀਸ਼ਤ ਬੀਬੀਆਂ ਅਤੇ ਕੁੜੀਆਂ ਹਨ।” ਉਹਨਾਂ ਨੇ ਕਿਹਾ,''ਅਫਗਾਨਿਸਤਾਨ ਵਿੱਚ ਆਈਸੀਆਰਸੀ ਇਸ ਸਮੇਂ ਨਾਗਰਿਕਾਂ ਦੀ ਸੁਰੱਖਿਆ ਅਤੇ ਐਮਰਜੈਂਸੀ ਸਿਹਤ ਦੇਖਭਾਲ, ਪਾਣੀ ਅਤੇ ਸਫਾਈ ਸਮੇਤ ਜ਼ਰੂਰੀ ਸੇਵਾਵਾਂ ਦੀ ਵਿਵਸਥਾ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।'' ਮਹੂਤਾ ਨੇ ਅੱਗੇ ਕਿਹਾ ਕਿ ਯੂਐਨਐਚਸੀਆਰ ਅੰਦਰੂਨੀ ਤੌਰ 'ਤੇ ਵਿਸਥਾਪਿਤ ਹੋਏ ਅਫਗਾਨੀਆਂ ਨੂੰ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਹ ਗੁਆਂਢੀ ਦੇਸ਼ਾਂ ਵਿੱਚ ਵੀ ਅਫਗਾਨ ਸ਼ਰਨਾਰਥੀਆਂ ਦੀ ਸਹਾਇਤਾ ਕਰ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ -ਅਹਿਮਦ ਸ਼ਾਹ ਮਸੂਦ ਦਾ ਬੇਟਾ ਤਾਲਿਬਾਨ ਨਾਲ 'ਯੁੱਧ' ਲਈ ਤਿਆਰ, ਅਮਰੀਕਾ ਤੋਂ ਮੰਗੇ ਹਥਿਆਰ

ਮਹੂਤਾ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਸਾਰੀਆਂ ਧਿਰਾਂ ਨੂੰ ਕੌਮਾਂਤਰੀ ਮਾਨਵਤਾਵਾਦੀ ਕਾਨੂੰਨ ਦਾ ਆਦਰ ਕਰਨ, ਸਹਾਇਤਾ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਨੁਕਸਾਨ ਤੋਂ ਬਚਾਉਣ ਅਤੇ ਅੰਦੋਲਨ ਦੀ ਆਜ਼ਾਦੀ ਦੇ ਅਧਿਕਾਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।ਮੰਤਰੀ ਨੇ ਸੱਤਾ ਦੇ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਬੀਬੀਆਂ ਅਤੇ ਕੁੜੀਆਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿਉਂਕਿ ਇਹ ਮਾਨਵਤਾਵਾਦੀ ਸੰਕਟ ਵਿਗੜਦਾ ਜਾ ਰਿਹਾ ਹੈ।
ਨੋਟ- ਨਿਊਜ਼ੀਲੈਂਡ ਵੱਲੋਂ ਅਫਗਾਨ ਲੋਕਾਂ ਨੂੰ ਭੇਜੀ ਵਿੱਤੀ ਮਦਦ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News