ਨਿਊਜ਼ੀਲੈਂਡ : ਸਰਕਾਰ ਦੀ ਅਪੀਲ 'ਤੇ ਲੋਕ ਵਾਪਸ ਕਰ ਰਹੇ ਨੇ ਨਿੱਜੀ ਹਥਿਆਰ

03/20/2019 11:56:00 AM

ਵੈਲਿੰਗਟਨ (ਬਿਊਰੋ)— ਨਿਊਜ਼ੀਲੈਂਡ ਸਰਕਾਰ ਦੀ ਅਪੀਲ 'ਤੇ ਇੱਥੋਂ ਦੇ ਨਾਗਰਿਕਾਂ ਨੇ ਆਪਣੀ ਇੱਛਾ ਨਾਲ ਨਿੱਜੀ ਹਥਿਆਰ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਹਨ। ਬੀਤੇ ਸ਼ੁੱਕਰਵਾਰ ਨੂੰ ਦੋ ਮਸਜਿਦਾਂ 'ਤੇ ਹੋਏ ਹਮਲੇ ਦੇ ਬਾਅਦ ਇੱਥੋਂ ਦੀ ਸਰਕਾਰ ਨੇ ਲੋਕਾਂ ਨੂੰ ਹਥਿਆਰ ਵਾਪਸ ਕਰਨ ਦੀ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਦੇਸ਼ ਦੇ ਹਥਿਆਰ ਕਾਨੂੰਨ ਵਿਚ ਸਖਤੀ ਕਰਨ ਦੀ ਵੀ ਗੱਲ ਕੀਤੀ ਸੀ। ਇੱਥੇ ਦੱਸ ਦਈਏ ਕਿ ਆਸਟ੍ਰੇਲੀਅਨ ਬੰਦੂਕਧਾਰੀ ਬ੍ਰੈਂਟਨ ਟੈਂਰੇਟ ਵੱਲੋਂ ਕੀਤੇ ਗਏ ਹਮਲੇ ਵਿਚ 50 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਲਈ ਉਸ ਨੇ ਕਾਨੂੰਨੀ ਤਰੀਕੇ ਨਾਲ ਹਥਿਆਰ ਖਰੀਦੇ ਸਨ, ਜਿਸ ਮਗਰੋਂ ਦੇਸ਼ ਦੇ ਹਥਿਆਰ ਕਾਨੂੰਨ 'ਤੇ ਸਵਾਲ ਕੀਤੇ ਜਾ ਰਹੇ ਹਨ।

ਜਿੱਥੇ ਪ੍ਰਧਾਨ ਮੰਤਰੀ ਦੀ ਅਪੀਲ 'ਤੇ ਮਾਸਟ੍ਰਟੋਨ ਜ਼ਿਲੇ ਦੇ ਕਿਸਾਨ ਜੌਨ ਹਾਰਟ ਦੇ ਨਾਲ ਕਈ ਲੋਕਾਂ ਨੇ ਆਪਣੇ ਹਥਿਆਰ ਵਾਪਸ ਕਰ ਦਿੱਤੇ ਪਰ ਉਨ੍ਹਾਂ ਦੇ ਇਸ ਕਦਮ ਨੂੰ ਸੋਸ਼ਲ ਮੀਡੀਆ 'ਤੇ ਤਿੱਖੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰ ਕੇ ਅਮਰੀਕੀ ਲੋਕਾਂ ਨੇ ਇਸ ਕਦਮ ਦਾ ਬਿਲਕੁੱਲ ਸਵਾਗਤ ਨਹੀਂ ਕੀਤਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਚੰਗੇ ਲੋਕ ਆਪਣੀ ਸੁਰੱਖਿਆ ਲਈ ਰੱਖੇ ਗਏ ਹਥਿਆਰ ਛੱਡ ਦਿੰਦੇ ਹਨ ਤਾਂ ਅਪਰਾਧੀ ਇਸ ਦਾ ਫਾਇਦਾ ਚੁੱਕ ਸਕਦੇ ਹਨ।

ਨਿਊਜ਼ੀਲੈਂਡ ਦੀਆਂ ਮਸਜਿਦਾਂ 'ਤੇ ਹਮਲੇ ਨਾਲ ਦੁਖੀ ਵਿਸ਼ਵ ਕੱਪ ਰਗਬੀ ਖਿਡਾਰੀ ਜੁਲਿਅਨ ਸੇਵੀ ਨੇ ਪੀੜਤਾਂ ਦੇ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ,''ਮੈਂ ਹੁਣ ਤੱਕ ਹਾਦਸੇ ਤੋਂ ਉੱਭਰ ਨਹੀਂ ਪਾਇਆ ਹਾਂ। ਮੈਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਹਰ ਹਾਲਤ ਵਿਚ ਉਨ੍ਹਾਂ ਨਾਲ ਖੜ੍ਹਾ ਹਾਂ।''


Vandana

Content Editor

Related News