ਨਿਊਜ਼ੀਲੈਂਡ ਦੀ ਸੰਸਦ ਮੈਂਬਰ ਡਿਲਿਵਰੀ ਲਈ ਖ਼ੁਦ ਸਾਈਕਲ ਚਲਾ ਕੇ ਪਹੁੰਚੀ ਹਸਪਤਾਲ, ਸਾਂਝਾ ਕੀਤਾ ਅਨੁਭਵ
Sunday, Nov 28, 2021 - 01:06 PM (IST)
ਵੈਲਿੰਗਟਨ (ਬਿਊਰੋ) ਕਿਸੇ ਨੇ ਸੱਚ ਹੀ ਕਿਹਾ ਹੈ ਕਿ ਨਾਰੀ 'ਸ਼ਕਤੀ' ਦਾ ਦੂਜਾ ਰੂਪ ਹੈ। ਅਸਲ ਵਿਚ ਕਈ ਵਾਰ ਔਰਤਾਂ ਨੇ ਮੁਸ਼ਕਲ ਹਾਲਾਤ ਵਿਚ ਅਜਿਹਾ ਕੁਝ ਕਰ ਦਿਖਾਇਆ ਹੈ ਜੋ ਪੁਰਸ਼ਾਂ ਦੀ ਸੋਚ ਤੋਂ ਵੀ ਪਰੇ ਹੁੰਦਾ ਹੈ।ਅਜਿਹਾ ਹੀ ਕੁਝ ਹਾਲ ਹੀ ਵਿਚ ਨਿਊਜ਼ੀਲੈਂਡ ਵਿਚ ਹੋਇਆ। ਇੱਥੇ ਇਕ ਮਹਿਲਾ ਸਾਂਸਦ ਨੇ ਜਿਸ ਤਰ੍ਹਾਂ ਆਪਣੇ ਬੱਚੇ ਨੂੰ ਜਨਮ ਦਿੱਤਾ, ਇਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਗਰਭਵਤੀ ਸਾਂਸਦ ਜੂਲੀ ਐਨੇ ਜੈਂਟਰ ਰਾਤ 2 ਵਜੇ ਜਣੇਪਾ ਦਰਦ ਸ਼ੁਰੂ ਹੋਣ 'ਤੇ ਖੁਦ ਹੀ ਸਾਈਕਲ ਚਲਾ ਕੇ ਹਸਪਤਾਲ ਪਹੁੰਚੀ। ਹੈਰਾਨੀ ਦੀ ਗੱਲ ਇਹ ਹੈ ਕਿ ਇਕ ਘੰਟੇ ਦੇ ਅੰਦਰ ਹੀ ਮਤਲਬ 3:04 ਵਜੇ ਉਹਨਾਂ ਨੇ ਬੱਚੇ ਨੂੰ ਜਨਮ ਦਿੱਤਾ।
ਲੋਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ
ਜੂਲੀ ਨੇ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਫੇਸਬੁੱਕ 'ਤੇ ਸਾਈਕਲ ਰਾਈਡ ਤੋਂ ਲੈਕੇ ਬੱਚੇ ਨੇ ਜਨਮ ਤੱਕ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ-'ਵੱਡੀ ਖ਼ਬਰ! ਅੱਜ ਸਵੇਰੇ 3:04 ਵਜੇ ਸਾਡੇ ਪਰਿਵਾਰ ਨੇ ਇਕ ਨਵੇਂ ਮੈਂਬਰ ਦਾ ਸਵਾਗਤ ਕੀਤਾ। ਮੈਂ ਆਪਣਾ ਜਣੇਪਾ ਦਰਦ ਹੋਣ 'ਤੇ ਕਦੇ ਸਾਈਕਲ ਦੀ ਸਵਾਰੀ ਕਰਨ ਬਾਰੇ ਸੋਚਿਆ ਨਹੀਂ ਸੀ ਪਰ ਅਜਿਹਾ ਹੋਇਆ। ਅਸੀਂ ਜਦੋਂ ਹਸਪਤਾਲ ਲਈ ਨਿਕਲੇ ਤਾਂ ਮੈਨੂੰ ਕੋਈ ਜ਼ਿਆਦਾ ਸਮੱਸਿਆ ਨਹੀਂ ਸੀ ਪਰ ਹਸਪਤਾਲ ਦੀ 2-3 ਮਿੰਟ ਦੀ ਦੂਰੀ ਨੂੰ ਪਾਰ ਕਰਨ ਵਿਚ ਸਾਨੂੰ 10 ਮਿੰਟ ਲੱਗ ਗਏ। ਹੁਣ ਸਾਡੇ ਕੋਲ ਇਕ ਸਿਹਤੰਮਦ ਬੱਚਾ ਹੈ ਜੋ ਆਪਣੇ ਪਿਤਾ ਦੀ ਗੋਦੀ ਵਿਚ ਸੌਂ ਰਿਹਾ ਹੈ। ਇੰਨੀ ਚੰਗੀ ਟੀਮ ਪਾਉਣਾ ਖੁਸ਼ਕਿਸਮਤੀ ਹੈ ਜਿਸ ਕਾਰਨ ਡਿਲੀਵਰੀ ਜਲਦੀ ਹੋ ਸਕੀ।''
ਜੂਲੀ ਦੀ ਪੋਸਟ 'ਤੇ ਲੋਕਾਂ ਵੱਲੋਂ ਜ਼ਬਰਦਸਤ ਕੁਮੈਂਟ ਆ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਵਿਸ਼ਵਾਸ ਨਹੀਂ ਹੁੰਦਾ ਤਾਂ ਕੋਈ ਮਾਂ ਨੂੰ ਸਲਾਮ ਕਰ ਰਿਹਾ ਹੈ। ਕਈ ਲੋਕਾਂ ਨੇ ਨਵੇਂ ਬੱਚੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਕ ਔਰਤ ਨੇ ਲਿਖਿਆ ਕਿ ਮੈਂ ਤਾਂ ਗਰਭ ਅਵਸਥਾ ਵਿਚ ਕਾਰ ਦੀ ਸੀਟ ਬੈਲਟ ਵੀ ਨਹੀਂ ਲਗਾ ਪਾਉਂਦੀ ਸੀ। ਤੁਸੀਂ ਕਮਾਲ ਹੋ।
ਪੜ੍ਹੋ ਇਹ ਅਹਿਮ ਖਬਰ- 'ਓਮੀਕਰੋਨ' ਵੈਰੀਐਂਟ ਤੋਂ ਬਚਾਅ ਲਈ ਆਸਟ੍ਰੇਲੀਆ ਨੇ ਸਰਹੱਦਾਂ 'ਤੇ ਵਧਾਈ ਸਖ਼ਤੀ
ਗੌਰਤਲਬ ਹੈ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵੀ ਹਾਲ ਹੀ ਵਿਚ ਆਪਣੀ ਬੱਚੀ ਕਾਰਨ ਚਰਚਾ ਵਿਚ ਆਈ ਸੀ। ਇੱਥੇ ਉਹਨਾਂ ਨੂੰ ਕੰਮ ਅਤੇ ਪਰਿਵਾਰ ਵਿਚ ਸ਼ਾਨਦਾਰ ਤਾਲਮੇਲ ਬਿਠਾਉਂਦੇ ਦੇਖਿਆ ਗਿਆ। ਅਸਲ ਵਿਚ ਜੈਸਿੰਡਾ ਘਰ ਤੋਂ ਹੀ ਇਕ ਫੇਸਬੁੱਕ ਲਾਈਵ ਜ਼ਰੀਏ ਜਨਤਾ ਨੂੰ ਸੰਬੋਧਨ ਕਰ ਰਹੀ ਸੀ ਕਿ ਅਚਾਨਕ ਕੈਮਰੇ ਪਿੱਛੇ ਉਹਨਾਂ ਨੇ ਆਪਣੀ ਦੀ ਤਿੰਨ ਸਾਲ ਦੀ ਬੇਟੀ ਨੂੰ ਆਉਂਦੇ ਦੇਖਿਆ। ਬੇਟੀ ਨੂੰ ਦੇਖ ਕੇ ਜੈਸਿੰਡਾ ਨੇ ਕਿਹਾ ਕਿ ਡਾਰਲਿੰਗ ਇਸ ਸਮੇਂ ਤੁਹਾਨੂੰ ਬੈੱਡ 'ਤੇ ਹੋਣਾ ਚਾਹੀਦਾ ਹੈ। ਇਹ ਸੌਣ ਦਾ ਸਮਾਂ ਹੈ। ਤੁਰੰਤ ਜਾਓ ਅਤੇ ਮੈਂ ਹੁਣੇ ਆਉਂਦੀ ਹਾਂ। ਇਸ ਮਗਰੋਂ ਉਹਨਾਂ ਨੇ ਲਾਈਵ ਨਾਲ ਜੁੜੇ ਲੋਕਾਂ ਨੂੰ ਕਿਹਾ ਕਿ ਮੁਆਫ਼ ਕਰਨਾ ਫਿਰ ਉਹ ਹੱਸਣ ਲੱਗ ਪਈ। ਜੈਸਿੰਡਾ ਦੇ ਇਸ ਲਾਈਵ 'ਤੇ ਯੂਜ਼ਰਾਂ ਨੇ ਸ਼ਾਨਦਾਰ ਪ੍ਰਤੀਕਿਰਿਆਵਾਂ ਦਿੱਤੀਆਂ ਸਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।