25 ਮਿਲੀਅਨ ਡਾਲਰ 'ਚ ਬਣੇ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦਾ PM ਨੇ ਕੀਤਾ ਉਦਘਾਟਨ

Monday, Mar 22, 2021 - 10:04 AM (IST)

ਰਮਨਦੀਪ ਸਿੰਘ ਸੋਢੀ ਅਤੇ ਹਰਮੀਕ ਸਿੰਘ ਦੀ ਵਿਸ਼ੇਸ਼ ਰਿਪੋਰਟ: ਪਿਛਲੇ ਸਾਲ ਕੋਵਿਡ-19 ਦੇ ਚੱਲਦਿਆਂ ਮੁਲਤਵੀ ਕੀਤੇ ਗਏ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦਾ 21 ਮਾਰਚ 2021 ਨੂੰ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮਗਰੋਂ ਪੀ.ਐਮ. ਜੈਸਿੰਡਾ ਕਰੀਬ 3 ਘੰਟੇ ਤੱਕ ਸਮਾਗਮ ਵਿਚ ਰਹੇ। ਇਸ ਦੌਰਾਨ ਆਪਣੇ ਸੰਬੋਧਨ ਵਿਚ ਪੀ.ਐਮ. ਨੇ ਨਿਊਜ਼ੀਲੈਂਡ ਦੀ ਤਰੱਕੀ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਲਈ ਸ਼ਲਾਘਾ ਵੀ ਕੀਤੀ।

PunjabKesari

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਤਰੱਕੀ ’ਚ ਸਿੱਖ ਭਾਈਚਾਰੇ ਦਾ ਯੋਗਦਾਨ ਸ਼ਲਾਘਾਯੋਗ: ਜੈਸਿੰਡਾ

ਜਾਣੋ ਕੀ ਹੈ ਕੰਪਲੈਕਸ ਦੀ ਖ਼ਾਸੀਅਤ
ਬੀਤੇ 10 ਸਾਲਾਂ ਤੋਂ ਇਸ ਕੰਪਲੈਕਸ ਦੀ ਉਸਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। 1989 ਤੋਂ ਸੰਸਥਾ ਵੱਲੋਂ ਇੱਥੇ ਸਿੱਖ ਹੈਰੀਟੇਜ ਸਕੂਲ ਦਾ ਪ੍ਰਬੰਧ ਵੀ ਦੇਖਿਆ ਜਾ ਰਿਹਾ ਹੈ। ਹੁਣ ਸਕੂਲ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਇਤ ਕਰਨ ਅਤੇ ਸੁਚੱਜੇ ਜੀਵਨ ਲਈ ਪ੍ਰੇਰਿਤ ਕਰਨ ਲਈ ਇਹ ਕੰਪਲੈਕਸ ਬਣਾਇਆ ਗਿਆ ਹੈ, ਜੋ ਕਿ ਆਪਣੇ ਆਪ ਵਿਚ ਹੀ ਇਤਿਹਾਸਕ ਹੈ। ਇਸ ਵਿਸ਼ਵ ਪੱਧਰੀ ਬਹੁਮੰਤਵੀ ਕੰਪਲੈਕਸ ਵਿਚ 7 ਵੱਖ-ਵੱਖ ਖੇਡ ਸੈਂਟਰ ਉਸਾਰੇ ਗਏ ਹਨ। ਜਿਨ੍ਹਾਂ ਵਿਚ ਫੀਫਾ ਤੋਂ ਮਨਜ਼ੂਰ ਫੁੱਟਬਾਲ ਗਰਾਊਂਡ, ਹਾਕੀ, ਵਾਲੀਬਾਲ, ਬਾਸਕਟਬਾਲ, ਕ੍ਰਿਕਟ, ਕਬੱਡੀ, 100 ਮੀਟਰ ਰੇਸ ਟਰੈਕ ਆਦਿ ਖੇਡਾਂ ਹਨ। ਇਹ ਸਪੋਰਟਸ ਕੰਪਲੈਕਸ 8.6 ਏਕੜ ਜ਼ਮੀਨ ’ਤੇ ਬਣਾਇਆ ਗਿਆ ਹੈ। ਪੂਰਾ ਖੇਡ ਕੰਪਲੈਕਸ 7 ਵੱਡੀਆਂ ਲਾਈਟਾਂ ਨਾਲ ਰੌਸ਼ਨ ਹੋਵੇਗਾ। ਇਨ੍ਹਾਂ ਫਲੱਡ ਲਾਈਟਾਂ ਵਿਚ ਇਨ ਬਿਲਟ ਸਾਊਂਡ ਸਿਸਟਮ ਰੱਖਿਆ ਗਿਆ ਹੈ ਤਾਂ ਜੋ ਖੇਡ ਪ੍ਰਬੰਧਕਾਂ ਨੂੰ ਵੱਖ ਤੋਂ ਸਾਊਂਡ, ਮਾਈਕ੍ਰੋਫੋਨ ਅਤੇ ਪਬਲਿਕ ਐਡਰੈਸ ਸਿਸਟਮ ਦਾ ਬੰਦੋਬਸਤ ਨਾ ਕਰਨਾ ਪਵੇ।

PunjabKesari

ਟੀਪੁੱਕੀ ਦੀ ਟੀਮ ਨੇ ਜਿੱਤਿਆ ਕਬੱਡੀ ਕੱਪ
ਆਖਰੀ ਦਿਨ ਹੋਏ ਵੱਖ-ਵੱਖ ਮੈਚਾਂ ਦੇ ਮੁਕਾਬਲਿਆਂ ’ਚ ਕਬੱਡੀ ਮੈਚ ਖਿੱਚ ਦਾ ਕੇਂਦਰ ਬਣੇ। ਟੀਪੁੱਕੀ ਦੀ ਟੀਮ ਸ਼ਰਨ ਬੱਲ ਨੇ ਆਜਾਦ ਸਪੋਰਟਸ ਨੂੰ ਹਰਾ ਕੇ ਕੱਪ ’ਤੇ ਕਬਜ਼ਾ ਕੀਤਾ। ਇਸ ਦੌਰਾਨ ਤਕਰੀਬਨ 1000 ਐਥਲੀਟਾਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ: ਪ੍ਰਸਿੱਧ ਕਬੱਡੀ ਪ੍ਰਮੋਟਰ ਅਤੇ ਕੀਵੀ ਫਾਰਮਰ ਗੋਪਾ ਬੈਂਸ ਦਾ ਵਿਸ਼ੇਸ਼ ਸਨਮਾਨ

PunjabKesari

ਸ਼ਾਬਾਸ਼ ਪੁੱਤਰੋ ਪੰਜਾਬ ਹੀ ਬਣਾ 'ਤਾ
ਉਦਘਾਟਨੀ ਸਮਾਗਮ ਦੌਰਾਨ ਦਰਸ਼ਕ ਗੈਲਰੀ ਵਿਚ ਹਾਜ਼ਰ ਬਜ਼ੁਰਗ ਬਾਬਿਆਂ ਨੇ ਪ੍ਰਬੰਧਕ ਕਮੇਟੀ ਨੂੰ ਸ਼ਾਬਾਸ਼ੀ ਦਿੰਦੇ ਹੋਏ ਕਿਹਾ ਕਿ ਕਮੇਟੀ ਦੇ ਉਪਰਾਲਿਆਂ ਨਾਲ ਉਹ ਸੱਤ ਸਮੁੰਦਰ ਪਾਰ ਹੋਣ ਦੇ ਬਾਵਜੂਦ ਵੀ ਅੱਜ ਆਪਣੇ ਪਿੰਡ, ਸੂਬੇ ਅਤੇ ਦੇਸ਼ ਨਾਲ ਜੁੜੇ ਹੋਏ ਮਹਿਸੂਸ ਕਰਰਹੇ ਹਨ। ਉਹ ਇਸ ਗੱਲੋਂ ਖੁਸ਼ ਹਨ ਕਿ ਆਉਣ ਵਾਲੀ ਪੀੜ੍ਹੀ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਨਾਲ ਨਾ ਸਿਰਫ ਆਪਣੀ ਮਾਂ ਖੇਡ ਕੱਬਡੀ ਨਾਲ ਜੁੜੀ ਰਹੇਗੀ ਸਗੋਂ ਹੋਰ ਖੇਡਾਂ ਵਿਚ ਵੀ ਮੱਲਾਂ ਮਾਰਨ ਦਾ ਮੌਕਾ ਮਿਲੇਗਾ। ਇਕ ਬਜ਼ੁਰਗ ਨੇ ਬੇਹਦ ਭਾਵੁਕ ਹੁੰਦਿਆਂ ਕਿਹਾ ਕਿ ਸ਼ਾਬਾਸ਼ ਉਏ ਪੁੱਤਰੋ ਤੁਸੀਂ ਤਾਂ ਨਿਊਜ਼ੀਲੈਂਡ ਨੂੰ ਪੰਜਾਬ ਹੀ ਬਣਾ ਦਿੱਤਾ।

PunjabKesari

 ਨੋਟ:- ਨਿਊਜ਼ੀਲੈਂਡ 'ਚ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦੀ ਸਥਾਪਨਾ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ?

 


 


cherry

Content Editor

Related News