ਨਿਊਜ਼ੀਲੈਂਡ ਦੇ ਸੰਸਦ ਮੈਂਬਰ ਨੇ ''ਟਾਈ'' ਲਾਉਣ ਵਿਰੁੱਧ ਜਿੱਤੀ ਲੜਾਈ

Friday, Feb 12, 2021 - 06:12 PM (IST)

ਨਿਊਜ਼ੀਲੈਂਡ ਦੇ ਸੰਸਦ ਮੈਂਬਰ ਨੇ ''ਟਾਈ'' ਲਾਉਣ ਵਿਰੁੱਧ ਜਿੱਤੀ ਲੜਾਈ

ਵੈਲਿੰਗਟਨ (ਬਿਊਰੋ): ਪਾਰਟੀ ਹੋਵੇ ਜਾਂ ਮੀਟਿੰਗ ਅਕਸਰ ਟਾਈ ਪਾਉਣਾ ਪਸੰਦ ਕੀਤਾ ਜਾਂਦਾ ਹੈ। ਨਿਊਜ਼ੀਲੈਂਡ ਦੇ ਇਕ ਮਾਓਰੀ ਸੰਸਦ ਮੈਂਬਰ ਨੇ ਇਸ ਪ੍ਰਥਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਕਿਉਂਕਿ ਉਹਨਾਂ ਨੂੰ ਟਾਈ ਨਾ ਪਾਉਣ ਕਾਰਨ ਸੰਸਦ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ। ਉਹਨਾਂ ਨੂੰ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਪਰ ਉਹ ਆਪਣੇ ਫ਼ੈਸਲੇ 'ਤੇ ਤਟੇ ਰਹੇ। ਉਹਨਾਂ ਦੀ ਨਜ਼ਰ ਵਿਚ ਟਾਈ ਮਤਲਬ ਅੰਗਰੇਜ਼ਾਂ ਦੀ ਗੁਲਾਮੀ ਦਾ ਪ੍ਰਤੀਕ ਹੈ। ਆਖਿਰਕਾਰ ਦੇਸ਼ ਦੀ ਸੰਸਦ ਵਿਚ ਟਾਈ ਪਾਉਣ ਖ਼ਿਲਾਫ਼ ਉਹਨਾਂ ਨੇ ਲੜਾਈ ਜਿੱਤ ਲਈ ਅਤੇ ਨਿਊਜ਼ੀਲੈਂਡ ਦੀ ਸੰਸਦ ਨੂੰ ਆਪਣੇ ਨਿਯਮ ਬਦਲਣੇ ਪਏ।

ਆਖਿਰਕਾਰ ਮਿਲੀ ਸਫਲਤਾ
ਮਾਓਰੀ ਪਾਰਟੀ ਦੇ ਸੰਯੁਕਤ ਲੀਡਰ ਰਾਵਿਰੀ ਵੈਤੀਤੀ ਦੀ ਨਜ਼ਰ ਵਿਚ ਟਾਈ ਪਾਉਣਾ ਗੁਲਾਮੀ ਦਾ ਚਿੰਨ੍ਹ ਹੈ, ਜਿਸ ਨੂੰ ਹੁਣ ਗਲੇ ਵਿਚ ਲਟਕਾਉਣ ਦੀ ਲੋੜ ਨਹੀਂ ਹੈ। ਉਹਨਾਂ ਦਾ ਸੰਘਰਸ਼ ਸਫਲ ਹੋਇਆ ਅਤੇ ਹੁਣ ਨਿਊਜ਼ੀਲੈਂਡ ਦੀ ਸੰਸਦ ਵਿਚ ਟਾਈ ਪਾਉਣੀ ਜ਼ਰੂਰੀ ਨਹੀਂ ਹੈ। ਹੁਣ ਤੱਕ ਨਿਊਜ਼ੀਲੈਂਡ ਦੀ ਸੰਸਦ ਵਿਚ ਡਰੈਸ ਕੋਡ ਲਾਗੂ ਸੀ। ਸੰਸਦ ਦੇ ਸਪੀਕਰ ਟ੍ਰੇਵਰ ਮਾਲਾਰਡ ਦੀ ਮਾਓਰੀ ਸੰਸਦ ਨਾਲ ਤਿੱਖੀ ਬਹਿਸ ਹੋਈ ਸੀ। ਮੰਗਲਵਾਰ ਨੂੰ ਉਹਨਾਂ ਨੂੰ ਸੰਸਦ ਵਿਚੋਂ ਬਾਹਰ ਕੱਢ ਦਿੱਤਾਗਿਆ ਸੀ। ਉਸ ਸਮੇਂ ਵਿਤੈਤੀ ਨੇ ਅੰਗਰੇਜ਼ਾਂ ਦੀ ਟਾਈ ਪਾਉਣ ਦੀ ਬਜਾਏ ਰਵਾਇਤੀ ਹੇ ਤਿਕੀ ਲਾਕੇਟ ਪਾਇਆ ਹੋਇਆ ਸੀ। ਭਾਵੇਂਕਿ ਮਾਲਾਰਡ ਖੁਦ ਟਾਈ ਦੇ ਨਿਯਮ ਨਾਲ ਸਹਿਮਤ ਨਹੀਂ ਸਨ ਪਰ ਸੰਸਦ ਦੇ ਨਿਯਮਾਂ ਦਾ ਪਾਲਣ ਕਰਵਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੈ।

ਗੱਲ ਸੰਸਕ੍ਰਿਤੀ ਦੀ
ਮਾਲਾਰਡ ਨੇ ਸੰਸਦ ਵਿਚੋਂ ਵਿਤੈਤੀ ਨੂੰ ਬਾਹਰ ਦਾ ਰਸਤਾ ਦਿਖਾਉਂਦੇ ਹੋਏ ਕਿਹਾ ਕਿ ਮੈਂ ਤੁਹਾਡੀ ਗੱਲ ਨੂੰ ਸਹਿਮਤੀ ਨਹੀਂ ਦੇਵਾਂਗਾ ਅਤੇ ਤੁਹਾਨੂੰ ਬਾਹਰ ਜਾਣਾ ਹੋਵੇਗਾ। ਜਦਕਿ ਮਾਓਰੀ ਨੇ ਜਵਾਬ ਵਿਚ ਕਿਹਾ ਕਿ ਇਹ ਮਾਮਲਾ ਸਿਰਫ ਟਾਈ ਦਾ ਨਹੀਂ ਹੈ ਸਗੋਂ ਸਾਡੀ ਸੰਸਕ੍ਰਿਤੀ ਦਾ ਹੈ। ਵੈਤੀਤੀ ਨੇ ਕਿਹਾ,''ਇਹ ਸਵਦੇਸ਼ੀ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਸਾਡੇ ਕੋਲ ਪੂਰਾ ਅਧਿਕਾਰ ਹੈ ਕਿ ਅਸੀਂ ਆਪਣੀ ਸੱਭਿਆਚਾਰਕ ਪਛਾਣ ਦੀ ਪਾਲਣਾ ਕਰੀਏ।''

ਬੈਠਕ ਮਗਰੋਂ ਲਿਆ ਗਿਆ ਫ਼ੈਸਲਾ
ਵੈਤੀਤੀ ਦਾ ਸੰਘਰਸ਼ ਸਫਲ ਹੋਇਆ ਅਤੇ ਸੰਸਦ ਸਪੀਕਰ ਨੂੰ ਆਪਣਾ ਪੱਖ ਬਦਲਣਾ ਪਿਆ। ਕਮੇਟੀ ਦੀ ਬੈਠਕ ਬੁਲਾਈ ਗਈ, ਜਿੱਥੇ ਮਾਓਰੀ ਸਾਂਸਦ ਨੇ ਆਪਣੀ ਗੱਲ ਰੱਖੀ। ਜ਼ਿਆਦਾਤਰ ਸਾਂਸਦਾਂ ਨੇ ਮੰਨਿਆ ਕਿ ਪੁਰਸ਼ਾਂ ਦੇ ਡਰੈਸ ਕੋਡ ਵਿਚ ਟਾਈ ਦੀ ਲੋੜ ਨਹੀਂ ਹੈ। ਸਪੀਕਰ ਨੇ ਫ਼ੈਸਲਾ ਸੁਣਾਇਆ ਕਿ ਹੁਣ ਟਾਈ ਪਾਉਣ ਦੀ ਲੋੜ ਨਹੀਂ ਹੈ। ਇਸ ਫ਼ੈਸਲੇ ਮਗਰੋਂ ਵੈਤੀਤੀ ਦੀ ਮਾਓਰੀ ਅਤੇ ਹੋਰ ਆਦਿਵਾਸੀ ਭਾਈਚਾਰੇ ਵਿਚ ਤਾਰੀਫ ਹੋ ਰਹੀ ਹੈ। ਇਸ ਮਗਰੋਂ ਹੋਰ ਸੰਸਦ ਮੈਂਬਰਾਂ ਨੇ ਵੀ ਟਾਈ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ: ਅਮਰੀਕਾ ਨੇ ਮੋਡਰਨਾ-ਫਾਈਜ਼ਰ ਵੈਕਸੀਨ ਦੇ 20 ਕਰੋੜ ਟੀਕੇ ਲਾਉਣ ਲਈ ਖਿੱਚੀ ਤਿਆਰੀ

ਇੱਥੇ ਦੱਸ ਦਈਏ ਕਿ ਪੰਜ ਬੱਚਿਆਂ ਦੇ ਪਿਤਾ ਵੈਤੀਤੀ ਨੇ ਬੀਤੇ ਸਾਲ ਅਕਤੂਬਰ ਵਿਚ ਚੋਣਾਂ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਹ ਸੁਭਾਅ ਦੇ ਹੱਸਮੁੱਖ ਵਿਅਕਤੀ ਹਨ ਪਰ ਆਪਣਾ ਪੱਖ ਰੱਖਣਾ ਜਾਣਦੇ ਹਨ। ਉਹ ਆਪਣੇ ਫੈ਼ਸਲੇ ਤੋਂ ਪਿੱਛੇ ਨਾ ਹਟਣ ਲਈ ਜਾਣੇ ਜਾਂਦੇ ਹਨ। ਉਹਨਾਂ ਨੇ ਕਿਹਾ ਸੀ ਕਿ ਮਾਓਰੀ ਦੇ ਅਧਿਕਾਰਾਂ ਲਈ ਉਹ ਬੇਖੌਫ ਆਪਣੀ ਗੱਲ ਰੱਖਣਗੇ।

ਨੋਟ - ਨਿਊਜ਼ੀਲੈਂਡ ਦੇ ਸੰਸਦ ਮੈਂਬਰ ਨੇ 'ਟਾਈ' ਲਾਉਣ ਵਿਰੁੱਧ ਜਿੱਤੀ ਲੜਾਈ, ਕੁਮੈਂਟ ਕਰ ਦਿਓ ਰਾਏ।


author

Vandana

Content Editor

Related News