ਨਿਊਜ਼ੀਲੈਂਡ : ਮਸਜਿਦਾਂ ''ਚ ਕਤਲੇਆਮ ਦੇ ਬਾਅਦ ਪੁਲਸ ਨੇ ਚੁੱਕਿਆ ਇਹ ਕਦਮ
Friday, Oct 18, 2019 - 11:56 AM (IST)

ਵੈਲਿੰਗਟਨ (ਬਿਊਰੋ)— ਨਿਊਜ਼ੀਲੈਂਡ ਦੀ ਸਰਕਾਰ ਕ੍ਰਾਈਸਟਚਰਚ ਦੀਆਂ ਮਸਜਿਦਾਂ ਵਿਚ ਹੋਏ ਕਤਲੇਆਮ ਦੇ ਬਾਅਦ ਕਾਫੀ ਸਾਵਧਾਨ ਹੋ ਗਈ ਹੈ। ਇਸ ਹਮਲੇ ਵਿਚ 51 ਮੁਸਲਿਮ ਲੋਕ ਮਾਰੇ ਗਏ ਸਨ। ਇਸ ਮਗਰੋਂ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਨੇ ਕਈ ਕਦਮ ਚੁੱਕੇ। ਹੁਣ ਇੱਥੋਂ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਹਥਿਆਰਬੰਦ ਗਸ਼ਤ (Armed Patrols) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਨਿਊਜ਼ੀਲੈਂਡ ਦੇ ਕਮਿਸ਼ਨਰ ਮਾਈਕ ਬੁਸ਼ ਨੇ ਕਿਹਾ ਕਿ ਮਾਰਚ ਵਿਚ ਆਧੁਨਿਕ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਹੋਈ ਸਭ ਤੋਂ ਵੱਡੀ ਗੋਲੀਬਾਰੀ ਦੇ ਬਾਅਦ ਇਸ ਫੈਸਲੇ ਨੂੰ ਲਾਗੂ ਕਰਨ ਲਈ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ 15 ਮਾਰਚ ਨੂੰ ਕ੍ਰਾਈਸਟਚਾਰਚ 'ਤੇ ਹੋਏ ਹਮਲੇ ਦੇ ਬਾਅਦ ਇੱਥੋਂ ਦੇ ਵਾਤਾਵਰਨ ਵਿਚ ਤਬਦੀਲੀ ਆ ਗਈ ਹੈ। ਇੱਥੇ ਖਤਰੇ ਦਾ ਪੱਧਰ ਹਾਲੇ ਵੀ ਬਣਿਆ ਹੋਇਆ ਹੈ, ਇਸ ਲਈ ਸ਼ਹਿਰ ਨੂੰ ਸੁਰੱਖਿਅਤ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਕ੍ਰਾਈਸਟਚਰਚ ਸਮੇਤ ਤਿੰਨ ਖੇਤਰਾਂ ਵਿਚ ਨਵੀਂ ਪ੍ਰਣਾਲੀ ਦੇ ਤਹਿਤ ਪਰੀਖਣ ਕੀਤਾ ਜਾ ਰਿਹਾ ਹੈ। ਪਰੀਖਣ ਦੌਰਾਨ ਏ.ਓ.ਐੱਸ. ਅਧਿਕਾਰੀ ਲਗਾਤਾਰ ਵਿਸ਼ੇਸ਼ ਗੱਡੀਆਂ ਵਿਚ ਗਸ਼ਤ 'ਤੇ ਰਹਿਣਗੇ, ਜਿਸ ਨਾਲ ਹੋਰ ਤੇਜ਼ ਪ੍ਰਤੀਕਿਰਿਆ ਸਮੇਂ 'ਤੇ ਮਿਲ ਸਕੇਗੀ। ਪੁਲਸ ਮੁਤਾਬਕ ਇਨ੍ਹਾਂ ਨਵੀਆਂ ਟੀਮਾਂ ਦੇ ਪਰੀਖਣ 'ਤੇ ਸਖਤ ਨਜ਼ਰ ਰੱਖੀ ਜਾਵੇਗੀ।