ਨਿਊਜ਼ੀਲੈਂਡ ''ਚ ਮ੍ਰਿਤਕ ਮਿਲੀ ਲਾਪਤਾ ਚੀਨੀ ਸੈਲਾਨੀ

10/21/2019 10:29:55 AM

ਵੈਲਿੰਗਟਨ (ਭਾਸ਼ਾ)— ਇਸ ਹਫਤੇ ਦੇ ਅਖੀਰ ਵਿਚ ਇਕ 51 ਸਾਲਾ ਚੀਨੀ ਸੈਲਾਨੀ ਲਾਪਤਾ ਹੋ ਗਈ ਸੀ। ਹੁਣ ਉਸ ਦੀ ਲਾਸ਼ ਨਿਊਜ਼ੀਲੈਂਡ ਦੇ ਟੋਂਗਿਯਾਰੋ ਨੈਸ਼ਨਲ ਪਾਰਕ ਵਿਚ ਪਾਈ ਗਈ ਹੈ। ਨਿਊਜ਼ੀਲੈਂਡ ਪੁਲਸ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਆਕਲੈਂਡ ਵਿਚ ਚੀਨੀ ਕੌਂਸਲੇਟ ਜਨਰਲ ਨੇ ਇਕ ਐਮਰਜੈਂਸੀ ਯੋਜਨਾ ਸ਼ੁਰੂ ਕੀਤੀ ਹੈ ਅਤੇ ਪੀੜਤਾ ਦੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕੀਤਾ ਹੈ। ਕੌਂਸਲੇਟ ਜਨਰਲ ਦੇ ਇਕ ਅਧਿਕਾਰੀ ਨੇ ਦੱਸਿਆ,''ਅਸੀਂ ਇਸ ਕੇਸ ਦੀ ਪੈਰਵੀ ਕਰਾਂਗੇ ਅਤੇ ਪਰਿਵਾਰ ਨੂੰ ਲੋੜੀਂਦੀ ਮਦਦ ਮੁਹੱਈਆ ਕਰਾਂਗੇ।''

ਪੁਲਸ ਮੁਤਾਬਕ ਮਹਿਲਾ ਚਾਰ ਲੋਕਾਂ ਦੇ ਸਮੂਹ ਦਾ ਹਿੱਸਾ ਸੀ, ਜੋ ਸ਼ੁੱਕਰਵਾਰ ਸਵੇਰੇ ਨਿਊਜ਼ੀਲੈਂਡ ਦੇ ਗ੍ਰੇਟ ਵਾਕ ਵਿਚੋਂ ਇਕ ਟੋਂਗਾਰੀਓ ਨੌਰਥਨ ਸਰਕਿਟ ਵਾਕ ਦੇ ਆਲੇ-ਦੁਆਲੇ ਹਾਈਕ ਲਈ ਨਿਕਲਿਆ ਸੀ। ਇਕ ਗਲਤ ਮੋੜ ਲੈਣ ਦੇ ਬਾਅਦ ਉਨ੍ਹਾਂ ਵਿਚੋਂ ਤਿੰਨ ਨੇ ਵਾਪਸ ਜਾਣ ਦਾ ਫੈਸਲਾ ਲਿਆ ਜਦਕਿ ਮਹਿਲਾ ਇਕੱਲੇ ਹੀ ਅੱਗੇ ਵੱਧ ਗਈ। ਉਸ ਦੇ ਦੋਸਤਾਂ ਨੇ ਐਤਵਾਰ ਸਵੇਰੇ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਕਿਉਂਕਿ ਉਹ ਸ਼ਨੀਵਾਰ ਸ਼ਾਮ ਤੱਕ ਵਾਪਸ ਨਹੀਂ ਪਰਤੀ ਸੀ। 

ਨਿਊਜ਼ੀਲੈਂਡ ਪੁਲਸ ਦੇ ਸੀਨੀਅਰ ਕਾਂਸਟੇਬਲ ਬੈਰੀ ਸ਼ੈਫਰਡ ਨੇ ਕਿਹਾ ਕਿ ਮਹਿਲਾ ਦੀ ਮੌਤ ਇਕ ਦੁਖਦਾਈ ਨਤੀਜਾ ਹੈ। ਸ਼ੈਫਰਡ ਨੇ ਕਿਹਾ,''ਅਸੀਂ ਚਾਹੁੰਦੇ ਹਾਂ ਕਿ ਸਾਡੇ ਯਾਤਰੀ ਇੱਥੇ ਵਧੀਆ ਸਮਾਂ ਬਿਤਾਉਣ ਅਤੇ ਸੁਰੱਖਿਅਤ ਘਰ ਪਰਤਣ। ਪੀਪਲਜ਼ ਰੀਪਬਲਿਕ ਆਫ ਚਾਈਨਾ ਦੇ ਦੂਤਾਵਾਸ ਤੋਂ ਪੁਲਸ ਅਤੇ ਸਟਾਫ ਉਸ ਦੇ ਤਿੰਨ ਦੋਸਤਾਂ ਦਾ ਸਮਰਥਨ ਕਰ ਰਹੇ ਹਨ। ਸਾਡੀ ਹਮਦਰਦੀ ਇਸ ਮੁਸ਼ਕਲ ਸਮੇਂ ਵਿਚ ਉਨ੍ਹਾਂ ਦੇ ਨਾਲ ਹੈ।'' ਪੁਲਸ ਨੇ ਦੱਸਿਆ ਕਿ ਮਹਿਲਾ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Vandana

Content Editor

Related News