ਭਾਰਤ ਨੂੰ 15 ਮੂਰਤੀਆਂ ਵਾਪਸ ਕਰੇਗਾ ਅਮਰੀਕਾ ਦਾ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ
04/01/2023 4:26:22 PM

ਨਿਊਯਾਰਕ- ਅਮਰੀਕਾ ਦਾ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਭਾਰਤ ਨੂੰ 15 ਮੂਰਤੀਆਂ ਵਾਪਸ ਕਰੇਗਾ। ਉਸਨੇ ਇਹ ਕਦਮ ਉਦੋਂ ਚੁੱਕਿਆ ਹੈ, ਜਦੋਂ ਉਸਨੂੰ ਪਤਾ ਲੱਗਾ ਹੈ ਕਿ ਇਹ ਮੂਰਤੀਆਂ ਭਾਰਤ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆ ਕੇ ਵੇਚੀਆਂ ਗਈਆਂ ਸਨ। ਮਿਊਜ਼ੀਅਮ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਉਹ 15 ਮੂਰਤੀਆਂ ਭਾਰਤ ਸਰਕਾਰ ਨੂੰ ਵਾਪਸ ਕਰੇਗਾ। ਇਨ੍ਹਾਂ 'ਚ ਪਹਿਲੀ ਸ਼ਤਾਬਦੀ ਈਸਾ ਪੂਰਵ ਤੋਂ ਲੈ ਕੇ 11ਵੀਂ ਈਸਵੀ ਦੀਆਂ ਮੂਰਦੀਆਂ ਸ਼ਾਮਲ ਹਨ, ਜੋ ਟੇਰਾਕੋਟਾ, ਤਾਂਬਾ ਅਤੇ ਪੱਥਰ ਨਾਲ ਬਣੀਆਂ ਹਨ। ਇਹ ਸਾਰੀਆਂ ਮੂਰਤੀਆਂ ਬਦਨਾਮ ਡੀਲਰ ਸੁਭਾਸ਼ ਕਪੂਰ ਨੇ ਵੇਚੀਆਂ ਸਨ ਜੋ ਇਸ ਸਮੇਂ ਭਾਰਤ 'ਚ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਮਿਊਜ਼ੀਅਮ ਕਲਾ ਵਸਤੂਆਂ ਨੂੰ ਜ਼ਿੰਮੇਵਾਰ ਤਰੀਕੇ ਨਾਲ ਐਕਵਾਇਰ ਕਰਨ ਲਈ ਵਚਨਬੱਧ ਹੈ। ਮਿਊਜ਼ੀਅਮ ਸ਼ੱਕੀ ਡੀਲਰਾਂ ਤੋਂ ਮਿਲੀਆਂ ਪ੍ਰਾਚੀਨ ਵਸਤੂਆਂ ਦੇ ਇਤਿਹਾਸ ਦੀ ਡੁੰਘਾਈ ਨਾਲ ਸਮੀਖਿਆ ਕਰ ਰਿਹਾ ਹੈ। ਉਹ ਭਾਰਤ ਸਰਕਾਰ ਦੇ ਨਾਲ ਆਪਣੇ ਸੰਬੰਧਾਂ ਨੂੰ ਕਾਫੀ ਅਹਿਮੀਅਤ ਦਿੰਦਾ ਹੈ ਅਤੇ ਇਸ ਮਾਮਲੇ ਨੂੰ ਸੁਲਝਾਉਣਾ ਚਾਹੁੰਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮਿਊਜ਼ੀਅਮ ਨੇ 2015 'ਚ ਕਪੂਰ ਤੋਂ ਖਰੀਦੀਆਂ ਗਈਆਂ ਵਸਤੂਆਂ ਬਾਰੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਨਾਲ ਸੰਪਰਕ ਕੀਤਾ ਸੀ ਅਤੇ ਉਸਨੂੰ ਮੈਨਹਟਨ ਜ਼ਿਲ੍ਹਾ ਅਟਾਰਨੀ ਦੇ ਦਫਤਰ ਦੁਆਰਾ ਸੁਭਾਸ਼ ਕਪੂਰ ਦੇ ਖਿਲਾਫ ਕੀਤੀ ਗਈ ਅਪਰਾਧਿਕ ਜਾਂਚ ਦੇ ਨਤੀਜੇ ਵਜੋਂ ਅੱਜ ਇਸ ਮਾਮਲੇ 'ਚ ਕਾਰਵਾਈ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ।