ਨਿਊਯਾਰਕ ਦੇ ਮੇਅਰ ਨੇ ਕੀਤਾ ਟਰੰਪ ਦਾ ਸਮਰਥਨ, ਕਿਹਾ ਅਪਰਾਧਕ ਪਿਛੋਕੜ ਵਾਲਿਆਂ ਨੂੰ ਕੀਤਾ ਜਾਣਾ ਚਾਹੀਦੈ ਡਿਪੋਰਟ
Saturday, Dec 14, 2024 - 03:11 PM (IST)
ਨਿਊਯਾਰਕ (ਰਾਜ ਗੋਗਨਾ)- ਨਿਊਯਾਰਕ ਰਾਜ ਦੇ ਮੇਅਰ ਨੇ ਟਰੰਪ ਦੇ ਸਮਰਥਨ 'ਚ ਕਿਹਾ ਕਿ ਅਪਰਾਧਕ ਪਿਛੋਕੜ ਵਾਲੇ ਲੋਕਾਂ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ। ਅਮਰੀਕੀ ਅਖਬਾਰ ਨਿਊਯਾਰਕ ਪੋਸਟ ਦੀ ਰਿਪੋਰਟ ਦੇ ਮੁਤਾਬਕ ਇਸ ਸਮੇਂ ਸਿਰਫ ਨਿਊਯਾਰਕ ਸ਼ਹਿਰ 'ਚ ਹੀ ਅਜਿਹੇ ਲਗਭਗ 58 ਹਜ਼ਾਰ ਗੈਰ-ਦਸਤਾਵੇਜ਼ ਪ੍ਰਵਾਸੀ ਹਨ, ਜਿਨ੍ਹਾਂ 'ਤੇ ਅਪਰਾਧ ਦਾ ਦੋਸ਼ ਲਗਾਇਆ ਗਿਆ ਹੈ। ਐਡਮਜ਼ ਨੇ ਆਪਣਾ ਪੱਖ ਸਪਸ਼ਟ ਕੀਤਾ ਹੈ ਕਿ ਇਨ੍ਹਾਂ 58 ਹਜ਼ਾਰ ਲੋਕਾਂ ਨੂੰ ਦੇਸ਼ ਨਿਕਾਲਾ ਦੇਣ 'ਤੇ ਉਨ੍ਹਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੈ। ਸਾਢੇ 6 ਲੱਖ ਤੋਂ ਵੱਧ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਦੀ ਆਬਾਦੀ ਵਾਲੇ ਨਿਊਯਾਰਕ ਸ਼ਹਿਰ ਦੇ ਮੇਅਰ ਨੇ ਡੋਨਾਲਡ ਟਰੰਪ ਦੀ ਸਮੂਹਿਕ ਦੇਸ਼ ਨਿਕਾਲੇ ਦੀ ਨੀਤੀ ਪ੍ਰਤੀ ਸਹਿਮਤੀ ਪ੍ਰਗਟਾਈ ਹੈ। ਇਕ ਪਾਸੇ ਜਿੱਥੇ ਅਮਰੀਕਾ ਦੇ ਲਗਭਗ ਸਾਰੇ ਡੈਮੋਕਰੇਟਿਕ ਸ਼ਹਿਰ ਅਤੇ ਰਾਜ ਵੱਡੇ ਪੱਧਰ 'ਤੇ ਦੇਸ਼ ਨਿਕਾਲੇ ਦੇ ਵਿਰੁੱਧ ਹਨ, ਉਥੇ ਹੀ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਉਨ੍ਹਾਂ ਤੋਂ ਵੱਖਰਾ ਰੁਖ ਅਖਤਿਆਰ ਕੀਤਾ ਹੈ।
ਐਰਿਕ ਐਡਮਜ਼, ਜੋ ਭ੍ਰਿਸ਼ਟਾਚਾਰ ਦੇ ਸੰਘੀ ਦੋਸ਼ਾਂ ਦਾ ਸਾਹਮਣਾ ਵੀ ਕਰ ਰਿਹਾ ਹੈ ਅਤੇ ਕਦੇ ਵਿਵਾਦਾਂ ਦਾ ਵਿਸ਼ਾ ਵੀ ਰਿਹਾ ਸੀ, ਨੇ ਹੁਣ ਕਿਹਾ ਹੈ ਕਿ ਅਪਰਾਧ ਕਰਦੇ ਫੜੇ ਗਏ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਨਾ ਸਿਰਫ ਨਿਊਯਾਰਕ, ਸਗੋਂ ਅਮਰੀਕਾ ਤੋਂ ਵੀ ਡਿਪੋਰਟ ਕਰਨਾ ਹੋਵੇਗਾ। ਐਡਮਜ਼ ਨੇ ਆਪਣੇ ਸਾਥੀ ਡੈਮੋਕ੍ਰੇਟਿਕ ਮੇਅਰਾਂ ਨੂੰ ਵੀ ਇਸ ਮੁੱਦੇ 'ਤੇ ਸਹਿਮਤ ਹੋਣ ਲਈ ਕਿਹਾ। ਐਡਮਜ਼ ਨੇ ਦਾਅਵਾ ਕੀਤਾ ਕਿ ਅਮਰੀਕੀਆਂ ਨੇ ਡੋਨਾਲਡ ਟਰੰਪ ਨੂੰ ਉਨ੍ਹਾਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਆਧਾਰ 'ਤੇ ਹੀ ਵੋਟਾਂ ਦਿੱਤੀਆ ਹਨ ਅਤੇ ਹੁਣ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਸਰਹੱਦੀ ਸੰਕਟ ਦੇ ਨਾਲ-ਨਾਲ ਪ੍ਰਵਾਸੀ ਸੰਕਟ ਨੂੰ ਹੱਲ ਕਰਨ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਜਦੋਂ ਅਮਰੀਕਾ ਦੇ ਲੋਕਾਂ ਨੇ ਸਪੱਸ਼ਟ ਤੌਰ 'ਤੇ ਵੋਟਾਂ ਪਾ ਕੇ ਆਪਣਾ ਸੰਦੇਸ਼ ਸੁਣਾ ਦਿੱਤਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਲਾਂਕਿ ਪ੍ਰਵਾਸੀਆਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਲੋਕ ਵੀ ਇਸ ਮਾਮਲੇ ਵਿੱਚ ਨਿਊਯਾਰਕ ਦੇ ਮੇਅਰ ਵੱਲੋਂ ਲਏ ਸਟੈਂਡ ਦੀ ਆਲੋਚਨਾ ਕਰ ਰਹੇ ਹਨ। ਅਮਰੀਕੀ ਮੀਡੀਆ ਵਿੱਚ ਇਹ ਵੀ ਚਰਚਾ ਹੈ ਕਿ ਐਡਮਜ਼ ਡੋਨਾਲਡ ਟਰੰਪ ਦਾ ਸਮਰਥਨ ਕਰਕੇ ਆਪਣੀ ਸੀਟ ਸੁਰੱਖਿਅਤ ਕਰ ਰਹੇ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ 18 ਹਜ਼ਾਰ ਭਾਰਤੀਆਂ 'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8