ਨਿਊਯਾਰਕ ''ਚ ਪੰਜਾਬੀ ਮੂਲ ਦੇ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ, ਮਾਪਿਆਂ ਦਾ ਸੀ ਇਕਲੌਤਾ ਸਹਾਰਾ

Thursday, Nov 02, 2017 - 12:14 PM (IST)

ਨਿਊਯਾਰਕ ''ਚ ਪੰਜਾਬੀ ਮੂਲ ਦੇ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ, ਮਾਪਿਆਂ ਦਾ ਸੀ ਇਕਲੌਤਾ ਸਹਾਰਾ

ਨਿਊਯਾਰਕ (ਰਾਜ ਗੋਗਨਾ)— ਬੀਤੇ ਦਿਨ ਨਿਊਯਾਰਕ ਵਿਚ ਇਕ 20 ਸਾਲਾ ਪੰਜਾਬੀ ਨੌਜਵਾਨ ਟੈਕਸੀ ਚਾਲਕ ਵਿਸ਼ਾਲ ਕੁਮਾਰ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਿਸ ਨੇ 20 ਵਾਂ ਜਨਮ ਦਿਨ 18 ਅਕਤੂਬਰ ਨੂੰ ਹੀ ਮਨਾਇਆ ਸੀ। ਇਹ ਮੁੰਡਾ ਪੜ੍ਹਾਈ ਦੇ ਨਾਲ-ਨਾਲ ਕੰਮ ਕਰਕੇ ਆਪਣੇ ਮਾਪਿਆਂ ਦਾ ਹੱਥ ਵਟਾ ਰਿਹਾ ਸੀ ਅਤੇ ਪਿਛਲੇ ਕੁੱਝ ਸਮੇਂ ਤੋਂ ਉਸ ਨੇ ਸਵੇਰੇ 7 ਤੋਂ ਰਾਤ 11 ਵਜੇ ਤੱਕ ਸਟੋਰ 'ਤੇ ਕੰਮ ਕਰਕੇ ਆਪਣੀ ਕਮਾਈ ਵਿਚੋਂ ਕਾਰ ਖ੍ਰੀਦੀ ਸੀ। ਜਿਸ ਨੂੰ ਉਹ ਉਬਰ ਡਰਾਈਵਰ ਵਜੋਂ ਵਰਤ ਰਿਹਾ ਸੀ। ਥੋੜ੍ਹਾ ਚਿਰ ਹੀ ਅਜੇ ਹੋਇਆ ਸੀ ਇਹ ਕੰਮ ਸ਼ੁਰੂ ਕੀਤੇ ਨੂੰ ਜਦ ਉਹ ਤੜਕੇ ਇਕ ਸਵਾਰੀ ਨੂੰ ਲੌਗ ਆਈਲੈਂਡ ਉਤਾਰ ਕੇ ਵਾਪਸ ਆ ਰਿਹਾ ਸੀ ਅਤੇ ਰਸਤੇ ਵਿਚ ਲੌਗ ਆਈਲੈਂਡ ਐਕਸਪ੍ਰੈਸ ਵੇਅ 'ਤੇ ਕਾਰ ਲਗਾ ਕੇ ਖੜ੍ਹਾ ਸੀ ਕਿ ਉਸ ਵਿਚ ਇਕ ਜੀਪ ਆ ਵੱਜੀ, ਜਿਸ ਕਾਰਨ ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗ ਗਈ। ਜਿਸ ਤੋਂ ਬਾਅਦ ਉਸ ਨੂੰ ਸਥਾਨਕ ਨਾਰਥਸੋਰ ਨਾਂ ਦੇ ਹਸਪਤਾਲ ਲਿਜਾਇਆ ਗਿਆ ਪਰ ਕੁੱਝ ਹੀ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਵਿਸ਼ਾਲ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ।


Related News