ਜਾਪਾਨ ਦੇ ਸਮਰਾਟ ਨੇ ਦਿੱਤੀਆਂ ਨਵੇਂ ਸਾਲ ਦੀਆਂ ਵਧਾਈਆਂ, ਮਹਾਮਾਰੀ ਖ਼ਤਮ ਹੋਣ ਦੀ ਕੀਤੀ ਕਾਮਨਾ
Saturday, Jan 01, 2022 - 05:47 PM (IST)
ਟੋਕੀਓ (ਏਜੰਸੀ)-ਜਾਪਾਨ ਦੇ ਸਮਰਾਟ ਨਾਰੂਹਿਤੋ ਨੇ ਸ਼ਨੀਵਾਰ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਕੀਤੀ, ਜਿਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ’ਚ ਆਪਣੀ ਜਾਨ ਗੁਆਈ ਹੈ। ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਮਹਾਮਾਰੀ ਕਾਰਨ ਨਵੇਂ ਸਾਲ ਦੀ ਪੂਰਬਲੀ ਸ਼ਾਮ ’ਤੇ ਸਮਰਾਟ ਦੇ ਭਵਨ ’ਚ ਕੋਈ ਜਨਤਕ ਸਮਾਗਮ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਛੇ ਮਿੰਟ ਦੀ ਵੀਡੀਓ ਰਾਹੀਂ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਬੋਨਸਾਈ ਦਰੱਖਤ ਦੇ ਸਾਹਮਣੇ ਆਪਣੀ ਪਤਨੀ ਮਾਸਾਕੋ ਦੇ ਸਾਹਮਣੇ ਬੈਠੇ ਨਾਰੂਹਿਤੋ ਨੇ ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਪ੍ਰਸ਼ੰਸਾ ਕੀਤੀ ਤੇ ਧੰਨਵਾਦ ਕੀਤਾ।
ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਲਈ ਚਿੰਤਾ ਜ਼ਾਹਿਰ ਕੀਤੀ, ਜਿਨ੍ਹਾਂ ਕੋਲ ਵੈਕਸੀਨ ਤੱਕ ਪਹੁੰਚ ਨਹੀਂ ਹੈ ਅਤੇ ਸਹੀ ਹਸਪਤਾਲ ਪ੍ਰਣਾਲੀਆਂ ਦੀ ਘਾਟ ਹੈ। ਜਾਪਾਨ ’ਚ ਕੋਵਿਡ-19 ਕਾਰਨ 18,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਹਾਲ ਹੀ ਦੇ ਮਹੀਨਿਆਂ ’ਚ ਮੌਤਾਂ ਦੀ ਗਿਣਤੀ ਵਿਚ ਕਮੀ ਆਈ ਹੈ। ਨਾਰੂਹਿਤੋ ਨੇ ਤੇਜ਼ੀ ਨਾਲ ਫੈਲ ਰਹੇ ਓਮੀਕਰੋਨ ਵਾਇਰਸ ਬਾਰੇ ਵੀ ਚਿੰਤਾ ਪ੍ਰਗਟਾਈ। ਨਾਰੂਹਿਤੋ ਨੇ ਆਪਣੇ ਸੰਦੇਸ਼ ’ਚ ਉੱਤਰ-ਪੂਰਬੀ ਜਾਪਾਨ ’ਚ ਪਰਮਾਣੂ ਆਫ਼ਤ, ਭੂਚਾਲ ਅਤੇ ਸੁਨਾਮੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਪੱਧਰੀ ਮਹਾਮਾਰੀ ਕਾਰਨ ਦੇਰੀ ਨਾਲ ਆਯੋਜਿਤ ਹੋਈਆਂ ਟੋਕੀਓ ਓਲੰਪਿਕ ਖੇਡਾਂ ‘ਹਿੰਮਤ ਅਤੇ ਉਮੀਦ’ ਦਾ ਪ੍ਰਤੀਕ ਹਨ।