ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਇਜਾਦ ਕੀਤੀ ਗਈ ਨਵੀਂ ਮੱਛਰਦਾਨੀ

Monday, Aug 13, 2018 - 07:42 PM (IST)

ਲੰਡਨ (ਏਜੰਸੀ)- ਮਲੇਰੀਆ ਫੈਲਾਉਣ ਵਾਲੇ ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਦੋ ਤਰ੍ਹਾਂ ਦੇ ਕੀਟਨਾਸ਼ਕ ਮਿਲਾ ਕੇ ਇਕ ਨਵੀਂ ਮੱਛਰਦਾਨੀ ਬਣਾਈ ਗਈ ਹੈ। ਇਸ ਮੱਛਰਦਾਨੀ ਵਿਚ ਇਸਤੇਮਾਲ ਕੀਤਾ ਗਿਆ ਪਾਈਰੇਥ੍ਰਾਈਡ ਜਿਥੇ ਮੱਛਰਾਂ ਨੂੰ ਦੂਰ ਭਜਾਉਣ ਦੇ ਨਾਲ ਹੀ ਉਨ੍ਹਾਂ ਨੂੰ ਮਾਰ ਦਿੰਦਾ ਹੈ, ਉਥੇ ਪਾਈਰੀਪ੍ਰਾਕਸੀਫੇਨ ਦੇ ਸੰਪਰਕ ਵਿਚ ਆਉਣ ਵਾਲੇ ਕੀਟ ਦੀ ਜੀਵਨ ਮਿਆਦ ਅਤੇ ਪ੍ਰਜਨਨ ਸਮਰੱਥਾ ਘੱਟ ਹੋ ਜਾਂਦੀ ਹੈ।

ਬ੍ਰਿਟੇਨ ਦੇ ਲਿਵਰਪੂਲ ਸਕੂਲ ਆਫ ਟਰਾਪੀਕਲ ਮੈਡੀਸਿਨ ਅਤੇ ਡਰਹਮ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪੱਛਮੀ ਅਫਰੀਕੀ ਦੇਸ਼ ਬੁਰਕੀਨਾ ਫਾਸੋ ਵਿਚ ਇਸ ਮੱਛਰਦਾਨੀ ਦਾ ਪ੍ਰੀਖਣ ਕੀਤਾ। ਦੋ ਹਜ਼ਾਰ ਬੱਚਿਆਂ ਨੂੰ ਦੋ ਸਾਲ ਤੱਕ ਨਵੀਂ ਮੱਛਰਦਾਨੀ ਦੀ ਵਰਤੋਂ ਕਰਨ ਨੂੰ ਕਿਹਾ ਗਿਆ। ਸਾਧਾਰਣ ਮੱਛਰਦਾਨੀ ਤੋਂ ਇਲਾਵਾ ਨਵੀਂ ਮੱਛਰਦਾਨੀ ਵਿਚ ਸੋਣ ਵਾਲੇ ਬੱਚਿਆਂ ਨੂੰ ਮਲੇਰੀਆ ਦਾ ਖਤਰਾ 12 ਫੀਸਦੀ ਤੱਕ ਘੱਟ ਗਿਆ। ਮਲੇਰੀਆ ਕਾਰਨ ਹੋਣ ਵਾਲੇ ਐਨੀਮੀਆ ਦਾ ਖਤਰਾ ਵੀ 52 ਫੀਸਦੀ ਤੱਕ ਘੱਟ ਹੋ ਗਿਆ। ਇਹੀ ਨਹੀਂ, ਜਿਨ੍ਹਾਂ ਖੇਤਰਾਂ ਵਿਚ ਨਵੀਂ ਮੱਛਰਦਾਨੀ ਦੀ ਵਰਤੋਂ ਕੀਤੀ ਗਈ, ਉਥੇ ਮਲੇਰੀਆ ਇਨਫੈਕਟਡ ਮੱਛਰਾਂ ਦੀ ਗਿਣਤੀ ਵੀ 51 ਫੀਸਦੀ ਤੱਕ ਘੱਟ ਗਈ।

ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਮੁਤਾਬਕ 2016 ਵਿਚ 91 ਦੇਸ਼ਾਂ ਦੇ 21.6 ਕਰੋੜ ਲੋਕ ਮਲੇਰੀਆ ਨਾਲ ਪੀੜਤ ਹੋਏ ਅਤੇ ਤਕਰੀਬਨ ਸਾਢੇ ਚਾਰ ਲੱਖ ਲੋਕਾਂ ਦੀ ਜਾਨ ਚਲੀ ਗਈ। ਡਰਹਮ ਯੂਨੀਵਰਸਿਟੀ ਦੇ ਖੋਜਕਰਤਾ ਸਟੀਵ ਲਿੰਡਸੇ ਕਹਿੰਦੇ ਹਨ ਜੇਕਰ ਪੂਰੇ ਦੇਸ਼ ਵਿਚ ਇਹ ਪ੍ਰੀਖਣ ਕੀਤਾ ਜਾਂਦਾ ਤਾਂ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ 12 ਲੱਖ ਤੱਕ ਘੱਟ ਜਾਂਦੀ। ਖੋਜ ਵਿਚ ਸ਼ਾਮਲ ਹੋਰ ਵਿਗਿਆਨੀਆਂ ਨੇ ਦੱਸਿਆ ਕਿ ਰਸਮੀ ਮੱਛਰਦਾਨੀ ਵਿਚ ਸਿਰਫ ਪਾਈਰੇਥ੍ਰਾਇਡ ਦੀ ਵਰਤੋਂ ਕੀਤੀ ਜਾਂਦੀ ਹੈ। ਮਲੇਰੀਆ ਫੈਲਾਉਣ ਵਾਲੀ ਮਾਦਾ ਐਨਾਫਿਲੀਜ਼ ਮੱਛਰਾਂ ਨੇ ਇਸ ਕੀਟਨਾਸ਼ਕ ਪ੍ਰਤੀ ਆਪਣੀ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰ ਲਈ ਹੈ। ਇਸ ਕਾਰਨ ਨਵੀਂ ਮੱਛਰਦਾਨੀ ਵਿਚ ਦੋ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਗਈ ਹੈ।


Related News