ਆਸਟ੍ਰੇਲੀਆ ਤੋਂ ਭਾਰਤ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ
Tuesday, Nov 30, 2021 - 06:00 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸੈਣੀ, ਸੰਨੀ ਚਾਂਦਪੁਰੀ): ਆਸਟ੍ਰੇਲੀਅਨ ਸਰਕਾਰ ਵੱਲੋਂ ਕੋਵਿਡ-19 ਦੇ ਨਵੇਂ ਵੈਰੀਐਂਟ ਓਮੀਕਰੋਨ ਨੂੰ ਲੈ ਕੇ ਚਿੰਤਾਵਾਂ ਤੋਂ ਪ੍ਰੇਰਿਤ ਹੋ ਕੇ ਯਾਤਰਾ ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਓਮੀਕਰੋਨ ਕੋਵਿਡ-19 ਵੈਰੀਐਂਟ ਦੇ ਵੱਧ ਰਹੇ ਵਿਸ਼ਵ-ਵਿਆਪੀ ਖਤਰੇ ਦੇ ਚੱਲਦਿਆਂ ਆਸਟ੍ਰੇਲੀਆਈ ਸੰਘੀ ਸਰਕਾਰ ਨੇ ਭਾਰਤੀ ਸਿਹਤ ਮੰਤਰਾਲੇ ਵੱਲੋਂ ਦਿੱਤੇ ਨਵੇਂ ਯਾਤਰਾ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, 1 ਦਸੰਬਰ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਭਾਰਤ ਸਰਕਾਰ ਦੇ ‘ਏਅਰ ਸੁਵਿਧਾ ਆਨਲਾਈਨ ਪੋਰਟਲ’ 'ਤੇ ਆਪਣੇ ਸਵੈ-ਘੋਸ਼ਣਾ ਪੱਤਰ ‘ਚ ਪਿਛਲੇ 14 ਦਿਨਾਂ ਦੀ ਯਾਤਰਾ ਦਾ ਵੇਰਵਾ ਹਵਾਈ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਜਮ੍ਹਾਂ ਕਰਵਾਉਣਾ ਅਤੇ ਹਰ ਯਾਤਰੀ ਨੂੰ ਰਵਾਨਗੀ ਤੋਂ 72 ਘੰਟੇ ਪਹਿਲਾਂ ਕੀਤੀ ਗਈ ਇੱਕ ਨਕਾਰਾਤਮਕ ਕੋਵਿਡ ਟੈਸਟ ਰਿਪੋਰਟ (RT-PCR) ਨੂੰ ਵੀ ਆਨਲਾਈਨ ਨੱਥੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਨਵੇਂ ਓਮੀਕਰੋਨ ਵੈਰੀਐਂਟ ਦੇ 'ਜੋਖਮ' ਵਾਲੇ ਦੇਸ਼ਾਂ ਦੇ ਯਾਤਰੀਆਂ ਲਈ ਟੀਕਾਕਰਣ ਦੀ ਸਥਿਤੀ ਦੇ ਬਾਵਜੂਦ ਭਾਰਤ ਪਹੁੰਚਣ ਸਮੇਂ ਹਵਾਈ ਅੱਡੇ 'ਤੇ ਕੋਵਿਡ-19 ਟੈਸਟਿੰਗ ਲਾਜ਼ਮੀ ਹੋਵੇਗੀ ਅਤੇ ਉਹਨਾਂ ਨੂੰ ਘੱਟੋ-ਘੱਟ ਦੋ ਹਫ਼ਤਿਆਂ ਲਈ ਸਵੈ-ਨਿਗਰਾਨੀ ਕਰਨ ਦੀ ਸਲਾਹ ਦਿੱਤੀ ਗਈ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੈਸਟ ਤੋਂ ਛੋਟ ਹੈ। ਮੰਤਰਾਲੇ ਅਨੁਸਾਰ ‘ਘੱਟ ਜੋਖਮ' ਵਾਲੇ ਦੇਸ਼ਾਂ ਤੋਂ ਯਾਤਰਾ ਕਰਨ ਵਾਲੇ 5% ਯਾਤਰੀਆਂ ਦੀ ਵੀ ਅਚਨਚੇਤ ਜਾਂਚ ਕੀਤੀ ਜਾਵੇਗੀ। ਵੱਧ ਜੋਖਮ ਵਾਲੇ ਦੇਸ਼ਾਂ ਵਿੱਚ ਦੱਖਣੀ ਅਫਰੀਕਾ, ਚੀਨ, ਯੂਕੇ ਅਤੇ ਯੂਰਪੀਅਨ ਦੇਸ਼, ਬੰਗਲਾਦੇਸ਼, ਬ੍ਰਾਜ਼ੀਲ, ਬੋਤਸਵਾਨਾ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਹਾਂਗਕਾਂਗ, ਸਿੰਗਾਪੁਰ ਅਤੇ ਇਜ਼ਰਾਈਲ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ -ਓਮੀਕਰੋਨ ਦੀ ਦਹਿਸ਼ਤ, ਆਸਟ੍ਰੇਲੀਆ ਨੇ ਸਰਹੱਦਾਂ ਖੋਲ੍ਹਣ 'ਤੇ ਲਾਈ ਰੋਕ
ਥਰਮਲ ਸਕ੍ਰੀਨਿੰਗ ਤੋਂ ਬਾਅਦ ਹੀ ਤੰਦਰੁਸਤ ਯਾਤਰੀਆਂ ਨੂੰ ਫਲਾਈਟ ਵਿੱਚ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਸਾਰੇ ਯਾਤਰੀਆਂ ਨੂੰ ਆਪਣੇ ਮੋਬਾਈਲ ਡਿਵਾਈਸਿਸ 'ਤੇ ‘ਅਰੋਗਿਆ ਸੇਤੂ’ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਨਵੇਂ ਨਿਯਮਾਂ ਅਨੁਸਾਰ ਘਰੇਲੂ ਇਕਾਂਤਵਾਸ ਦੌਰਾਨ ਸਕਾਰਾਤਮਕ ਟੈਸਟ ਵਾਲੇ ਯਾਤਰੀਆਂ ਦੇ ਸਾਰੇ ਭਾਈਚਾਰਕ ਸੰਪਰਕਾਂ ਵਾਲੇ ਵਿਅਕਤੀਆਂ ਨੂੰ ਵੀ 14 ਦਿਨਾਂ ਲਈ ਅਲੱਗ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ ਅਤੇ ਆਈਸੀਐਮਆਰ ਪ੍ਰੋਟੋਕੋਲ ਦੇ ਅਨੁਸਾਰ ਟੈਸਟ ਕੀਤਾ ਜਾਵੇਗਾ। ਨਕਾਰਾਤਮਕ ਟੈਸਟ ਵਾਲੇ ਵਿਅਕਤੀ ਨੂੰ ਸੱਤ ਦਿਨਾਂ ਲਈ ਘਰੇਲੂ ਇਕਾਂਤਵਾਸ ਵਿੱਚ ਰਹਿਣ ਦੀ ਲੋੜ ਹੋਵੇਗੀ, ਅੱਠਵੇਂ ਦਿਨ ਦੋਬਾਰਾ ਟੈਸਟ ਲਿਆ ਜਾਵੇਗਾ ਅਤੇ ਵਿਅਕਤੀ ਨੂੰ ਅਗਲੇ ਸੱਤ ਦਿਨਾਂ ਲਈ ਆਪਣੀ ਸਿਹਤ ਦੀ ਨਿਗਰਾਨੀ ਕਰਨਾ ਜ਼ਰੂਰੀ ਹੋਵੇਗੀ।