ਭਾਰਤੀ ਧਨਾਢਾਂ ਦੇ ਬ੍ਰਿਟੇਨ ਛੱਡਣ ’ਤੇ ਛਿੜੀ ਨਵੀਂ ਬਹਿਸ, ਸਾਰੇ ਪ੍ਰਵਾਸੀਆਂ ਨੇ ਛੱਡ ਦਿੱਤਾ ਬ੍ਰਿਟੇਨ ਤਾਂ ਕਿੰਨਾ ਪਵੇਗਾ ਅਸਰ!

Saturday, Nov 29, 2025 - 02:39 AM (IST)

ਭਾਰਤੀ ਧਨਾਢਾਂ ਦੇ ਬ੍ਰਿਟੇਨ ਛੱਡਣ ’ਤੇ ਛਿੜੀ ਨਵੀਂ ਬਹਿਸ, ਸਾਰੇ ਪ੍ਰਵਾਸੀਆਂ ਨੇ ਛੱਡ ਦਿੱਤਾ ਬ੍ਰਿਟੇਨ ਤਾਂ ਕਿੰਨਾ ਪਵੇਗਾ ਅਸਰ!

ਲੰਡਨ - ਭਾਰਤੀ ਅਰਬਪਤੀਆਂ ਨੇ ਦੁਨੀਆ ਦੇ ਕਈ ਦੇਸ਼ਾਂ ’ਚ ਆਪਣਾ ਦਬਦਬਾ ਕਾਇਮ ਕੀਤਾ ਹੈ ਪਰ ਬ੍ਰਿਟੇਨ ਭਾਵ ਯੂ.ਕੇ. ’ਚ ਸਭ ਤੋਂ ਅਮੀਰ ਭਾਰਤੀ ਉਥੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਚਾਂਸਲਰ ਰੇਚਲ ਰੀਵਜ਼ ਦੀ ਅਗਵਾਈ ਵਾਲੀ ਸਰਕਾਰ ਤੋਂ ਪ੍ਰੇਸ਼ਾਨ ਹੋ ਗਏ ਹਨ ਅਤੇ ਕਈ ਉਦਯੋਗਪਤੀਆਂ ਨੇ ਯੂ. ਕੇ. ਛੱਡਣ ਦਾ ਫੈਸਲਾ ਵੀ ਕਰ ਲਿਆ ਹੈ। ਦਰਅਸਲ ਇਸ ਦੇ ਕਾਰਨਾਂ ’ਚ ਇਨਹੈਰੀਟੈਂਸ ਟੈਕਸ (ਆਈ. ਐੱਚ. ਟੀ.), ਕੈਪੀਟਲ ਗੇਨ ਟੈਕਸ ਅਤੇ ਵੈਲਥ ਟੈਕਸ ਸ਼ਾਮਲ ਹਨ, ਜਦਕਿ ਪਹਿਲੇ ਅਰਬਪਤੀਆਂ ਅਤੇ ਅਮੀਰਾਂ ਦੀ ਪ੍ਰਾਪਟੀ ’ਤੇ ਕੋਈ ਟੈਕਸ ਨਹੀਂ ਲੱਗਦਾ ਸੀ।

ਇਸ ਵਿਚਾਲੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਇਕ ਆਡੀਓ-ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ, ਜਿਸ ’ਤੇ ਇਕ ਨਵੀਂ ਬਹਿਸ ਛਿੜ ਗਈ ਹੈ ਕਿ ਜੇ ਸਾਰੇ ਭਾਰਤੀ ਪ੍ਰਵਾਸੀ ਯੂ.ਕੇ. ਛੱਡ ਦਿੰਦੇ ਹਨ ਤਾਂ ਇਸ ਦਾ ਉਥੇ ਦੀ ਅਰਥਵਿਵਸਥਾ ’ਤੇ ਕੀ ਅਸਰ ਪਵੇਗਾ। ਹਾਲਾਂਕਿ ਇਹ ਸੰਭਵ ਨਹੀਂ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਭਾਰਤੀ ਅਚਾਨਕ ਯੂ.ਕੇ. ਛੱਡ ਦਿੰਦੇ ਹਨ, ਤਾਂ ਉਥੇ ਦੇ ਸਮਾਜ ਅਤੇ ਅਰਥਵਿਵਸਥਾ ’ਤੇ ਇਸ ਦਾ ਮਹੱਤਵਪੂਰਨ ਅਤੇ ਵਿਆਪਕ ਪ੍ਰਭਾਵ ਪਵੇਗਾ।

ਸਿਹਤ ਸੰਭਾਲ ਖੇਤਰ ’ਤੇ ਪ੍ਰਭਾਵ
ਕਈ ਪ੍ਰਵਾਸੀ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ’ਚ ਚੋਟੀ ਦੇ ਅਹੁਦਿਆਂ ’ਤੇ ਹਨ ਅਤੇ ਯੂ.ਕੇ. ਦੇ ਵਿੱਤੀ ਖੇਤਰ ’ਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਭਾਰਤੀ ਪ੍ਰਵਾਸੀਆਂ ਨੇ ਯੂ.ਕੇ. ’ਚ ਹਸਪਤਾਲ ਅਤੇ ਹੋਰ ਸਿਹਤ ਸੇਵਾ ਸਬੰਧੀ ਉੱਦਮ ਸਥਾਪਿਤ ਕੀਤੇ ਹਨ। ਯੂ.ਕੇ. ਦੀ ਰਾਸ਼ਟਰੀ ਸਿਹਤ ਸੇਵਾ (ਐੱਨ. ਐੱਚ. ਐੱਸ.) ਭਾਰਤੀ ਕਰਮਚਾਰੀਆਂ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਸੰਭਾਲ ਪੇਸ਼ੇਵਰਾਂ ਦੇ ਅਚਾਨਕ ਜਾਣ ਨਾਲ ਯੂ. ਕੇ. ਦੀ ਸਿਹਤ ਸੰਭਾਲ ਪ੍ਰਣਾਲੀ ਵਿਗੜ ਸਕਦੀ ਹੈ ਅਤੇ ਸੇਵਾਵਾਂ ’ਚ ਭਾਰੀ ਘਾਟ ਆ ਸਕਦੀ ਹੈ।

ਅਰਥਵਿਵਸਥਾ ’ਤੇ ਕਿਸ ਤਰ੍ਹਾਂ ਦਿਸੇਗਾ ਅਸਰ
ਭਾਰਤੀ ਪ੍ਰਵਾਸੀਆਂ ਨੇ ਯੂ. ਕੇ. ’ਚ ਕਾਫ਼ੀ ਨਿਵੇਸ਼ ਕੀਤਾ ਹੈ ਅਤੇ ਬਹੁਤ ਸਾਰੇ ਸਫਲ ਕਾਰੋਬਾਰ ਸਥਾਪਿਤ ਕੀਤੇ ਹਨ, ਜਿਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਭਾਰਤੀਆਂ ਦੇ ਜਾਣ ਨਾਲ ਤਕਨਾਲੋਜੀ, ਇੰਜੀਨੀਅਰਿੰਗ, ਪ੍ਰਾਹੁਣਚਾਰੀ ਅਤੇ ਸਿੱਖਿਆ ਵਰਗੇ ਖੇਤਰਾਂ ’ਚ ਕਾਮਿਆਂ ਦੀ ਵੱਡੀ ਘਾਟ ਹੋਵੇਗੀ। ਕਈ ਭਾਰਤੀ ਪ੍ਰਵਾਸੀਆਂ ਨੇ ਸਿਲੀਕਾਨ ਵੈਲੀ ਵਰਗੇ ਤਕਨੀਕੀ ਕੇਂਦਰਾਂ ’ਚ ਆਪਣਾ ਯੋਗਦਾਨ ਦਿੱਤਾ ਹੈ ਅਤੇ ਯੂ.ਕੇ. ’ਚ ਵੀ ਉਨ੍ਹਾਂ ਦੇ ਪ੍ਰਭਾਵ ਕਾਰਨ ਤਕਨਾਲੋਜੀ ਖੇਤਰ ’ਚ ਵਿਕਾਸ ਹੋਇਆ ਹੈ। ਇਸ ਨਾਲ ਦੇਸ਼ ’ਚ ਉਤਪਾਦਨ ’ਚ ਕਮੀ ਆ ਸਕਦੀ ਹੈ ਅਤੇ ਕਾਰੋਬਾਰ ਬੰਦ ਹੋ ਸਕਦੇ ਹਨ।

ਮਰਦਮਸ਼ੁਮਾਰੀ ਅਤੇ ਸਮਾਜਿਕ
ਭਾਰਤੀ ਯੂ.ਕੇ. ਦੇ ਸਭ ਤੋਂ ਵੱਡੇ ਨਸਲੀ ਘੱਟ ਗਿਣਤੀ ਸਮੂਹਾਂ ’ਚੋਂ ਇਕ ਹਨ। ਉਨ੍ਹਾਂ ਦੇ ਅਚਾਨਕ ਜਾਣ ਨਾਲ ਮਰਦਮਸ਼ੁਮਾਰੀ ਬਦਲ ਜਾਵੇਗੀ ਅਤੇ ਯੂ.ਕੇ. ਦੇ ਬਹੁ-ਸੱਭਿਆਚਾਰਕ ਸਮਾਜਿਕ ਤਾਣੇ-ਬਾਣੇ ’ਤੇ ਗੰਭੀਰ ਪ੍ਰਭਾਵ ਪਵੇਗਾ। ਪ੍ਰਚੂਨ ਅਤੇ ਸੇਵਾ ਖੇਤਰਾਂ ਵਿਚ ਭਾਰਤੀ ਪ੍ਰਵਾਸੀ ਅਕਸਰ ਛੋਟੇ ਕਾਰੋਬਾਰ ਚਲਾਉਂਦੇ ਹਨ, ਜਿਵੇਂ ਕਿ ਪ੍ਰਚੂਨ ਦੁਕਾਨਾਂ, ਰੈਸਟੋਰੈਂਟ ਅਤੇ ਸੇਵਾ-ਅਾਧਾਰਤ ਉੱਦਮ। ਭਾਰਤੀ ਹਿਜ਼ਰਤ ਕਰਦੇ ਹਨ ਤਾਂ ਭਾਰਤੀਆਂ ਦੇ ਮਾਲਕੀ ਵਾਲੇ ਕਾਰੋਬਾਰ ਅਤੇ ਰੈਸਟੋਰੈਂਟ ਬੰਦ ਹੋ ਜਾਣਗੇ, ਜਿਸ ਦਾ ਸਥਾਨਕ ਭਾਈਚਾਰਿਆਂ ’ਤੇ ਅਸਰ ਪਵੇਗਾ। ਵੱਡੀ ਗਿਣਤੀ ’ਚ ਲੋਕਾਂ ਦੇ ਅਚਾਨਕ ਨੁਕਸਾਨ ਦਾ ਕਿਰਾਏ ਦੇ ਬਾਜ਼ਾਰ ਅਤੇ ਜਾਇਦਾਦ ਦੀਆਂ ਕੀਮਤਾਂ ’ਤੇ ਵੀ ਤੁਰੰਤ ਪ੍ਰਭਾਵ ਪਵੇਗਾ, ਕਿਉਂਕਿ ਰਿਹਾਇਸ਼ ਦੀ ਮੰਗ ਅਚਾਨਕ ਘੱਟ ਜਾਵੇਗੀ।

ਸਿੱਖਿਆ ਖੇਤਰ ’ਚ ਵੀ ਮਾਲੀਏ ਦੀ ਗਿਰਾਵਟ
ਯੂ.ਕੇ. ਦੀਆਂ ਯੂਨੀਵਰਸਿਟੀਆਂ ਭਾਰਤੀ ਵਿਦਿਆਰਥੀਆਂ ’ਤੇ ਨਿਰਭਰ ਹਨ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਦਾ ਇਕ ਵੱਡਾ ਹਿੱਸਾ ਵੀ ਹਨ। ਉਨ੍ਹਾਂ ਦੇ ਵਿਦਿਅਕ ਖਰਚੇ ਨਾਲ ਸਰਕਾਰ ਨੂੰ ਬਹੁਤ ਮਾਲੀਆ ਮਿਲਦਾ ਹੈ। ਉਨ੍ਹਾਂ ਦੇ ਜਾਣ ਨਾਲ ਯੂਨੀਵਰਸਿਟੀ ਦੇ ਵਿੱਤ ਅਤੇ ਅਕਾਦਮਿਕ ਪ੍ਰੋਗਰਾਮਾਂ ’ਤੇ ਨਕਾਰਾਤਮਕ ਪ੍ਰਭਾਵ ਪਵੇਗਾ। ਸੰਖੇਪ ’ਚ ਭਾਰਤੀ ਭਾਈਚਾਰੇ ਦੇ ਅਚਾਨਕ ਜਾਣ ਨਾਲ ਯੂ.ਕੇ. ਲਈ ਇਕ ਵੱਡਾ ਸੰਕਟ ਪੈਦਾ ਹੋਵੇਗਾ, ਜਿਸ ਨਾਲ ਉਸ ਦੇ ਹਰ ਪਹਿਲੂ, ਖਾਸ ਕਰ ਕੇ ਸਿਹਤ ਸੇਵਾ ਅਤੇ ਅਰਥਵਿਵਸਥਾ ’ਤੇ ਭਾਰੀ ਦਬਾਅ ਪਵੇਗਾ।

ਯੂ. ਕੇ. ’ਚ ਪ੍ਰਮੁੱਖ ਭਾਰਤੀ ਉੱਦਮੀ ਅਤੇ ਕੰਪਨੀਆਂ
ਭਾਰਤੀ ਪ੍ਰਵਾਸੀਆਂ ਦੀਆਂ ਕੰਪਨੀਆਂ ਯੂ.ਕੇ. ਦੀ ਅਰਥਵਿਵਸਥਾ ’ਚ ਸਾਲਾਨਾ £36.84 ਬਿਲੀਅਨ ਪਾਊਂਡ (ਲੱਗਭਗ 3.3 ਲੱਖ ਕਰੋੜ ਰੁਪਏ) ਤੋਂ ਵੱਧ ਦਾ ਸੰਯੁਕਤ ਮਾਲੀਆ ਪੈਦਾ ਕਰਦੀਆਂ ਹਨ। ਟਾਟਾ ਗਰੁੱਪ, ਇਨਫੋਸਿਸ, ਵਿਪਰੋ, ਅਤੇ ਐੱਚ.ਸੀ.ਐੱਲ. ਵਰਗੀਆਂ ਪ੍ਰਮੁੱਖ ਭਾਰਤੀ ਬਹੁ-ਰਾਸ਼ਟਰੀ ਕੰਪਨੀਆਂ ਯੂ.ਕੇ. ’ਚ ਮਹੱਤਵਪੂਰਨ ਮੌਜੂਦਗੀ ਰੱਖਦੀਆਂ ਹਨ। ਕਈ ਭਾਰਤੀ ਮੂਲ ਦੇ ਉੱਦਮੀ ਯੂ.ਕੇ. ’ਚ ਪ੍ਰਮੁੱਖਤਾ ਨਾਲ ਉੱਭਰੇ ਹਨ :

  • ਗੋਪੀ ਹਿੰਦੂਜਾ ਅਤੇ ਪਰਿਵਾਰ : ਇਹ ਯੂ.ਕੇ. ਦੇ ਸਭ ਤੋਂ ਅਮੀਰ ਵਿਅਕਤੀਆਂ ’ਚੋਂ ਇਕ ਹਨ
  • ਲਕਸ਼ਮੀ ਐੱਨ. ਮਿੱਤਲ : ਸਟੀਲ ਉਦਯੋਗ ਦੇ ਦਿੱਗਜ ਅਤੇ ਆਰਸੇਲਰ ਮਿੱਤਲ ਦੇ ਮੁਖੀ
  • ਅਨਿਲ ਅਗਰਵਾਲ : ਵੇਦਾਂਤਾ ਰਿਸੋਰਸਿਜ਼ ਦੇ ਸੰਸਥਾਪਕ ਅਤੇ ਚੇਅਰਮੈਨ
  • ਲਾਰਡ ਕਰਨ ਬਿਲੀਮੋਰੀਆ : ਕੋਬਰਾ ਬੀਅਰ ਦੇ ਸੰਸਥਾਪਕ
  • ਕਰਤਾਰ ਅਤੇ ਤੇਜ ਲਾਲਵਾਨੀ : ਵੀਟਾਬਾਇਓਟਿਕਸ ਦੇ ਚੇਅਰਮੈਨ ਅਤੇ ਸੀ.ਈ.ਓ.
  • 2021 ਦੀ ਮਰਦਮਸ਼ੁਮਾਰੀ ਅਨੁਸਾਰ ਯੂ.ਕੇ. ’ਚ ਲੱਗਭਗ 18.6 ਲੱਖ ਭਾਰਤੀ ਪ੍ਰਵਾਸੀ ਹਨ
  • ਇਕ ਅਧਿਐਨ ਦੇ ਅਨੁਸਾਰ ਭਾਰਤੀ ਕੰਪਨੀਆਂ ਦੀ ਗਿਣਤੀ ਲੱਗਭਗ 650 ਹੈ
  • ਇਹ ਕੰਪਨੀਆਂ ਯੂ.ਕੇ. ’ਚ 1,74,000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਹਨ
  • 2024 ’ਚ ਭਾਰਤੀ ਮਾਲਕੀ ਵਾਲੀਆਂ ਕੰਪਨੀਆਂ ਦੀ ਗਿਣਤੀ ’ਚ ਰਿਕਾਰਡ 23 ਫੀਸਦੀ ਤੋਂ ਵੱਧ ਦਾ ਵਾਧਾ ਦੇਖਣ ਨੂੰ ਮਿਲਿਆ ਹੈ
  • ਭਾਰਤੀ ਮੂਲ ਦੇ ਲੋਕ ਬ੍ਰਿਟੇਨ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ’ਚ 6 ਫੀਸਦੀ ਤੱਕ ਦਾ ਯੋਗਦਾਨ ਪਾਉਂਦੇ ਹਨ।

author

Inder Prajapati

Content Editor

Related News