UK ਵੱਲੋਂ ਡਿਜੀਟਲ Travel System ਲਾਗੂ, ਭਾਰਤੀਆਂ ਲਈ E-Visa ਲਾਜ਼ਮੀ

Wednesday, Feb 25, 2026 - 05:54 PM (IST)

UK ਵੱਲੋਂ ਡਿਜੀਟਲ Travel System ਲਾਗੂ, ਭਾਰਤੀਆਂ ਲਈ E-Visa ਲਾਜ਼ਮੀ

ਲੰਡਨ: ਬ੍ਰਿਟੇਨ ਜਾਣ ਵਾਲੇ ਭਾਰਤੀ ਯਾਤਰੀਆਂ ਲਈ ਇੱਕ ਵੱਡੀ ਤੇ ਮਹੱਤਵਪੂਰਨ ਖ਼ਬਰ ਹੈ। ਬ੍ਰਿਟੇਨ ਸਰਕਾਰ ਨੇ ਆਪਣੀ ਯਾਤਰਾ ਪ੍ਰਣਾਲੀ 'ਚ ਵੱਡਾ ਬਦਲਾਅ ਕਰਦਿਆਂ ਡਿਜੀਟਲ ਟ੍ਰੈਵਲ ਸਿਸਟਮ ਲਾਗੂ ਕਰ ਦਿੱਤਾ ਹੈ। ਇਸ ਨਵੀਂ ਪ੍ਰਣਾਲੀ ਦੇ ਤਹਿਤ ਹੁਣ ਭਾਰਤੀ ਯਾਤਰੀਆਂ ਲਈ ਈ-ਵੀਜ਼ਾ (e-Visa) ਲਾਜ਼ਮੀ ਕਰ ਦਿੱਤਾ ਗਿਆ ਹੈ।

ਕਾਗਜ਼ੀ ਵੀਜ਼ਾ ਸਟਿੱਕਰਾਂ ਦਾ ਦੌਰ ਖਤਮ 
ਨਵੇਂ ਨਿਯਮਾਂ ਅਨੁਸਾਰ, ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਕਾਗਜ਼ੀ ਵੀਜ਼ਾ 'ਸਟਿੱਕਰ' ਪ੍ਰਣਾਲੀ ਨੂੰ ਪੜਾਅਵਾਰ ਤਰੀਕੇ ਨਾਲ ਖਤਮ ਕਰਕੇ ਉਸਦੀ ਜਗ੍ਹਾ ਡਿਜੀਟਲ ਵੀਜ਼ਾ ਨੇ ਲੈ ਲਈ ਹੈ। ਹਾਲਾਂਕਿ, ਯਾਤਰੀਆਂ ਨੂੰ ਬਾਇਓਮੈਟ੍ਰਿਕ ਰਜਿਸਟ੍ਰੇਸ਼ਨ ਲਈ ਨਿੱਜੀ ਤੌਰ 'ਤੇ ਐਪਲੀਕੇਸ਼ਨ ਸੈਂਟਰ ਜਾਣਾ ਪਵੇਗਾ, ਪਰ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਹੁਣ ਵੀਜ਼ਾ ਪ੍ਰਕਿਰਿਆ ਦੌਰਾਨ ਯਾਤਰੀਆਂ ਨੂੰ ਆਪਣਾ ਪਾਸਪੋਰਟ ਦਸਤਾਵੇਜ਼ ਛੱਡ ਕੇ ਜਾਣ ਦੀ ਲੋੜ ਨਹੀਂ ਪਵੇਗੀ।

ਏਅਰਲਾਈਨਾਂ ਕਰ ਸਕਦੀਆਂ ਨੇ ਰੋਕ-ਟੋਕ 
ਬ੍ਰਿਟੇਨ ਦੇ ਪ੍ਰਵਾਸ ਅਤੇ ਨਾਗਰਿਕਤਾ ਮੰਤਰੀ ਮਾਈਕ ਟੈਪ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਸੁਖਾਲੀ ਬਣਾਉਣ ਲਈ ਸਾਰੇ ਜ਼ਰੂਰੀ ਦਸਤਾਵੇਜ਼ਾਂ ਨਾਲ ਤਿਆਰ ਰਹਿਣ। ਜੇਕਰ ਕਿਸੇ ਯਾਤਰੀ ਕੋਲ ਈ-ਵੀਜ਼ਾ, ਈ.ਟੀ.ਏ. (ETA) ਜਾਂ ਹੋਰ ਵੈਧ ਦਸਤਾਵੇਜ਼ ਨਹੀਂ ਹੋਣਗੇ ਤਾਂ ਏਅਰਲਾਈਨਾਂ ਉਨ੍ਹਾਂ ਨੂੰ ਜਹਾਜ਼ ਵਿੱਚ ਸਵਾਰ ਹੋਣ ਤੋਂ ਰੋਕ ਸਕਦੀਆਂ ਹਨ।

ਈ-ਵੀਜ਼ਾ ਦੇ ਫਾਇਦੇ 
ਬ੍ਰਿਟਿਸ਼ ਗ੍ਰਹਿ ਮੰਤਰਾਲੇ ਅਨੁਸਾਰ ਈ-ਵੀਜ਼ਾ ਵਧੇਰੇ ਸੁਰੱਖਿਅਤ ਹੈ ਕਿਉਂਕਿ ਇਹ ਨਾ ਤਾਂ ਗੁਆਚ ਸਕਦਾ ਹੈ, ਨਾ ਚੋਰੀ ਹੋ ਸਕਦਾ ਹੈ ਅਤੇ ਨਾ ਹੀ ਇਸ ਨਾਲ ਕੋਈ ਛੇੜਛਾੜ ਕੀਤੀ ਜਾ ਸਕਦੀ ਹੈ। ਇਹ ਵੀਜ਼ਾ ਧਾਰਕਾਂ ਨੂੰ ਤੁਰੰਤ ਅਤੇ ਸੁਰੱਖਿਅਤ ਰੂਪ ਵਿੱਚ ਆਪਣੀ ਇਮੀਗ੍ਰੇਸ਼ਨ ਸਥਿਤੀ ਸਾਬਤ ਕਰਨ ਦੀ ਸਹੂਲਤ ਦਿੰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਲ ਯਾਤਰੀ ਦੇ ਮੌਜੂਦਾ ਅਧਿਕਾਰਾਂ 'ਚ ਕੋਈ ਬਦਲਾਅ ਨਹੀਂ ਆਵੇਗਾ।

ਵਿਸ਼ਵ ਪੱਧਰ 'ਤੇ ਬਦਲਾਅ 
ਬ੍ਰਿਟੇਨ ਆਪਣੀ ਸਰਹੱਦ ਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਡਿਜੀਟਲ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਹੁਣ ਤੱਕ ਇੱਕ ਕਰੋੜ ਤੋਂ ਵੱਧ ਈ-ਵੀਜ਼ਾ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਅਮਰੀਕਾ, ਕੈਨੇਡਾ ਅਤੇ ਫਰਾਂਸ ਵਰਗੇ 85 ਦੇਸ਼ਾਂ ਦੇ ਅਜਿਹੇ ਨਾਗਰਿਕਾਂ ਨੂੰ ਵੀ, ਜਿਨ੍ਹਾਂ ਨੂੰ ਪਹਿਲਾਂ ਵੀਜ਼ੇ ਦੀ ਲੋੜ ਨਹੀਂ ਸੀ, ਹੁਣ ਬ੍ਰਿਟੇਨ ਆਉਣ ਲਈ ਇਲੈਕਟ੍ਰਾਨਿਕ ਟ੍ਰੈਵਲ ਆਥੋਰਾਈਜ਼ੇਸ਼ਨ (ETA) ਦੀ ਲੋੜ ਪਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News