ਚੀਨ ਦੇ ਇਸ ਸ਼ਹਿਰ 'ਚ ਮਿਲੇ ਨਵੇਂ ਕੋਰੋਨਾ ਮਰੀਜ਼, ਹੁਣ 5 ਦਿਨ 'ਚ ਕਰੇਗਾ 90 ਲੱਖ ਟੈਸਟ

10/13/2020 3:47:01 AM

ਬੀਜ਼ਿੰਗ - ਚੀਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਨੇ ਦੁਨੀਆ ਭਰ ਵਿਚ ਤਬਾਹੀ ਮਚਾ ਕੇ ਰੱਖੀ ਹੋਈ ਹੈ। ਹੁਣ ਤੱਕ ਕਰੋੜਾਂ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਵਿਚਾਲੇ ਕਿੰਗਦਾਓ ਸ਼ਹਿਰ ਵਿਚ ਕੋਰੋਨਾ ਦੇ ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ਜਿਸ ਤੋਂ ਬਾਅਦ ਚੀਨੀ ਸਰਕਾਰ ਨੇ ਪੂਰੇ ਸ਼ਹਿਰ ਦੇ ਕੋਰੋਨਾ ਟੈਸਟ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਸ਼ਹਿਰ ਦੀ ਆਬਾਦੀ 90 ਲੱਖ ਹੈ। ਚੀਨ ਦੀ ਸਰਕਾਰ ਨੇ ਕਿਹਾ ਹੈ ਕਿ ਕਿੰਗਦਾਓ ਸ਼ਹਿਰ ਦੇ ਸਾਰੇ 90 ਲੱਖ ਲੋਕਾਂ ਦੀ ਕੋਵਿਡ-19 ਜਾਂਚ ਕੀਤੀ ਜਾਵੇਗੀ।

ਚੀਨ ਦੀ ਕਿੰਗਦਾਓ ਸਿਟੀ ਨੇ ਸੋਮਵਾਰ ਨੂੰ ਆਖਿਆ ਕਿ ਉਹ ਕਰੀਬ 5 ਦਿਨਾਂ ਵਿਚ ਸ਼ਹਿਰ ਦੀ 90 ਲੱਖ ਤੋਂ ਜ਼ਿਆਦਾ ਦੀ ਆਬਾਦੀ ਦਾ ਕੋਵਿਡ-19 ਟੈਸਟ ਕਰੇਗੀ। ਸ਼ਹਿਰ ਵਿਚ 11 ਅਕਤੂਬਰ ਨੂੰ ਕੋਵਿਡ-19 ਦੇ 6 ਮਾਮਲੇ ਲੱਛਣਾਂ ਅਤੇ 6 ਬਿਨਾਂ ਲੱਛਣ ਵਾਲੇ ਮਾਮਲੇ ਮਿਲੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਕਿੰਗਦਾਓ ਚੈੱਸਟ ਹਸਪਤਾਲ ਨਾਲ ਜੁੜੇ ਹਨ, ਜਿਸ ਦੇ ਚੱਲਦੇ ਹਸਪਤਾਲ ਬੰਦ ਕੀਤਾ ਗਿਆ ਹੈ। ਅਧਿਕਾਰੀ ਕਿੰਗਦਾਓ ਦੇ ਮਿਊਨਿਸੀਪਲ ਚੈੱਸਟ ਹਸਪਤਾਲ ਦੇ 8 ਮਰੀਜ਼ਾਂ ਅਤੇ 1 ਪਰਿਵਾਰ ਦੇ ਮੈਂਬਰ ਤੋਂ ਪ੍ਰਭਾਵਿਤ ਹੋਣ ਦੇ ਸਰੋਤ ਦਾ ਪਤਾ ਲਾ ਰਹੇ ਹਨ।

ਸਿਹਤ ਅਧਿਕਾਰੀਆਂ ਦਾ ਆਖਣਾ ਹੈ ਕਿ ਲਾਗ ਦੀ ਖਬਰ ਆਉਂਦੇ ਹੀ ਸਿਹਤ ਸੇਵਾਵਾਂ ਵਿਚ ਕੰਮ ਕਰਨ ਵਾਲੇ 1,40,000 ਲੋਕਾਂ ਦਾ ਟੈਸਟ ਕੀਤਾ ਵੀ ਜਾ ਚੁੱਕਿਆ ਹੈ। ਅਧਿਕਾਰੀਆਂ ਨੇ ਆਖਿਆ ਕਿ 3 ਦਿਨਾਂ ਵਿਚ ਸ਼ਹਿਰ ਦੇ 5 ਜ਼ਿਲਿਆਂ ਵਿਚ ਰਹਿਣ ਵਾਲੇ ਸਾਰੇ ਲੋਕਾਂ ਦਾ ਕੋਵਿਡ-19 ਟੈਸਟ ਹੋਵੇਗਾ ਅਤੇ 5 ਦਿਨਾਂ ਵਿਚ ਪੂਰੇ ਸ਼ਹਿਰ ਦਾ ਕੋਰੋਨਾ ਟੈਸਟ ਹੋ ਜਾਵੇਗਾ। ਕਈ ਮਹੀਨਿਆਂ ਵਿਚ ਚੀਨ ਵਿਚ ਕੋਰੋਨਾਵਾਇਰਸ ਦੀ ਮਾਸ ਟੈਸਟਿੰਗ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਬੀਜ਼ਿੰਗ ਵਿਚ ਮਾਸ ਟੈਸਟਿੰਗ ਦੇਖਣ ਨੂੰ ਮਿਲੀ ਸੀ।

ਚੀਨ ਵਿਚ ਇਹ ਮਹਾਮਾਰੀ ਬੀਤੇ ਸਾਲ ਦਸੰਬਰ ਵਿਚ ਸ਼ੁਰੂ ਹੋਈ ਸੀ। ਚੀਨ ਵਿਚ ਕੋਵਿਡ-19 ਦੇ 85 ਹਜ਼ਾਰ ਤੋਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 4600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਹੈ। ਚੀਨ ਵਿਚ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ। ਕੋਰੋਨਾਵਾਇਰਸ ਦਾ ਟੀਕਾ ਤਿਆਰ ਕਰਨ ਦੀ ਦੌੜ ਵਿਚ ਚੀਨ ਸਭ ਤੋਂ ਅੱਗੇ ਰਹਿਣਾ ਚਾਹੁੰਦਾ ਹੈ। ਚੀਨ ਤੋਂ ਇਲਾਵਾ ਰੂਸ, ਯੂਰਪ, ਅਮਰੀਕਾ ਅਤੇ ਭਾਰਤ ਵਿਚ ਵੀ ਵੈਕਸੀਨ 'ਤੇ ਕੰਮ ਜਾਰੀ ਹੈ।


Khushdeep Jassi

Content Editor

Related News