ਪੁਲਸ ਥਾਣੇ ''ਚ ਬੰਦ ਤੋਤੇ ਦੀ ਤਸਵੀਰ ਵਾਇਰਲ, ਜਾਣੋ ਪੂਰਾ ਮਾਮਲਾ

10/01/2019 12:44:39 PM

ਐਮਸਟਰਡਮ (ਬਿਊਰੋ)— ਯੂਰਪੀ ਦੇਸ਼ ਨੀਦਰਲੈਂਡ ਦੇ ਡੱਚ ਪੁਲਸ ਥਾਣੇ ਵਿਚ ਬੰਦ ਇਕ ਛੋਟੇ ਜਿਹੇ ਤੋਤੇ ਦੀ ਇਕ ਤਸਵੀਰ ਨੇ ਸ਼ਬਦ 'ਜੇਲਬਰਡ' (jailbird) ਨੂੰ ਨਵਾਂ ਅਰਥ ਦਿੱਤਾ ਹੈ। ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਇਸ ਪੰਛੀ ਦੀ ਤਸਵੀਰ ਦੇ ਵਾਇਰਲ ਹੋਣ ਦੇ ਨਾਲ ਹੀ ਕੁਮੈਂਟਸ ਦੀ ਝੜੀ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਵੀਰਵਾਰ ਨੂੰ ਮੱਧ ਡੱਚ ਸ਼ਹਿਰ ਉਟਰੇਚ ਵਿਚ ਦੁਕਾਨ ਵਿਚ ਚੋਰੀ ਕਰਨ ਦੇ ਸ਼ੱਕ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਇਹ ਤੋਤਾ ਉਸ ਦੇ ਮੋਢੇ 'ਤੇ ਬੈਠਿਆ ਹੋਇਆ ਸੀ। 

ਪੁਲਸ ਨੇ ਸ਼ੱਕੀ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਪਿੰਜਰਾ ਨਾ ਹੋਣ ਕਾਰਨ ਤੋਤੇ ਨੂੰ ਸੈਂਡਵਿਚ ਅਤੇ ਪਾਣੀ ਦੇ ਕੇ ਇਕ ਪੁਲਸ ਸੈੱਲ ਵਿਚ ਰੱਖ ਦਿੱਤਾ ਗਿਆ। ਇਸ ਮਗਰੋਂ ਪੁਲਸ ਨੇ ਉਸ ਇਕੱਲੇ ਪੰਛੀ ਦੀ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰ ਦਿੱਤਾ। ਪੁਲਸ ਨੇ ਆਪਣੀ ਪੋਸਟ ਵਿਚ ਲਿਖਿਆ,''ਅਸੀਂ ਹਾਲ ਹੀ ਵਿਚ ਦੁਕਾਨ ਵਿਚ ਚੋਰੀ ਕਰਨ ਦੇ ਮਾਮਲੇ ਵਿਚ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਦੌਰਾਨ ਸਾਨੂੰ ਇਹ ਗੁਪਤ ਗਵਾਹ ਸ਼ੱਕੀ ਦੇ ਮੋਢੇ 'ਤੇ ਬੈਠਿਆ ਮਿਲਿਆ ਸੀ। ਫਿਰ ਸਾਨੂੰ ਅਹਿਸਾਸ ਹੋਇਆ ਕਿ ਸਾਡੇ ਕੋਲ ਪੰਛੀ ਨੂੰ ਰੱਖਣ ਲਈ ਪਿੰਜਰਾ ਨਹੀਂ ਸੀ।'' 

ਭਾਵੇਂਕਿ ਇਸ ਛੋਟੇ ਪੰਛੀ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਗਈ ਸੀ। ਇਸ ਦੇ ਨਾਲ ਹੀ ਇਕ ਸਥਾਨਕ ਸਮਾਚਾਰ ਸਟੇਸ਼ਨ ਨੇ ਉਸ ਪੰਛੀ ਦੀ ਪਛਾਣ ਲੁਕਾਉਣ ਲਈ ਉਸ ਦੀਆਂ ਅੱਖਾਂ ਦੇ ਉੱਪਰ ਇਕ ਕਾਲੀ ਪੱਟੀ ਲਗਾਈ। ਜਿਵੇਂਕਿ ਕੁਝ ਅਪਰਾਧਿਕ ਮਾਮਲਿਆਂ ਵਿਚ ਦੇਖਿਆ ਜਾਂਦਾ ਹੈ ਖੰਭਾਂ ਵਾਲੇ ਸ਼ੱਕੀ ਦੀ ਪਛਾਣ 'ਤੇ ਵੀ ਭਰਮ ਸੀ। ਪੁਲਸ ਨੇ ਇਸ ਨੂੰ ਇਕ ਪੈਰਾਕੀਟ ਕਿਹਾ ਪਰ ਕਈ ਲੋਕਾਂ ਨੇ ਤਸਵੀਰ ਦੇਖ ਕੇ ਕਿਹਾ ਕਿ ਇਹ ਇਕ ਛੋਟਾ ਤੋਤਾ ਹੈ।  

ਕੁਝ ਲੋਕਾਂ ਨੇ ਕੁਮੈਂਟ ਕਰਦਿਆਂ ਲਿਖਿਆ,''ਇਹ ਪੰਛੀ ਕੈਨਰੀ ਵਾਂਗ ਨਹੀਂ ਗਾਏਗਾ। ਉਸ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਵਾਂਝੇ ਕਰ ਦਿੱਤਾ ਗਿਆ ਕਿਉਂਕਿ ਉਸ ਦੇ ਉੱਡ ਜਾਣ ਦਾ ਖਤਰਾ ਸੀ।'' ਕੁਝ ਲੋਕਾਂ ਨੇ ਤੋਤੇ ਨੂੰ ਕਾਨੂੰਨੀ ਮਦਦ ਦਿੱਤੇ ਜਾਣ ਦੀ ਪੇਸ਼ਕਸ਼ ਕੀਤੀ ਅਤੇ ਪੁੱਛਿਆ ਕੀ ਇਸ ਨੂੰ ਅਦਾਲਤ ਵਿਚ ਲਿਜਾਣਾ ਚਾਹੀਦਾ ਹੈ। ਪੁਲਸ ਨੇ ਉਸੇ ਦਿਨ ਸ਼ੱਕੀ ਨੂੰ ਰਿਹਾਅ ਕਰ ਦਿੱਤਾ ਅਤੇ ਇਹ ਪੰਛੀ ਤੁਰੰਤ ਉਸ ਦੇ ਮੋਢੇ 'ਤੇ ਬੈਠ ਗਿਆ।


Vandana

Content Editor

Related News