ਕੋਰੋਨਾ ਦਾ ਕਹਿਰ : ਆਖਰੀ ਸਾਹ ਲੈ ਰਹੀ ਮਾਂ ਕੋਲ ਨਹੀਂ ਪਹੁੰਚ ਪਾਇਆ ਇਕ ਪੀ.ਐੱਮ.
Wednesday, May 27, 2020 - 06:10 PM (IST)
ਐਮਸਟਰਡਮ (ਬਿਊਰੋ): ਵਿਸ਼ਵ ਪੱਧਰ 'ਤੇ ਹਾਲ ਹੀ ਵਿਚ ਕੁਝ ਨੇਤਾਵਾਂ ਨੂੰ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਦੇਖਿਆ ਗਿਆ ਹੈ।ਇਸ ਦੌਰਾਨ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਕੋਰੋਨਾਵਾਇਰਸ ਕਾਰਨ ਲਗਾਈਆਂ ਪਾਬੰਦੀਆਂ ਕਾਰਨ ਆਖਰੀ ਸਾਹ ਲੈ ਰਹੀ ਆਪਣੀ ਮਾਂ ਕੋਲ ਪਹੁੰਚ ਨਹੀਂ ਪਾਏ। ਜਾਣਕਾਰੀ ਮੁਤਾਬਕ ਮਾਰਕ ਰੂਟੇ ਦੀ ਮਾਂ ਇਕ ਕੇਅਰ ਹੋਮ ਵਿਚ ਰਹਿੰਦੀ ਸੀ ਅਤੇ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਖੁਦ ਰੂਟੇ ਨੇ 2 ਮਹੀਨੇ ਪਹਿਲਾਂ ਕਿਸੇ ਦੇ ਵੀ ਅਜਿਹੀ ਜਗਾ ਜਾਣ 'ਤੇ ਪਾਬੰਦੀ ਲਗਾਈ ਸੀ ਤਾਂ ਜੋ ਬਜ਼ੁਰਗਾਂ ਨੂੰ ਇਨਫੈਕਸ਼ਨ ਦੇ ਖਤਰੇ ਤੋਂ ਬਚਾਇਆ ਜਾ ਸਕੇ। ਇਸ ਦੌਰਾਨ ਖੁਦ ਉਹਨਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਹੁੰਦੇ ਹੋਏ ਵੀ, ਆਪਣੀ ਸਰਕਾਰ ਦੇ ਆਦੇਸ਼ਾਂ ਦਾ ਪਾਲਣ ਕੀਤਾ। ਭਾਵੇਂ ਨਿੱਜੀ ਤੌਰ 'ਤੇ ਜਿਹੜਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਿਆ ਉਸ ਨੂੰ ਕਦੇ ਵੀ ਭਰਿਆ ਨਹੀਂ ਜਾ ਸਕਦਾ।
96 ਸਾਲਾ ਮਾਂ ਦਾ ਦੇਹਾਂਤ
ਡਚ ਪੀ.ਐੱਮ. ਮਾਰਕ ਰੂਟੇ ਦੀ 96 ਸਾਲਾ ਮਾਂ ਕੇਅਰ ਹੋਮ ਵਿਚ ਆਖਰੀ ਸਾਹ ਗਿਣ ਰਹੀ ਸੀ। ਰੂਟੇ ਨੂੰ ਇਸ ਗੱਲ ਦੀ ਜਾਣਕਾਰੀ ਸੀ ਪਰ ਦੇਸ਼ ਵਿਚ ਜਾਰੀ ਤਾਲਾਬੰਦੀ ਕਾਰਨ ਉਹ ਆਪਣੀ ਮਾਂ ਨੂੰ ਮਿਲਣ ਲਈ ਪਹੁੰਚ ਨਹੀਂ ਸਕੇ। ਡਚ ਪੀ.ਐੱਮ. ਦੇ ਦਫਤਰ ਨੇ ਦੱਸਿਆ ਕਿ ਮਾਰਕ ਕੋਰੋਨਾਵਾਇਰਸ ਦੀ ਪਾਬੰਦੀਆਂ ਦਾ ਪਾਲਣ ਕਰਨਾ ਚਾਹੁੰਦੇ ਸੀ ਜਿਸ ਵਿਚ ਕੇਅਰ ਹੋਮ ਵਿਚ ਜਾਣ 'ਤੇ ਰੋਕ ਲੱਗੀ ਹੋਈ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਰਕ ਨੇ ਆਪਣੀ ਮਾਂ ਦੀ ਮੌਤ ਦਾ ਖੁਲਾਸਾ 25 ਮਈ ਮਤਲਬ ਬੀਤੇ ਸੋਮਵਾਰ ਨੂੰ ਕੀਤਾ ਜਦਕਿ ਉਹਨਾਂ ਦੀ ਬਜ਼ਰੁਗ ਮਾਂ 13 ਮਈ ਨੂੰ ਦਮ ਤੋੜ ਚੁੱਕੀ ਸੀ। ਉਹਨਾਂ ਦੀ ਮਾਂ ਮਾਇਕੇ ਰੂਟੇ -ਡਾਇਲਿੰਗ ਦਿ ਹੇਗ ਦੇ ਜਿਹੜੇ ਹੋਮ ਕੇਅਰ ਵਿਚ ਰਹਿੰਦੀ ਸੀ ਅਜਿਹੀਆਂ ਥਾਵਾਂ 'ਤੇ ਦੂਜੇ ਲੋਕਾਂ ਦੇ ਜਾਣ 'ਤੇ ਉਹਨਾਂ ਦੀ ਸਰਕਾਰ ਨੇ ਹੀ ਪਿਛਲੇ 20 ਮਾਰਚ ਤੋਂ ਰੋਕ ਲਗਾਈ ਹੋਈ ਸੀ।ਇੱਥੇ ਦੱਸ ਦਈਏ ਕਿ ਕੇਅਰ ਹੋਮ ਵਿਚ ਰੂਟੇ ਦੀ ਮਾਂ ਦੀ ਮੌਤ ਕੋਰੋਨਾਵਾਇਰਸ ਇਨਫੈਕਸ਼ਨ ਦੇ ਕਾਰਨ ਨਹੀਂ ਹੋਈ।
ਇਸ ਤੋਂ ਪਹਿਲਾਂ ਮਾਰਕ ਰੂਟੇ ਨੇ ਆਪਣੀ ਮਾਂ ਦੀ ਮੌਤ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ,''ਬਹੁਤ ਜ਼ਿਆਦਾ ਉਦਾਸੀ ਅਤੇ ਉਹਨਾਂ ਦੀਆਂ ਯਾਦਾਂ ਦੇ ਨਾਲ, ਮੇਰਾ ਪਰਿਵਾਰ ਇਸ ਗੱਲ ਦੇ ਲਈ ਧੰਨਵਾਦ ਵੀ ਜ਼ਾਹਰ ਕਰ ਰਿਹਾ ਹੈ ਸਾਨੂੰ ਉਹਨਾਂ ਦੇ ਨਾਲ ਇੰਨੇ ਲੰਬੇ ਸਮੇਂ ਤੱਕ ਰਹਿਣ ਦੀ ਇਜਾਜ਼ਤ ਮਿਲੀ। ਅਸੀਂ ਪਰਿਵਾਰ ਦੇ ਵਿਚੋਂ ਹੁਣ ਉਹਨਾਂ ਨੂੰ ਅਲਵਿਦਾ ਕਰ ਦਿੱਤਾ ਹੈ। ਅਸੀਂ ਆਸ ਕਰਦੇ ਹਾਂ ਕਿ ਇਸ ਵੱਡੇ ਨੁਕਸਾਨ ਨਾਲ ਆਉਣ ਵਾਲੇ ਭਵਿੱਖ ਵਿਚ ਸ਼ਾਂਤੀ ਦੇ ਨਾਲ ਨਜਿੱਠ ਸਕਾਂਗੇ।''
ਇੱਥੇ ਦੱਸ ਦਈਏ ਕਿ ਡਚ ਸਰਕਾਰ ਨੇ ਸਧਾਰਨ ਨਾਗਰਿਕਾਂ ਨੂੰ ਅਜਿਹੇ ਕੇਅਰ ਹੋਮ ਵਿਚ ਸੋਮਵਾਰ ਤੋਂ ਹੀ ਜਾਣ ਦੀ ਇਜਾਜ਼ਤ ਦਿੱਤੀ ਹੈ। ਇਹ ਇਜਾਜ਼ਤ ਸਿਰਫ 15 ਜੂਨ ਤੱਕ ਲਈ ਹੀ ਹੈ। ਇੱਥੇ ਹੁਣ ਤੱਕ ਕੋਰੋਨਾਵਾਇਰਸ ਦੇ ਕੁੱਲ 45,445 ਮਾਮਲੇ ਸਾਹਮਣੇ ਆਏ ਹਨ ਜਦਕਿ 5,830 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੀਦਰਲੈਂਡ ਉਹਨਾਂ ਯੂਰਪੀ ਦੇਸ਼ਾਂ ਵਿਚ ਸ਼ਾਮਲ ਹੈ ਜਿਸ ਨੇ ਤਾਲਾਬੰਦੀ ਨੂੰ ਬਹੁਤ ਸੋਚ-ਸਮਝ ਕੇ ਲਗਾਇਆ ਹੈ।