ਨੇਪਾਲ ਨੇ ਅਫਗਾਨਿਸਤਾਨ ਲਈ ਭੇਜੀ 14 ਟਨ ਮਨੁੱਖੀ ਸਹਾਇਤਾ

Monday, Jan 17, 2022 - 01:17 PM (IST)

ਨੇਪਾਲ ਨੇ ਅਫਗਾਨਿਸਤਾਨ ਲਈ ਭੇਜੀ 14 ਟਨ ਮਨੁੱਖੀ ਸਹਾਇਤਾ

ਕਾਠਮਾਂਡੂ- ਨੇਪਾਲ ਨੇ ਐਤਵਾਰ ਨੂੰ ਅਫਗਾਨਿਸਤਾਨ ਦੀ ਮਦਦ ਲਈ ਕਰੀਬ 14 ਟਨ ਮਨੁੱਖੀ ਸਹਾਇਆ ਉਥੇ ਕੰਮ ਕਰ ਰਹੇ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀਆਂ ਨੂੰ ਸੌਂਪੀ। ਨੇਪਾਲ ਦੇ ਆਧੁਨਿਕ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਕਿਸੇ ਦੂਜੇ ਦੇਸ਼ ਨੂੰ ਮਦਦ ਭੇਜੀ ਹੈ। ਵਿਦੇਸ਼ ਮੰਤਰਾਲੇ 'ਚ ਸੰਯੁਕਤ ਸਕੱਤਰ ਸੇਵਾ ਲਾਮਸਾਲ ਦੀ ਅਗਵਾਈ 'ਚ ਟੀਮ ਕਾਬੁਲ ਗਈ ਅਤੇ ਉਥੋਂ ਖਾਧ ਸਮੱਗਰੀ ਤੋਂ ਇਲਾਵਾ 14 ਟਨ ਰਾਹਤ ਸਮੱਗਰੀ ਸੌਂਪੀ। ਮੰਤਰਾਲੇ ਨੇ ਦੱਸਿਆ ਕਿ ਵਿਦੇਸ਼ ਮੰਤਰੀ ਨਾਰਾਇਣ ਖਡਕਾ ਨੇ ਸਦਭਾਵਨਾ ਪਹਿਲ ਦੇ ਤਹਿਤ ਇਸ ਕੋਸ਼ਿਸ਼ ਦੀ ਅਗਵਾਈ ਕੀਤੀ।
ਉਨ੍ਹਾਂ ਨੇ ਕਿਹਾ ਕਿ ਆਰਥਿਕ ਸੰਕਟ ਅਤੇ ਕਠੋਰ ਮੌਸਮ ਦਾ ਸਾਹਮਣਾ ਕਰ ਰਹੇ ਅਫਗਾਨਿਸਤਾਨ ਦੇ ਲਈ ਮਨੁੱਖੀ ਸਹਾਇਤਾ ਅਤੇ ਅਫਗਾਨਿਸਤਾਨ ਦੇ ਲੋਕਾਂ ਲਈ ਕੌਮਾਂਤਰੀ ਭਾਈਚਾਰੇ ਦਾ ਸਮਰਥਨ ਜ਼ਰੂਰੀ ਹੋ ਗਿਆ ਹੈ। ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ 'ਚ ਖਡਕਾ ਨੇ ਕਿਹਾ ਕਿ ਨੇਪਾਲ ਦੇ ਆਧੁਨਿਕ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਦੂਜੇ ਦੇਸ਼ ਨੂੰ ਆਪਣੇ ਪੱਧਰ 'ਤੇ ਮਨੁੱਖੀ ਸਹਾਇਤਾ ਪਹੁੰਚਾਈ ਹੈ। ਜ਼ਿਕਰਯੋਗ ਹੈ ਕਿ ਨੇਪਾਲ ਦੀ ਇਸ ਪਹਿਲ 'ਚ ਕੰਫੇਡਰੇਸ਼ਨ ਆਫ ਨੇਪਾਲੀਜ਼ ਇੰਡਸਟਰੀਜ਼, ਫੇਡਰੇਸ਼ਨ ਆਫ ਨੇਪਾਲੀਜ਼ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼, ਨੇਪਾਲ ਚੈਂਬਰ ਆਫ ਕਾਮਰਸ, ਅਗਰਵਾਲ ਸੇਵਾ ਕੇਂਦਰ, ਹਿਮਾਲਿਆ ਏਅਰਲਾਈਨ ਸਮੇਤ ਨਿੱਜੀ ਬਾਡੀਜ਼, ਸੰਗਠਨਾਂ ਅਤੇ ਲੋਕਾਂ ਨੇ ਮਦਦ ਕੀਤੀ ਹੈ।
ਕੌਮਾਂਤਰੀ ਭਾਈਚਾਰੇ ਨੇ ਵੀ ਅਫਗਾਨਿਸਤਾਨ ਦੀ ਮਨੁੱਖੀ ਸਹਾਇਆ ਦੇ ਲਈ 1.2 ਅਰਬ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਉਧਰ ਸੰਯੁਕਤ ਰਾਸ਼ਟਰ ਨੇ ਦੇਸ਼ 'ਚ ਸੁਚਾਰੂ ਸਹਾਇਤਾ ਸੁਨਿਸ਼ਚਿਤ ਕਰਨ ਲਈ ਤਾਲਿਬਾਨ ਨੂੰ ਪ੍ਰਕਿਰਿਆ 'ਚ ਸ਼ਾਮਲ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਹੈ। ਵਰਣਨਯੋਗ ਹੈ ਕਿ ਪਿਛਲੇ ਸਾਲ ਅਗਸਤ 'ਚ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਦੇਸ਼ ਦੀ ਆਰਥਿਕ ਸਥਿਤੀ ਖਰਾਬ ਹੋ ਗਈ ਹੈ।


author

Aarti dhillon

Content Editor

Related News