ਅਮਰੀਕਾ ਦੀ ਮਦਦ ਨਾਲ ਨੇਪਾਲ ਨੇ ਆਪਣਾ ਪਹਿਲਾ ਉਪਗ੍ਰਹਿ ਕੀਤਾ ਲਾਂਚ

04/18/2019 2:29:31 PM

ਕਾਠਮੰਡੂ (ਭਾਸ਼ਾ)— ਨੇਪਾਲ ਨੇ ਆਪਣਾ ਪਹਿਲਾ ਉਪਗ੍ਰਹਿ ਨੇਪਾਲੀਸੈੱਟ-1 ਬੁੱਧਵਾਰ ਦੇਰ ਰਾਤ ਅਮਰੀਕਾ ਦੀ ਮਦਦ ਨਾਲ ਸਫਲਤਾਪੂਰਵਕ ਲਾਂਚ ਕੀਤਾ। ਇਸ ਲਾਂਚ ਨਾਲ ਲੋਕਾਂ ਅਤੇ ਵਿਗਿਆਨੀਆਂ ਵਿਚ ਉਤਸ਼ਾਹ ਦਾ ਮਾਹੌਲ ਹੈ। ਨੇਪਾਲ ਅਕੈਡਮੀ ਆਫ ਸਾਇੰਸ ਐਂਡ ਤਕਨਾਲੋਜੀ (ਐੱਨ.ਏ.ਐੱਸ.ਟੀ.) ਮੁਤਾਬਕ ਨੇਪਾਲ ਦੇ ਵਿਗਿਆਨੀਆਂ ਵੱਲੋਂ ਤਿਆਰ ਉਪਗ੍ਰਹਿ ਅਮਰੀਕਾ ਵਿਚ ਵਰਜੀਨੀਆ ਤੋਂ ਬੁੱਧਵਾਰ ਦੇਰ ਰਾਤ 2:31 ਵਜੇ (ਸਥਾਨਕ ਸਮੇਂ ਮੁਤਾਬਕ) ਲਾਂਚ ਕੀਤਾ ਗਿਆ। 

ਜਾਪਾਨ ਦੇ ਕਿਊਸ਼ੂ ਇੰਸਟੀਚਿਊਟ ਆਫ ਤਕਨਾਲੋਜੀ ਵਿਚ ਇਸ ਸਮੇਂ ਅਧਿਐਨ ਕਰ ਰਹੇ ਨੇਪਾਲ ਦੇ ਦੋ ਵਿਗਿਆਨੀ ਆਭਾਸ ਮਾਸਕੀ ਅਤੇ ਹਰੀਰਾਮ ਸ਼੍ਰੇਸ਼ਠ ਨੇ ਆਪਣੀ ਸੰਸਥਾ ਦੇ ਬੀ.ਆਈ.ਆਰ.ਡੀ.ਐੱਸ. (ਬਰਡਸ) ਪ੍ਰਾਜੈਕਟ ਦੇ ਤਹਿਤ ਇਹ ਉਪਗ੍ਰਹਿ ਤਿਆਰ ਕੀਤਾ। ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਉਪਗ੍ਰਹਿ ਤਿਆਰ ਕਰਨ ਵਿਚ ਸ਼ਾਮਲ ਸਾਰੇ ਵਿਗਿਆਨੀਆਂ ਅਤੇ ਸਾਰੇ ਅਦਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਆਪਣਾ ਉਪਗ੍ਰਹਿ ਹੋਣਾ ਦੇਸ਼ ਲਈ ਮਾਣ ਦੀ ਗੱਲ ਹੈ। 

ਐੱਨ.ਏ.ਐੱਸ.ਟੀ. ਦੇ ਬੁਲਾਰੇ ਸੁਰੇਸ਼ ਕੁਮਾਰ ਧੁੰਗਲ ਨੇ ਦੱਸਿਆ ਕਿ ਉਨ੍ਹਾਂ ਨੇ ਦੇਸ਼ ਵਿਚ ਪੁਲਾੜ ਇੰਜੀਨੀਅਰਿੰਗ ਲਈ ਨਵੇਂ ਰਸਤੇ ਖੋਲ੍ਹਣ ਲਈ ਉਪਗ੍ਰਹਿ ਵਿਚ ਨਿਵੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਐੱਨ.ਏ.ਐੱਸ.ਟੀ. ਦਫਤਰ ਨੇਪਾਲੀਸੈੱਟ-1 ਦੀ ਮਦਦ ਨਾਲ ਸੰਚਾਰ ਅਤੇ ਦੇਸ਼ ਦੇ ਭੂਗੋਲਿਕ ਖੇਤਰ ਦੇ ਅਕਸ ਨੂੰ ਇਕੱਠਾ ਕਰਨ ਦਾ ਕੰਮ ਕਰੇਗਾ।


Vandana

Content Editor

Related News