ਨੇਪਾਲ ਨੇ ਅਯੁੱਧਿਆਪੁਰੀ ਧਾਮ ਲਈ ਨਿਰਧਾਰਿਤ ਕੀਤੀ 40 ਏਕੜ ਜ਼ਮੀਨ

09/30/2020 6:21:12 PM

ਕਾਠਮੰਡੂ (ਭਾਸ਼ਾ): ਨੇਪਾਲ ਵੱਲੋਂ ਚੁੱਕਿਆ ਇਕ ਵਿਵਾਦਮਈ ਕਦਮ, ਭਾਰਤ ਅਤੇ ਉਸ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਹੋਰ ਜ਼ਿਆਦਾ ਨਾਰਾਜ਼ ਕਰ ਸਕਦਾ ਹੈ। ਨੇਪਾਲ ਦੇ ਇਕ ਸਥਾਨਕ ਪ੍ਰਸ਼ਾਸਨ ਨੇ 100 ਬੀਘਾ ਜਾਂ 40 ਏਕੜ ਵਿਚ ਅਯੁੱਧਿਆਪੁਰੀ ਧਾਮ ਦਾ ਨਿਰਮਾਣ ਕਰਨ ਦਾ ਫ਼ੈਸਲਾ ਲਿਆ ਹੈ। ਚਿਤਵਨ ਜ਼ਿਲ੍ਹੇ ਦੀ ਮਾਡੀ ਨਗਰਪਾਲਿਕਾ, ਜਿੱਥੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਮੁਤਾਬਕ, ਭਗਵਾਨ ਰਾਮ ਦਾ ਜਨਮ ਹੋਇਆ ਹੈ, ਨੇ ਅਯੁੱਧਿਆਪੁਰੀ ਧਾਮ ਦੇ ਨਿਰਮਾਣ ਦੇ ਲਈ ਜ਼ਮੀਨ ਅਲਾਟ ਕੀਤੀ ਹੈ। ਠਾਕੁਰ ਪ੍ਰਸ਼ਾਦ ਢਕਾਲ ਨੇ ਨੇਪਾਲ ਦੀ ਰਾਸ਼ਟਰੀ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਮੰਗਲਵਾਰ ਨੂੰ ਨਗਰਪਾਲਿਕਾ ਦੀ ਕਾਰਜਕਾਰੀ ਬੌਡੀ ਬੈਠਕ ਨੇ ਧਾਮ ਦੇ ਨਿਰਮਾਣ ਦੇ ਲਈ 100 ਬੀਘਾ ਜ਼ਮੀਨ ਅਲਾਟ ਕਰਨ ਦਾ ਫ਼ੈਸਲਾ ਲਿਆ। ਓਲੀ ਨੇ 14 ਜੁਲਾਈ ਨੂੰ ਭਗਵਾਨ ਰਾਮ ਦੇ ਜਨਮ ਸਥਾਨ ਦੇ ਬਾਰੇ ਵਿਚ ਸਨਸਨੀਖੇਜਜ ਟਿੱਪਣੀ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਰਾਮ ਦਾ ਜਨਮ ਨੇਪਾਲ ਵਿਚ ਹੋਇਆ ਸੀ ਨਾ ਕਿ ਭਾਰਤ ਸਥਿਤ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਚ।

ਓਲੀ ਨੇ ਭਾਰਤ 'ਤੇ ਇਕ ਫਰਜ਼ੀ ਅਯੁੱਧਿਆ ਬਣਾਉਣ ਦਾ ਦੋਸ਼ ਲਗਾਇਆ, ਜੋ ਓਲੀ ਦੇ ਮੁਤਾਬਕ, ਨੇਪਾਲ ਦੇ ਖਿਲਾਫ਼ ਇਕ ਸੱਭਿਆਚਾਰਕ ਹਮਲਾ ਹੈ। ਓਲੀ ਦੇ ਬਿਆਨ ਨੇ ਭਾਰਤ ਅਤੇ ਨੇਪਾਲ ਦੋਹਾਂ ਵਿਚ ਉਸ ਸਮੇਂ ਹੰਗਾਮਾ ਮਚਾ ਦਿੱਤਾ ਸੀ ਜਦੋਂ ਨੇਪਾਲ-ਭਾਰਤ ਸੰਬੰਧਾਂ ਵਿਚ ਸਰਹੱਦੀ ਵਿਵਾਦ ਅਤੇ ਚੀਨ ਦੇ ਨਾਲ ਨੇਪਾਲ ਦੇ ਅਤੀ ਨੇੜਤਾ ਦੇ ਕਾਰਨ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿਚ ਖਟਾਸ ਆ ਗਈ ਸੀ। ਢਕਾਲ ਨੇ ਕਿਹਾ ਕਿ ਅਸੀਂ ਵਾਰਡ 8 ਅਤੇ 9 ਵਿਚ ਅਯੁੱਧਿਆਪੁਰੀ ਧਾਮ ਦੇ ਨਿਰਮਾਣ ਦੇ ਲਈ ਵਰਤਮਾਨ ਅਯੁੱਧਿਆਪੁਰੀ ਪਾਰਕ ਦੀ 100 ਬੀਘਾ ਜ਼ਮਾਨ ਅਲਾਟ ਕੀਤੀ ਹੈ। 

ਭਗਵਾਨ ਰਾਮ ਦੇ ਵਿਵਾਦਮਈ ਜਨਮ ਸਥਾਨ ਦੀ ਘੋਸ਼ਣਾ ਦੇ ਬਾਅਦ, ਓਲੀ ਨੇ 9 ਅਗਸਤ ਨੂੰ ਮੇਅਰ ਢਕਾਲ ਦੀ ਅਗਵਾਈ ਵਿਚ ਮਾਡੀ ਨਗਰਪਾਲਿਕਾ ਦੇ ਇਕ ਵਫਦ ਦੇ ਨਾਲ ਬੈਠਕ ਕੀਤੀ ਅਤੇ ਜ਼ਿਆਦਾ ਸਬੂਤ ਇਕੱਠੇ ਕਰਨ ਲਈ ਉਸ ਖੇਤਰ ਵਿਚ ਖੋਦਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਓਲੀ ਨੇ ਆਪਣੀ ਸਰਕਾਰ ਨੂੰ ਮਾਡੀ ਨਗਰਪਾਲਿਕਾ ਨੂੰ ਹਰ ਸਮੇਂ ਸਮਰਥਨ ਦੇਣ ਅਤੇ ਨਾਲ ਹੀ ਨਾਲ ਖੋਦਾਈ ਦੇ ਕੰਮਾਂ ਨੂੰ ਪੂਰਾ ਕਰਨ ਲਈ ਮਾਸਟਰ ਪਲਾਨ ਤਿਆਰ ਕਰਨ ਵਿਚ ਮਦਦ ਕਰਨ ਅਤੇ ਰਾਮ, ਸੀਤਾ ਤੇ ਲਛਮਣ ਦੀਆਂ ਮੂਰਤੀਆਂ ਨੂੰ ਤੁਰੰਤ ਸਥਾਪਿਤ ਕਰਨ ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਢਕਾਲ ਨੇ ਕਿਹਾ ਕਿ ਸਾਡੇ ਕੋਲ ਵਾਧੂ  50 ਬੀਘਾ ਜ਼ਮੀਨ ਹੈ, ਜਿਸ ਦੀ ਵਰਤੋਂ ਅਸੀਂ ਕੋਈ ਵੀ ਤਕਨੀਕੀ ਸਮੱਸਿਆ ਹੋਣ 'ਤੇ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਅਯੁੱਧਿਆਪੁਰੀ ਧਾਮ ਦੇ ਨਿਰਮਾਣ ਦੇ ਲਈ ਇਕ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ ਅਤੇ ਇਕ ਵਿਸਤ੍ਰਿਤ ਪ੍ਰਾਜੈਕਟ ਜਲਦੀ ਹੀ ਤਿਆਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਨਗਰਪਾਲਿਕਾ, ਪ੍ਰਧਾਨ ਮੰਤਰੀ ਦੇ ਨਿਰਦੇਸ਼ ਮੁਤਾਬਕ ਅਯੁੱਧਿਆਪੁਰੀ ਧਾਮ ਨਿਰਮਾਣ ਦੇ ਕੰਮਾਂ ਨੂੰ ਆਸਾਨ ਬਣਾਉਣ ਅਤੇ ਪ੍ਰਬੰਧਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਓਲੀ ਦੇ ਵਿਵਾਦਮਈ ਬਿਆਨ ਦੀ ਉਹਨਾਂ ਦੀ ਪਾਰਟੀ ਦੇ ਨੇਤਾਵਾਂ ਦੇ ਨਾਲ-ਨਾਲ ਭਾਰਤ ਦੀ ਸੱਤਾਧਾਰੀ ਪਾਰਟੀ, ਭਾਰਤੀ ਜਨਤਾ ਪਾਰਟੀ ਨੇ ਵੀ ਆਲੋਚਨਾ ਕੀਤੀ ਸੀ।


Vandana

Content Editor

Related News