ਨੇਪਾਲ ਤੋਂ ਅੱਜ ਭਾਰਤ ਪੁੱਜਣਗੀਆਂ 8 ਭਾਰਤੀ ਸੈਲਾਨੀਆਂ ਦੀਆਂ ਲਾਸ਼ਾਂ

01/23/2020 3:56:59 PM

ਕਾਠਮੰਡੂ (ਭਾਸ਼ਾ): ਨੇਪਾਲ ਵਿਚ ਇਕ ਪਰਬਤੀ ਰਿਜੋਰਟ ਦੇ ਆਪਣੇ ਕਮਰੇ ਵਿਚ ਮ੍ਰਿਤਕ ਪਾਏ ਗਏ 8 ਭਾਰਤੀ ਸੈਲਾਨੀਆਂ ਦੀਆਂ ਲਾਸ਼ਾਂ ਅੱਜ ਭਾਵ ਵੀਰਵਾਰ ਨੂੰ ਭਾਰਤ ਪੁੱਜਣਗੀਆਂ। ਇਹਨਾਂ ਸੈਲਾਨੀਆਂ ਦੀ ਮੌਤ ਹੀਟਰ ਤੋਂ ਸ਼ੱਕੀ ਗੈਸ ਲੀਕ ਦੇ ਬਾਅਦ ਸਾਹ ਘੁੱਟ ਜਾਣ ਕਾਰਨ ਹੋਈ ਸੀ। ਇੱਥੇ ਭਾਰਤੀ ਦੂਤਾਵਾਸ ਦੇ ਸੂਤਰਾਂ ਦੇ ਮੁਤਾਬਕ ਸਾਰੀਆਂ ਲੋੜੀਂਦੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਲਾਸ਼ਾਂ ਨੂੰ ਕਾਠਮੰਡੂ ਤੋਂ ਨਵੀਂ ਦਿੱਲੀ ਲਿਜਾਇਆ ਜਾ ਰਿਹਾ ਹੈ। ਪ੍ਰਵੀਨ ਕ੍ਰਿਸ਼ਨਨ ਨਾਇਰ, ਉਹਨਾਂ ਦੀ ਪਤਨੀ ਸ਼ਰਨਯਾ ਸ਼ਸ਼ੀ ਅਤੇ ਉਹਨਾਂ ਦੇ 3 ਬੱਚਿਆਂ ਦੀਆਂ ਲਾਸ਼ਾਂ ਨੂੰ ਤਿਰੁਵਨੰਤਪੁਰਮ ਲਿਜਾਇਆ ਜਾਵੇਗਾ ਅਤੇ ਰੰਜੀਤ ਕੁਮਾਰ ਅਦਾਥੋਲਾਥ ਪੁਨਾਥਿਲ, ਉਹਨਾਂ ਦੀ ਪਤਨੀ ਇੰਦੂ ਲਕਸ਼ਮੀ ਪੀਥਾਮਬਰਨ ਰਾਗਲਤਾ ਅਤੇ ਉਹਨਾਂ ਦੇ ਬੇਟੇ ਦੀ ਲਾਸ਼ ਨੂੰ ਕੋਝੀਕੋਡ ਲਿਜਾਇਆ ਜਾਵੇਗਾ। 

ਉਹ ਕੇਰਲ ਦੇ ਉਹਨਾਂ 15 ਲੋਕਾਂ ਦੇ ਉਸ ਸਮੂਹ ਦਾ ਹਿੱਸਾ ਸਨ ਜੋ ਕੇਰਲ ਤੋਂ ਪੋਖਰਾ ਗਿਆ ਸੀ। ਉਹ ਆਪਣੇ ਘਰ ਪਰਤ ਰਹੇ ਸਨ ਅਤੇ ਸੋਮਵਾਰ ਦੀ ਰਾਤ ਮਕਵਾਨਪੁਰ ਜ਼ਿਲੇ ਦੇ ਦਮਨ ਵਿਚ ਐਵਰੈਸਟ ਪੈਨੋਰਮਾ ਰਿਜੋਰਟ ਵਿਚ ਰੁਕੇ ਸਨ। ਰਿਜੋਰਟ ਦੇ ਪ੍ਰਬੰਧਕ ਸ਼ਿਵਾ ਕੇਸੀ ਦੇ ਮੁਤਾਬਕ ਪਰਿਵਾਰ ਇਕ ਗੱਡੀ ਵਿਚ ਆਇਆ ਸੀ ਅਤੇ ਉਹਨਾਂ ਨੇ ਇਕ ਰਾਤ ਲਈ ਉੱਥੇ ਰੁਕਣਾ ਸੀ। ਪ੍ਰਬੰਧਕ ਨੇ ਦੱਸਿਆ ਕਿ ਉਹਨਾਂ ਨੇ ਕੁੱਲ 4 ਕਮਰੇ ਕਿਰਾਏ 'ਤੇ ਲਏ, ਇਹਨਾਂ ਵਿਚੋਂ 8 ਇਕ ਕਮਰੇ ਵਿਚ ਰੁਕੇ ਅਤੇ ਉਹਨਾਂ ਨੇ ਖੁਦ ਨੂੰ ਗਰਮ ਕਰਨ ਲਈ ਗੈਸ ਹੀਟਰ ਚਲਾਇਆ। ਸਾਰੀਆਂ ਖਿੜਕੀਆਂ ਅਤੇ ਦਰਵਾਜੇ ਅੰਦਰੋਂ ਬੰਦ ਸਨ। ਅਗਲੇ ਦਿਨ ਸਾਰੇ ਬੇਹੋਸ਼ੀ ਦੀ ਹਾਲਤ ਵਿਚ ਮਿਲੇ। ਜਦੋਂ ਉਹਨਾਂ ਨੂੰ ਕਾਠਮੰਡੂ ਦੇ ਇਕ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਬੁੱਧਵਾਰ ਨੂੰ ਟੀਯੂ ਟੀਚਿੰਗ ਹਸਪਤਾਲ ਵਿਚ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ। ਜ਼ਿਲੇ ਵਿਚ ਥਾਹਾ ਨਗਰ ਪਾਲਿਕਾ ਦੇ ਮੇਅਰ ਲਵਸ਼ੇਰ ਬਿਸਤਾ ਨੇ ਦੱਸਿਆ ਕਿ ਇਹ ਹਾਦਸਾ ਇਸ ਲਈ ਵਾਪਰਿਆ ਕਿਉਂਕਿ ਦੋ ਦਹਾਕੇ ਪੁਰਾਣੇ ਰਿਜੋਰਟ ਵਿਚ ਏ.ਸੀ. ਨਹੀਂ ਸਨ। ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਯਾਵਲੀ ਨੇ ਮੌਤਾਂ 'ਤੇ ਸੋਗ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ। ਇਸ ਵਿਚ ਨੇਪਾਲ ਦੇ ਟੂਰਿਜ਼ਮ ਵਿਭਾਗ ਨੇ ਇਹ ਜਾਂਚ ਕਰਾਉਣ ਲਈ 5 ਮੈਂਬਰੀ ਕਮੇਟੀ ਗਠਿਤ ਕੀਤੀ ਹੈ ਕਿ ਕਿਤੇ ਰਿਜੋਰਟ ਪ੍ਰਸ਼ਾਸਨ ਨੇ ਸੈਲਾਨੀਆਂ ਦੀ ਸੁਰੱਖਿਆ ਵਿਚ ਕੋਈ ਗਲਤੀ ਤਾਂ ਨਹੀਂ ਕੀਤੀ। ਕਮੇਟੀ ਨੇ 15 ਦਿਨਾਂ ਦੇ ਅੰਦਰ ਰਿਪੋਰਟ ਸੌਂਪਣੀ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਜਿਉਂਦੇ ਬਚੇ 7 ਲੋਕਾਂ ਵਿਚੋਂ ਦੋ ਲਾਸ਼ਾਂ ਦੇ ਨਾਲ ਰਹੇ ਜਦਕਿ ਬਾਕੀ ਵਾਪਸ ਚਲੇ ਗਏ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਦੋਵੇਂ ਆਈ.ਟੀ. ਪੇਸ਼ੇਵਰ ਪ੍ਰਵੀਨ ਨਾਇਰ ਅਤੇ ਰੰਜੀਤ ਇੰਜੀਨੀਅਰਿੰਗ ਕਾਲਜ ਦੇ ਸਾਥੀ ਅਤੇ ਦੋਸਤ ਸਨ। ਦੋਹਾਂ ਨੇ ਦਿੱਲੀ ਵਿਚ ਆਪਣੇ ਪੁਰਾਣੇ ਦੋਸਤਾਂ ਨਾਲ ਮਿਲਣ ਦੇ ਬਾਅਦ ਇਸ ਯਾਤਰਾ ਦੀ ਯੋਜਨਾ ਬਣਾਈ ਸੀ। ਤਿਰੁਵਨੰਤਪੁਰਮ ਦੇ ਚੇਮਪਜੰਥੀ ਦੇ ਰਹਿਣ ਵਾਲੇ ਪ੍ਰਵੀਨ ਦੁਬਈ ਵਿਚ ਇੰਜੀਨੀਅਰ ਸਨ ਜਦਕਿ ਉਹਨਾਂ ਦੀ ਪਤਨੀ ਸ਼ਰਨਯਾ ਤਿੰਨ ਬੱਚਿਆਂ ਦੇ ਨਾਲ ਕੋਚੀ ਵਿਚ ਰਹਿ ਰਹੀ ਸੀ ਅਤੇ ਉਹ ਨਰਸਿੰਗ ਦੀ ਵਿਦਿਆਰਥਣ ਸੀ। ਪਰਿਵਾਰ ਦੇ ਇਕ ਹੋਰ ਮੈਂਬਰ ਨੇ ਦੱਸਿਆ ਕਿ ਰੰਜੀਤ ਤਿਰੁਵਨੰਤਪੁਰਮ ਵਿਚ ਇਕ ਆਈ.ਟੀ. ਫਰਮ ਵਿਚ ਕੰਮ ਕਰਦਾ ਸੀ ਜਦਕਿ ਉਸ ਦੀ ਪਤਨੀ ਇੰਦੂ ਕੋਝਿਕੋਡ ਵਿਚ ਇਕ ਸਹਿਕਾਰੀ ਬੈਂਕ ਵਿਚ ਲੇਖਾਕਾਰ ਸੀ। ਰੰਜੀਤ ਦਾ ਬੇਟਾ ਮਾਧਵ ਬਚ ਗਿਆ ਕਿਉਂਕਿ ਉਹ ਦੂਜੇ ਕਮਰੇ ਵਿਚ ਸੀ।


Vandana

Content Editor

Related News