ਆਪਣਾ ਰੁਤਬਾ ਮੁੜ ਹਾਸਲ ਕਰਨ ''ਚ ਲੱਗੀ NDP, ਜਗਮੀਤ ਨੇ ਕੀਤਾ ਵੱਡਾ ਵਾਅਦਾ
Tuesday, Sep 17, 2019 - 03:56 PM (IST)

ਸ਼ੇਰਬਰੂਕ (ਕਿਊਬਿਕ)— ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕਿਊਬਿਕ ਦੇ ਰਾਸ਼ਟਰਵਾਦੀਆਂ ਵੱਲ ਹੱਥ ਵਧਾਉਂਦਿਆਂ ਸੂਬੇ ਨੂੰ ਨਵੀਂਆਂ ਤਾਕਤਾਂ ਤੇ ਵਧੇਰੇ ਆਰਥਿਕ ਮਦਦ ਦੇਣ ਦਾ ਵਾਅਦਾ ਕੀਤਾ ਹੈ। ਕਿਊਬਿਕ ਲਈ ਪੇਸ਼ ਕੀਤੇ 11 ਪੇਜਾਂ ਦੇ ਆਪਣੇ ਚੋਣ ਮੈਨੀਫੈਸਟੋ 'ਚ ਭਾਸ਼ਾਈ ਕਾਨੂੰਨਾਂ ਦਾ ਵਿਸਥਾਰ ਕਰਨਾ ਤੇ ਫੈਡਰਲ ਯੋਜਨਾਵਾਂ 'ਚੋਂ ਬਾਹਰ ਰਹਿਣ ਦਾ ਹੱਕ ਰਾਖਵਾਂ ਕਰਨਾ ਸ਼ਾਮਲ ਹਨ।
ਜਗਮੀਤ ਸਿੰਘ ਦੇ ਇਸ ਕਦਮ ਨੂੰ ਕਿਊਬਿਕ 'ਚ ਮੁੜ ਐੱਨ.ਡੀ.ਪੀ. ਲਹਿਰ ਚਲਾਉਣ ਦਾ ਇਕ ਕਦਮ ਮੰਨਿਆ ਜਾ ਰਿਹਾ ਹੈ, ਜਿਵੇਂ 8 ਸਾਲ ਪਹਿਲਾਂ ਸੂਬੇ 'ਚ ਪਾਰਟੀ ਦੀ ਚੜ੍ਹਤ ਹੁੰਦੀ ਸੀ। ਐਤਵਾਰ ਨੂੰ ਸੂਬੇ 'ਚ ਪਹੁੰਚੇ ਜਗਮੀਤ ਸਿੰਘ ਨੇ ਕਿਊਬਿਕ ਦਾ ਆਪਣਾ ਸੰਵਿਧਾਨ ਲਾਗੂ ਕਰਨ ਦਾ ਰਾਹ ਤਲਾਸ਼ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਕਿਊਬਿਕ ਨੂੰ ਆਪਣਾ ਸੰਵਿਧਾਨ ਲਾਗੂ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਜੋ ਕਿ ਇਕ ਗਲਤੀ ਹੈ ਤੇ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ। 2011 'ਚ ਕਿਊਬਿਕ 'ਚ ਪਾਰਟੀ ਦਾ ਦਬਦਬਾ ਸੀ। 2011 'ਚ ਐੱਨ.ਡੀ.ਪੀ. ਦੇ ਕਿਊਬਿਕ 'ਚੋਂ 59 ਸੰਸਦ ਮੈਂਬਰ ਚੁਣੇ ਗਏ ਸਨ ਪਰ 2015 'ਚ ਇਹ ਅੰਕੜਾ 14 ਹੀ ਰਹਿ ਗਿਆ।