21 ਅਕਤੂਬਰ ਨੂੰ ਪਾਕਿਸਤਾਨ ਪਰਤਣਗੇ ਨਵਾਜ਼ ਸ਼ਰੀਫ : ਸ਼ਾਹਬਾਜ਼

Wednesday, Sep 13, 2023 - 01:29 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਮੁਖੀ ਨਵਾਜ਼ ਸ਼ਰੀਫ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਦੀ ਸਿਆਸੀ ਮੁਹਿੰਮ ਦੀ ਅਗਵਾਈ ਕਰਨ ਲਈ 21 ਅਕਤੂਬਰ ਨੂੰ ਲੰਡਨ ਤੋਂ ਪਾਕਿਸਤਾਨ ਪਰਤਣਗੇ। ਉਨ੍ਹਾਂ ਦੇ ਛੋਟੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨਵਾਜ਼ ਨਵੰਬਰ 2019 ਤੋਂ ਲੰਡਨ 'ਚ ਰਹਿ ਰਹੇ ਹਨ। ਉਨ੍ਹਾਂ ਦੀ ਘਰ ਵਾਪਸੀ 4 ਸਾਲਾਂ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਸਵੈ-ਜਲਾਵਤ ਨੂੰ ਖਤਮ ਕਰ ਦੇਵੇਗੀ।

ਲੰਡਨ ਵਿੱਚ ਨਵਾਜ਼ ਦੀ ਪ੍ਰਧਾਨਗੀ ਹੇਠ ਹੋਈ ਪੀ. ਐੱਮ. ਐੱਲ.-ਐੱਨ. ਦੀ ਚੋਟੀ ਦੀ ਲੀਡਰਸ਼ਿਪ ਦੀ ਮੀਟਿੰਗ ਤੋਂ ਬਾਅਦ ਸ਼ਾਹਬਾਜ਼ ਨੇ ਇਕ ਬਿਆਨ ਵਿੱਚ ਕਿਹਾ ਕਿ ਨਵਾਜ਼ ਸ਼ਰੀਫ਼ 21 ਅਕਤੂਬਰ ਨੂੰ ਪਾਕਿਸਤਾਨ ਪਰਤਣਗੇ। ਪਾਰਟੀ ਸੰਸਥਾਪਕ ਦਾ ਵਾਪਸੀ 'ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। 73 ਸਾਲਾ ਨਵਾਜ਼ ਲਾਹੌਰ ਹਾਈ ਕੋਰਟ ਤੋਂ ਇਲਾਜ ਲਈ 4 ਹਫ਼ਤਿਆਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਨਵੰਬਰ 2019 ਵਿੱਚ ਲੰਡਨ ਗਏ ਸੀ, ਪਰ ਉਦੋਂ ਤੋਂ ਪਾਕਿਸਤਾਨ ਵਾਪਸ ਨਹੀਂ ਆਏ। ਨਵਾਜ਼ ਨੂੰ 2018 ਵਿੱਚ ਅਲ-ਅਜ਼ੀਜ਼ੀਆ ਮਿਲਜ਼ ਅਤੇ ਐਵੇਨਫੀਲਡ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। 2019 ਵਿਚ 'ਮੈਡੀਕਲ ਆਧਾਰ' 'ਤੇ ਲੰਡਨ ਜਾਣ ਤੋਂ ਪਹਿਲਾਂ ਉਹ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ 7 ਸਾਲ ਦੀ ਸਜ਼ਾ ਕੱਟ ਰਹੇ ਸਨ।
 


cherry

Content Editor

Related News