ਹੋਰਮੁਜ਼ ਪਹਿਲਾ ਨਹੀਂ, ਲੰਬੇ ਸਮੇਂ ਤੋਂ ਜੰਗ ''ਚ ''ਹਥਿਆਰ'' ਵਾਂਗ ਵਰਤੀ ਜਾ ਰਹੀ ''ਨਾਕਾਬੰਦੀ'', ਜਾਣੋ ਇਤਿਹਾਸ

Monday, May 04, 2026 - 09:59 AM (IST)

ਹੋਰਮੁਜ਼ ਪਹਿਲਾ ਨਹੀਂ, ਲੰਬੇ ਸਮੇਂ ਤੋਂ ਜੰਗ ''ਚ ''ਹਥਿਆਰ'' ਵਾਂਗ ਵਰਤੀ ਜਾ ਰਹੀ ''ਨਾਕਾਬੰਦੀ'', ਜਾਣੋ ਇਤਿਹਾਸ

ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਦੇ ਤੇਲ-ਗੈਸ ਸਪਲਾਈ ਦਾ ਧੁਰਾ ਮੰਨੀ ਜਾਣ ਵਾਲੀ ਹੋਰਮੁਜ਼ ਸਟ੍ਰੇਟ ’ਤੇ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਅਮਰੀਕਾ ਤੇ ਇਰਾਨ ਵੱਲੋਂ ਇਕ-ਦੂਜੇ ਖਿਲਾਫ ਲਾਈਆਂ ਗਈਆਂ ਮੁਕਾਬਲੇਬਾਜ਼ੀ ਭਰੀਆਂ ਸਮੁੰਦਰੀ ਪਾਬੰਦੀਆਂ ਕਾਰਨ ਇਹ ਅਹਿਮ ਰਸਤਾ ਲੱਗਭਗ ਠੱਪ ਹੋ ਗਿਆ ਹੈ।

ਇਹ ਉਹੀ ਜਲ ਮਾਰਗ ਹੈ ਜਿਸ ਉੱਪਰੋਂ ਕਦੇ ਦੁਨੀਆ ਦੇ ਲਗਭਗ 5ਵੇਂ ਹਿੱਸੇ ਦਾ ਤੇਲ ਤੇ ਗੈਸ ਲੰਘਦੇ ਸਨ। ਇਸ ਘਟਨਾਚੱਕਰ ਨੇ ਇਕ ਵਾਰ ਫਿਰ ਇਤਿਹਾਸ ਦੀਆਂ ਉਨ੍ਹਾਂ ਵੱਡੀਆਂ ਨੇਵੀ ਨਾਕਾਬੰਦੀਆਂ ਦੀ ਯਾਦ ਦਿਵਾ ਦਿੱਤੀ ਹੈ, ਜਿਨ੍ਹਾਂ ਨੇ ਨਾ ਸਿਰਫ ਜੰਗ ਦੀ ਦਿਸ਼ਾ ਬਦਲੀ, ਸਗੋਂ ਸਮਾਜ ਤੇ ਆਰਥਿਕਤਾ ਨੂੰ ਵੀ ਡੂੰਘੇ ਤੌਰ ’ਤੇ ਪ੍ਰਭਾਵਿਤ ਕੀਤਾ।

ਨੇਵੀ ਨਾਕਾਬੰਦੀ ਸਭ ਤੋਂ ਅਸਰਦਾਰ ਹਥਿਆਰ
ਨੇਵੀ ਨਾਕਾਬੰਦੀ ਜੰਗ ਦੀਆਂ ਸਭ ਤੋਂ ਪੁਰਾਣੀਆਂ ਰਣਨੀਤੀਆਂ ਵਿਚੋਂ ਇਕ ਹੈ। ਇਸ ਵਿਚ ਬਿਨਾਂ ਸਿੱਧੀ ਜੰਗ ਕੀਤੇ ਦੁਸ਼ਮਣ ਦੀ ਜੀਵਨ ਰੇਖਾ ਭਾਵ ਭੋਜਨ, ਈਂਧਨ ਅਤੇ ਹਥਿਆਰਾਂ ਦੀ ਸਪਲਾਈ ਨੂੰ ਕੱਟ ਦਿੱਤਾ ਜਾਂਦਾ ਹੈ। ਇਸ ਦਾ ਅਸਰ ਕਈ ਵਾਰ ਤੁਰੰਤ ਨਜ਼ਰ ਆਉਂਦਾ ਹੈ, ਜਦਕਿ ਕੁਝ ਮਾਮਲਿਆਂ ਵਿਚ ਇਸ ਦੇ ਨਤੀਜੇ ਸਾਲਾਂ ਬਾਅਦ ਸਾਹਮਣੇ ਆਉਂਦੇ ਹਨ। ਇਤਿਹਾਸ ਦੱਸਦਾ ਹੈ ਕਿ ਇਹ ਰਣਨੀਤੀ ਸਿਰਫ਼ ਫੌਜੀ ਦਬਾਅ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਆਮ ਜਨਤਾ ਨੂੰ ਵੀ ਡੂੰਘੇ ਸੰਕਟ ਵਿਚ ਪਾ ਦਿੰਦੀ ਹੈ।

ਇਹ ਵੀ ਪੜ੍ਹੋ- ਜੰਗ 'ਚ ਸਾਥ ਨਾ ਦੇਣ ਵਾਲੇ ਯੂਰਪੀ ਦੇਸ਼ਾਂ ਤੋਂ ਖ਼ਫਾ ਹੋ ਗਏ ਟਰੰਪ ! ਵੱਡੀ ਕਾਰਵਾਈ ਦੀ ਕਰ ਰਹੇ ਤਿਆਰੀ

ਗਾਜ਼ਾ ਦੀ ਘੇਰਾਬੰਦੀ : ਆਧੁਨਿਕ ਦੌਰ ਦੀ ਲੰਮੀ ਤ੍ਰਾਸਦੀ
ਇਜ਼ਰਾਈਲ ਵੱਲੋਂ 2007 ਤੋਂ ਜਾਰੀ ਗਾਜ਼ਾ ਪੱਟੀ ਦੀ ਜ਼ਮੀਨੀ, ਸਮੁੰਦਰੀ ਤੇ ਹਵਾਈ ਨਾਕਾਬੰਦੀ ਆਧੁਨਿਕ ਇਤਿਹਾਸ ਦੀਆਂ ਸਭ ਤੋਂ ਲੰਮੀਆਂ ਘੇਰਾਬੰਦੀਆਂ ਵਿਚੋਂ ਇਕ ਮੰਨੀ ਜਾਂਦੀ ਹੈ। ਇਸ ਨਾਕਾਬੰਦੀ ਨੇ ਲੱਗਭਗ 23 ਲੱਖ ਲੋਕਾਂ ਨੂੰ ਇਕ ਸੀਮਤ ਖੇਤਰ ਵਿਚ ਕੈਦ ਕਰ ਦਿੱਤਾ ਹੈ, ਜਿੱਥੇ ਜ਼ਰੂਰੀ ਵਸਤੂਆਂ ਤੇ ਸੇਵਾਵਾਂ ਦੀ ਭਾਰੀ ਕਮੀ ਹੈ।

‘ਅਲਜਜ਼ੀਰਾ’ ਦੀ ਰਿਪੋਰਟ ਮੁਤਾਬਕ 2023 ਤੋਂ ਬਾਅਦ ਹਾਲਾਤ ਹੋਰ ਵਿਗੜ ਗਏ, ਜਦੋਂ ਮਛੇਰਿਆਂ ਦੀਆਂ ਸਰਗਰਮੀਆਂ ’ਤੇ ਹੋਰ ਪਾਬੰਦੀਆਂ ਲਾ ਦਿੱਤੀਆਂ ਗਈਆਂ। ਉਨ੍ਹਾਂ ਨੂੰ 6 ਤੋਂ 15 ਨੌਟਿਕਲ ਮੀਲ ਦੇ ਘੇਰੇ ਵਿਚ ਸੀਮਤ ਕਰ ਦਿੱਤਾ ਗਿਆ, ਜਦੋਂਕਿ ਪਹਿਲਾਂ ਉਨ੍ਹਾਂ ਨੂੰ 20 ਨੌਟਿਕਲ ਮੀਲ ਤੱਕ ਜਾਣ ਦੀ ਇਜਾਜ਼ਤ ਸੀ। ਨਤੀਜੇ ਵਜੋਂ ਲੋਕਾਂ ਨੂੰ ਭੋਜਨ ਜੁਟਾਉਣ ਲਈ ਜਾਨ ਜੋਖਿਮ ਵਿਚ ਪਾਉਣੀ ਪੈ ਰਹੀ ਹੈ ਅਤੇ ਕਈ ਵਾਰ ਗੋਲੀਬਾਰੀ ਦਾ ਸ਼ਿਕਾਰ ਵੀ ਹੋਣਾ ਪਿਆ ਹੈ।

ਬਿਆਫਰਾ ਨਾਕਾਬੰਦੀ : ਭੁੱਖ ਨਾਲ ਮੌਤ ਦਾ ਭਿਆਨਕ ਚਿਹਰਾ
1967 ਵਿਚ ਨਾਈਜੀਰੀਆ ਦੀ ਜੰਗ ਦੌਰਾਨ ਬਿਆਫਰਾ ਖੇਤਰ ਦੀ ਨਾਕਾਬੰਦੀ ਨੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਮਨੁੱਖੀ ਤ੍ਰਾਸਦੀਆਂ ਵਿਚੋਂ ਇਕ ਨੂੰ ਜਨਮ ਦਿੱਤਾ। ਇਸ ਦੌਰਾਨ ਭੋਜਨ ਤੇ ਦਵਾਈਆਂ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਨਤੀਜੇ ਵਜੋਂ 10 ਤੋਂ 20 ਲੱਖ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਭੁੱਖ ਤੇ ਬਿਮਾਰੀ ਕਾਰਨ ਮਾਰੇ ਗਏ। ਇਸ ਘਟਨਾ ਨੇ ਦੁਨੀਆ ਨੂੰ ਦਿਖਾਇਆ ਕਿ ਨਾਕਾਬੰਦੀ ਸਿਰਫ ਫੌਜੀ ਰਣਨੀਤੀ ਨਹੀਂ, ਸਗੋਂ ਇਕ ਅਜਿਹਾ ਹਥਿਆਰ ਹੈ ਜੋ ਪੂਰੇ ਸਮਾਜ ਨੂੰ ਤਬਾਹ ਕਰ ਸਕਦਾ ਹੈ।

ਕਿਊਬਾ ਮਿਜ਼ਾਈਲ ਸੰਕਟ : 13 ਦਿਨਾਂ ਦਾ ਖੌਫ਼
1962 ਵਿਚ ਅਮਰੀਕਾ ਨੇ ਕਿਊਬਾ ਦੇ ਆਸ-ਪਾਸ ‘ਕੁਆਰੰਟੀਨ’ ਲਾਗੂ ਕੀਤਾ ਤਾਂ ਜੋ ਸੋਵੀਅਤ ਸੰਘ ਵੱਲੋਂ ਉੱਥੇ ਪ੍ਰਮਾਣੂ ਮਿਜ਼ਾਈਲਾਂ ਦੀ ਤਾਇਨਾਤੀ ਨੂੰ ਰੋਕਿਆ ਜਾ ਸਕੇ। ਇਹ ਟਕਰਾਅ 13 ਦਿਨਾਂ ਤੱਕ ਚੱਲਿਆ ਅਤੇ ਪੂਰੀ ਦੁਨੀਆ ਪ੍ਰਮਾਣੂ ਜੰਗ ਦੇ ਕੰਢੇ ’ਤੇ ਪਹੁੰਚ ਗਈ। ਸੋਵੀਅਤ ਜਹਾਜ਼ ਅਮਰੀਕੀ ਸਰਹੱਦ ਵੱਲ ਵਧਦੇ ਰਹੇ, ਜਿਸ ਨਾਲ ਤਣਾਅ ਸਿਖਰ ’ਤੇ ਪਹੁੰਚ ਗਿਆ। ਅਖੀਰ ਵਿਚ ਇਕ ਸਮਝੌਤੇ ਤਹਿਤ ਸੋਵੀਅਤ ਸੰਘ ਨੇ ਆਪਣੀਆਂ ਮਿਜ਼ਾਈਲਾਂ ਹਟਾਉਣ ’ਤੇ ਸਹਿਮਤੀ ਜਤਾਈ ਅਤੇ ਸੰਕਟ ਟਲ ਗਿਆ।

ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਵੱਡਾ ਐਲਾਨ ! Air India ਨੇ ਯਾਤਰੀਆਂ ਨੂੰ ਦਿੱਤਾ ਝਟਕਾ

ਜਾਪਾਨ ਦੀ ਨਾਕਾਬੰਦੀ : ਸਪਲਾਈ ਰੁਕੀ, ਆਰਥਿਕਤਾ ਟੁੱਟੀ
ਦੂਜੀ ਸੰਸਾਰ ਜੰਗ ਦੌਰਾਨ ਅਮਰੀਕਾ ਨੇ ਜਾਪਾਨ ਦੀ ਸਮੁੰਦਰੀ ਸਪਲਾਈ ’ਤੇ ਕਰਾਰੀ ਸੱਟ ਮਾਰੀ। ਪਣਡੁੱਬੀਆਂ ਰਾਹੀਂ ਅਤੇ ਮਾਈਨਜ਼ ਵਿਛਾ ਕੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਨਾਕਾਬੰਦੀ ਕਾਰਨ ਜਾਪਾਨ ਨੂੰ ਮਿਲਣ ਵਾਲਾ ਤੇਲ ਅਤੇ ਹੋਰ ਜ਼ਰੂਰੀ ਕੱਚਾ ਮਾਲ ਲੱਗਭਗ ਖਤਮ ਹੋ ਗਿਆ। 1945 ਤੱਕ ਸਥਿਤੀ ਇੰਨੀ ਖਰਾਬ ਹੋ ਗਈ ਕਿ ਭੋਜਨ ਸੰਕਟ ਤੇ ਕੁਪੋਸ਼ਣ ਆਮ ਹੋ ਗਿਆ। ਇਹ ਨਾਕਾਬੰਦੀ ਜਾਪਾਨ ਦੀ ਹਾਰ ਦੇ ਮੁੱਖ ਕਾਰਨਾਂ ਵਿਚੋਂ ਇਕ ਬਣੀ।

ਜਰਮਨੀ ਦੀ ਨਾਕਾਬੰਦੀ: ‘ਟਰਨਿਪ ਵਿੰਟਰ’ ਦਾ ਸੰਕਟ
ਪਹਿਲੀ ਸੰਸਾਰ ਜੰਗ ਦੌਰਾਨ ਬ੍ਰਿਟੇਨ ਨੇ ਜਰਮਨੀ ਨੂੰ ਸਮੁੰਦਰ ਰਾਹੀਂ ਪੂਰੀ ਤਰ੍ਹਾਂ ਅਲੱਗ-ਥਲੱਗ ਕਰ ਦਿੱਤਾ। ਭੋਜਨ ਤੇ ਖਾਦਾਂ ਦੀ ਸਪਲਾਈ ਰੁਕਣ ਨਾਲ ਉੱਥੇ ਭਿਆਨਕ ਕਾਲ ਦੀ ਸਥਿਤੀ ਪੈਦਾ ਹੋ ਗਈ। 1916-17 ਦਾ ਸਮਾਂ ‘ਟਰਨਿਪ ਵਿੰਟਰ’ ਦੇ ਨਾਂ ਨਾਲ ਜਾਣਿਆ ਗਿਆ ਜਦੋਂ ਲੱਖਾਂ ਲੋਕ ਕੁਪੋਸ਼ਣ ਤੇ ਬਿਮਾਰੀਆਂ ਨਾਲ ਜੂਝਦੇ ਰਹੇ। ਅੰਦਾਜ਼ਾ ਹੈ ਕਿ ਇਸ ਨਾਕਾਬੰਦੀ ਕਾਰਨ 4 ਲੱਖ ਤੋਂ 7 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ।

ਵੋਂਸਾਨ ਨਾਕਾਬੰਦੀ : ਰਣਨੀਤਕ ਦਬਾਅ ਦਾ ਅਸਰ
ਕੋਰੀਆਈ ਜੰਗ ਦੌਰਾਨ 1951 ਤੋਂ 1953 ਤੱਕ ਵੋਂਸਾਨ ਬੰਦਰਗਾਹ ਦੀ ਨਾਕਾਬੰਦੀ ਨੇ ਉੱਤਰੀ ਕੋਰੀਆ ਦੀਆਂ ਫੌਜੀ ਸਮਰੱਥਾਵਾਂ ਨੂੰ ਸੀਮਤ ਕਰ ਦਿੱਤਾ। ਇਸ ਨਾਕਾਬੰਦੀ ਨੇ ਦੁਸ਼ਮਣ ਨੂੰ ਸਾਧਨਾਂ ਤੋਂ ਵਾਂਝਾ ਕਰ ਦਿੱਤਾ ਅਤੇ ਉਸ ਨੂੰ ਆਪਣੇ ਫੌਜੀਆਂ ਤੇ ਹਥਿਆਰਾਂ ਨੂੰ ਦੂਜੇ ਖੇਤਰਾਂ ਵਿਚ ਤਬਦੀਲ ਕਰਨ ਲਈ ਮਜਬੂਰ ਕਰ ਦਿੱਤਾ। ਇਹ ਉਦਾਹਰਣ ਦਿਖਾਉਂਦੀ ਹੈ ਕਿ ਨਾਕਾਬੰਦੀ ਸਿਰਫ ਆਰਥਿਕ ਨਹੀਂ, ਸਗੋਂ ਰਣਨੀਤਕ ਦਬਾਅ ਬਣਾਉਣ ਦਾ ਵੀ ਸਾਧਨ ਹੈ।

ਇਹ ਵੀ ਪੜ੍ਹੋ- ਅਮਰੀਕਾ ਨਾਲ ਜੰਗ ਖ਼ਤਮ ਕਰਨ ਲਈ ਰਾਜ਼ੀ ਹੋਇਆ ਇਰਾਨ ! ਖ਼ੁਦ ਭੇਜਿਆ ਸ਼ਾਂਤੀ ਪ੍ਰਸਤਾਵ

 

ਪੂਰਬੀ ਭੂਮੱਧ ਸਾਗਰ ਤੇ ਓਟੋਮਨ ਸਾਮਰਾਜ
ਪਹਿਲੇ ਵਿਸ਼ਵ ਯੁੱਧ ਦੌਰਾਨ ਮਿੱਤਰ ਦੇਸ਼ਾਂ ਨੇ ਓਟੋਮਨ ਸਾਮਰਾਜ ਖਿਲਾਫ ਪੂਰਬੀ ਭੂਮੱਧ ਸਾਗਰ ਵਿਚ ਨਾਕਾਬੰਦੀ ਲਾਗੂ ਕੀਤੀ। ਇਸ ਨਾਲ ਭੋਜਨ ਤੇ ਦਵਾਈਆਂ ਦੀ ਭਾਰੀ ਕਮੀ ਹੋ ਗਈ ਅਤੇ ਲਿਬਨਾਨ ਤੇ ਸੀਰੀਆ ਵਿਚ ਭਿਆਨਕ ਅਕਾਲ ਪਿਆ। ਅੰਦਾਜ਼ਾ ਹੈ ਕਿ ਲੱਗਭਗ 5 ਲੱਖ ਲੋਕਾਂ ਦੀ ਮੌਤ ਹੋਈ ਅਤੇ ਵੱਡੇ ਪੱਧਰ ’ਤੇ ਹਿਜਰਤ ਹੋਈ।

ਅੱਜ ਦਾ ਹੋਰਮੁਜ਼ ਸੰਕਟ : ਦੁਨੀਆ ਲਈ ਚਿਤਾਵਨੀ
ਮੌਜੂਦਾ ਹਾਲਾਤ ਵਿਚ ਹੋਰਮੁਜ਼ ਸਟ੍ਰੇਟ ਦੀ ਨਾਕਾਬੰਦੀ ਵਿਸ਼ਵ ਅਰਥਚਾਰੇ ਲਈ ਗੰਭੀਰ ਖਤਰਾ ਬਣ ਸਕਦੀ ਹੈ। ਜੇਕਰ ਇਹ ਮਾਰਗ ਲੰਮੇ ਸਮੇਂ ਤੱਕ ਬੰਦ ਰਹਿੰਦਾ ਹੈ ਤਾਂ ਤੇਲ ਤੇ ਗੈਸ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆ ਸਕਦਾ ਹੈ, ਜਿਸ ਨਾਲ ਦੁਨੀਆ ਭਰ ਵਿਚ ਮਹਿੰਗਾਈ ਤੇ ਆਰਥਿਕ ਅਸਥਿਰਤਾ ਵਧ ਸਕਦੀ ਹੈ।

ਇਤਿਹਾਸ ਦਾ ਸਬਕ
ਇਤਿਹਾਸ ਸਪੱਸ਼ਟ ਤੌਰ ’ਤੇ ਦੱਸਦਾ ਹੈ ਕਿ ਨਾਕਾਬੰਦੀ ਸਿਰਫ ਇਕ ਫੌਜੀ ਰਣਨੀਤੀ ਨਹੀਂ, ਸਗੋਂ ਇਕ ਅਜਿਹਾ ਹਥਿਆਰ ਹੈ ਜੋ ਸਮਾਜ, ਆਰਥਿਕਤਾ ਅਤੇ ਮਨੁੱਖੀ ਜੀਵਨ ਨੂੰ ਡੂੰਘੇ ਤੌਰ ’ਤੇ ਪ੍ਰਭਾਵਿਤ ਕਰਦਾ ਹੈ। ਹੋਰਮੁਜ਼ ਦਾ ਮੌਜੂਦਾ ਸੰਕਟ ਇਸੇ ਗੱਲ ਦਾ ਸੰਕੇਤ ਹੈ ਕਿ ਸਮੁੰਦਰ ਵਿਚ ਪੈਦਾ ਹੋਇਆ ਤਣਾਅ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਸਕਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News