ਇਪਸਾ ਵੱਲੋਂ ਨੇਚਰਦੀਪ ਕਾਹਲੋਂ ਦੀ ਕਿਤਾਬ ‘ਯਾਦਾਂ ਦੇ ਸੰਦੂਕ’ ਲੋਕ ਅਰਪਣ
Monday, Mar 20, 2023 - 11:53 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟਰੇਲੀਆ ਦੀ ਨਾਮਵਰ ਸਾਹਿਤਿਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ ਵੱਲੋਂ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਿਕ ਅਦਬੀ ਲੜੀ ਤਹਿਤ ਹਰ ਮਹੀਨੇ ਕਰਵਾਏ ਜਾਂਦੀ ਅਦਬੀ ਬੈਠਕ ਵਿਚ ਪੰਜਾਬੀ ਕਵਿਤਰੀ ਨੇਚਰਦੀਪ ਕਾਹਲੋਂ ਦੀ ਪਲੇਠੀ ਵਾਰਤਕ ਕਿਤਾਬ ‘ਯਾਦਾਂ ਦੇ ਸੰਦੂਕ’ ਲੋਕ ਅਰਪਣ ਕੀਤੀ ਗਈ।
ਕਿਤਾਬ ਦੇ ਵਿਮੋਚਨ ਸਮੇਂ ਬੋਲਦਿਆਂ ਇਪਸਾ ਦੇ ਕਨਵੀਨਰ ਰੁਪਿੰਦਰ ਸੋਜ਼ ਨੇ ਨੇਚਰਦੀਪ ਕਾਹਲੋਂ ਦੀ ਲੇਖਣ ਸ਼ੈਲੀ ਬਾਰੇ ਚਾਨਣਾ ਪਾਇਆ ਅਤੇ ਇਸ ਪੁਸਤਕ ਨੂੰ ਇਕ ਚੰਗੀ ਵਾਰਤਕ ਕਿਤਾਬ ਦੱਸਿਆ। ਇਪਸਾ ਦੇ ਸਾਹਿਤ ਵਿੰਗ ਦੇ ਪ੍ਰਧਾਨ ਸੁਰਜੀਤ ਸੰਧੂ ਨੇ ਵੀ ਨੇਚਰਦੀਪ ਕਾਹਲੋਂ ਦੀ ਕਿਤਾਬ ਨੂੰ ਨਿੱਜੀ ਤਜਰਬੇ ਅਤੇ ਅਨੁਭਵਾਂ ਦਾ ਸੋਮਾ ਦੱਸਦਿਆਂ ਇਸ ਕਿਤਾਬ ਨੂੰ ਪੜ੍ਹਣ ਦੀ ਸਿਫ਼ਾਰਸ਼ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਮਰਜੀਤ ਸਿੰਘ ਮਾਹਲ, ਪੱਤਰਕਾਰ ਅਤੇ ਕਵੀ ਪੁਸ਼ਪਿੰਦਰ ਤੂਰ, ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਤਰਸੇਮ ਸਿੰਘ ਸਹੋਤਾ, ਬਹਾਦਰ ਸਿੰਘ ਢਿੱਲੋਂ, ਗੁਰਦੀਪ ਸਿੰਘ ਮਲਹੋਤਰਾ ਆਦਿ ਪ੍ਰਮੁੱਖ ਚਿਹਰੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਬਾਖ਼ੂਬੀ ਨਿਭਾਈ ਗਈ।