ਕੁਦਰਤੀ ''ਸੋਨੇ ਦੀ ਫੈਕਟਰੀ'' ਦੀ ਲੱਭੀ, ਹੁਣ ਤਕ ਦਾ ਸਭ ਤੋਂ ਵੱਡਾ ਖਜ਼ਾਨਾ
Monday, Apr 13, 2026 - 05:45 PM (IST)
ਵੈਲਿੰਗਟਨ: ਸਮੁੰਦਰ ਦੀਆਂ ਅਥਾਹ ਗਹਿਰਾਈਆਂ ਵਿੱਚ ਵਿਗਿਆਨੀਆਂ ਨੇ ਇੱਕ ਅਜਿਹੀ ‘ਸੋਨੇ ਦੀ ਫੈਕਟਰੀ’ ਦੀ ਖੋਜ ਕੀਤੀ ਹੈ, ਜਿੱਥੇ ਜਵਾਲਾਮੁਖੀ ਅਤੇ ਪਾਣੀ ਦੇ ਮਿਲਾਪ ਨਾਲ ਭਾਰੀ ਮਾਤਰਾ ਵਿੱਚ ਸੋਨਾ ਪੈਦਾ ਹੋ ਰਿਹਾ ਹੈ। ਦੱਖਣ ਪ੍ਰਸ਼ਾਂਤ ਮਹਾਂਸਾਗਰ ਵਿੱਚ ਨਿਊਜ਼ੀਲੈਂਡ ਦੇ ਨੇੜੇ ਸਥਿਤ ਕੇਰਮਾਡੇਕ ਟਾਪੂਆਂ ਦੇ ਹੇਠਾਂ ਹੋਈ ਇਸ ਖੋਜ ਨੇ ਦੁਨੀਆ ਭਰ ਦੇ ਭੂ-ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ।
ਕਿਵੇਂ ਬਣ ਰਿਹਾ ਹੈ ਸੋਨਾ?
ਵਿਗਿਆਨਕ ਖੋਜਾਂ ਤੋਂ ਪਤਾ ਲੱਗਾ ਹੈ ਕਿ ਧਰਤੀ ਦੀ ਗਹਿਰਾਈ ਵਿੱਚ ਚੱਟਾਨਾਂ ਦੇ ਵਾਰ-ਵਾਰ ਪਿਘਲਣ ਅਤੇ ਸਮੁੰਦਰੀ ਪਾਣੀ ਦੇ ਦਬਾਅ ਕਾਰਨ ਸੋਨਾ ਛਣ ਕੇ ਉੱਪਰ ਆਉਂਦਾ ਹੈ। ‘ਕਮਿਊਨੀਕੇਸ਼ਨਜ਼ ਅਰਥ ਐਂਡ ਐਨਵਾਇਰਨਮੈਂਟ’ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਦੇ ਮੁਤਾਬਕ, ਇਹ ਕੋਈ ਇਤਫ਼ਾਕ ਨਹੀਂ ਹੈ, ਸਗੋਂ ਧਰਤੀ ਦੇ ‘ਮੈਂਟਲ’ ਦੇ ਵਾਰ-ਵਾਰ ਪਿਘਲਣ ਦੀ ਇੱਕ ਗੁੰਝਲਦਾਰ ਪ੍ਰਕਿਰਿਆ ਦਾ ਨਤੀਜਾ ਹੈ।
ਇਸ ਪ੍ਰਕਿਰਿਆ ਵਿੱਚ ਜਦੋਂ ਪ੍ਰਸ਼ਾਂਤ ਮਹਾਂਸਾਗਰ ਦੀ ਟੈਕਟੋਨਿਕ ਪਲੇਟ ਆਸਟ੍ਰੇਲੀਆਈ ਪਲੇਟ ਦੇ ਹੇਠਾਂ ਦਬਦੀ ਹੈ, ਤਾਂ ਭਾਰੀ ਮਾਤਰਾ ਵਿੱਚ ਪਾਣੀ ਧਰਤੀ ਦੇ ਅੰਦਰੂਨੀ ਹਿੱਸੇ (ਮੈਂਟਲ) ਵਿੱਚ ਚਲਾ ਜਾਂਦਾ ਹੈ। ਇਹ ਪਾਣੀ ਮੈਂਟਲ ਦੇ ਪਿਘਲਣ ਦੇ ਤਾਪਮਾਨ ਨੂੰ ਘਟਾ ਦਿੰਦਾ ਹੈ, ਜਿਸ ਨਾਲ ਸੋਨਾ ਅਤੇ ਤਾਂਬਾ ਵਰਗੇ ਤੱਤ ਇੱਕ ਥਾਂ ਜਮ੍ਹਾਂ ਹੋਣ ਲੱਗਦੇ ਹਨ। ਵਿਗਿਆਨੀਆਂ ਨੇ ਇਸ ਦੀ ਤੁਲਨਾ ਸ਼ਰਾਬ ਦੇ ਸ਼ੁੱਧੀਕਰਨ ਨਾਲ ਕੀਤੀ ਹੈ, ਜਿੱਥੇ ਸੋਨਾ ਮੈਗਮਾ ਰਾਹੀਂ ਵਾਰ-ਵਾਰ ਛਣ ਕੇ ਸਮੁੰਦਰ ਦੀ ਸਤਹ ਤੱਕ ਪਹੁੰਚਣ ਤੋਂ ਪਹਿਲਾਂ ਵੱਡੀ ਮਾਤਰਾ ਵਿੱਚ ਇਕੱਠਾ ਹੋ ਜਾਂਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਡਾ. ਕ੍ਰਿਸ਼ਚੀਅਨ ਟਿਮ ਦੀ ਅਗਵਾਈ ਵਿੱਚ ਖੋਜਕਰਤਾਵਾਂ ਨੇ 66 ‘ਜਵਾਲਾਮੁਖੀ ਕੱਚ’ ਦੇ ਨਮੂਨਿਆਂ ਦੀ ਜਾਂਚ ਕੀਤੀ, ਜੋ ਲਾਵਾ ਅਤੇ ਠੰਡੇ ਸਮੁੰਦਰੀ ਪਾਣੀ ਦੇ ਸੰਪਰਕ ਨਾਲ ਬਣਦੇ ਹਨ। ਇਸ ਖੋਜ ਨੇ ਕੇਰਮਾਡੇਕ ਖੇਤਰ ਨੂੰ ਦੁਨੀਆ ਦੇ ਸਭ ਤੋਂ ਵੱਡੇ ਖਣਿਜ ਭੰਡਾਰ ਵਜੋਂ ਨਵੀਂ ਪਛਾਣ ਦਿੱਤੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਅਧਿਐਨ ਭਵਿੱਖ ਵਿੱਚ ਸਮੁੰਦਰ ਦੇ ਹੇਠਾਂ ਮਾਈਨਿੰਗ (ਖਣਨ) ਲਈ ਇੱਕ ਰਣਨੀਤਕ ਨਕਸ਼ਾ ਤਿਆਰ ਕਰੇਗਾ ਅਤੇ ਹੋਰ ਕੀਮਤੀ ਧਾਤਾਂ ਨੂੰ ਲੱਭਣ ਵਿੱਚ ਮਦਦਗਾਰ ਸਾਬਤ ਹੋਵੇਗਾ।
