ਹੁਣ ਕੈਨੇਡਾ ਤੋਂ ਡਿਪੋਰਟ ਨਹੀਂ ਹੋਣਗੇ ਪੰਜਾਬੀ
Friday, May 15, 2026 - 12:31 PM (IST)
ਇੰਟਰਨੈਸ਼ਨਲ ਡੈਸਕ : ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਦੇ ਖ਼ਤਰੇ ਵਿਚ ਘਿਰੇ ਹਜ਼ਾਰਾਂ ਪੰਜਾਬੀਆਂ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਮੀਡੀਆ ਖ਼ਬਰਾਂ ਮੁਤਾਬਕ ਮਾਰਕ ਕਾਰਨੀ ਸਰਕਾਰ ਦਾ ਬਿੱਲ ਸੀ-12 ਸੰਵਿਧਾਨਕ ਚੁਣੌਤੀਆਂ ਵਿਚ ਉਲਝਦਾ ਮਹਿਸੂਸ ਹੋ ਰਿਹਾ ਹੈ। ਕੈਨੇਡਾ ਦੇ ਕੋਨੇ-ਕੋਨੇ ਵਿਚ ਬੈਠੇ ਇਮੀਗ੍ਰੇਸ਼ਨ ਵਕੀਲਾਂ ਨੇ ਨਵੇਂ ਅਸਾਇਲਮ ਕਾਨੂੰਨ ਵਿਰੁੱਧ ਲਾਮਬੰਦ ਹੁੰਦਿਆਂ ਬਿੱਲ ਸੀ-12 ਵਿਰੁੱਧ ਫ਼ੈਡਰਲ ਅਦਾਲਤਾਂ ਵਿਚ ਤਿੰਨ ਦਰਜਨ ਮੁਕੱਦਮੇ ਦਾਇਰ ਕਰ ਦਿੱਤੇ ਹਨ ਅਤੇ ਇਨ੍ਹਾਂ ਦਾ ਨਿਪਟਾਰਾ ਹੋਣ ਤੱਕ ਨਵੇਂ ਕਾਨੂੰਨ ਅਧੀਨ ਅਯੋਗ ਮੰਨੇ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਨਹੀਂ ਕੀਤਾ ਜਾ ਸਕੇਗਾ।
ਕੈਨੇਡੀਅਨ ਐਸੋਸੀਏਸ਼ਨ ਆਫ਼ ਰਫ਼ਿਊਜੀ ਲਾਅਇਰਜ਼ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਲਾਅਇਰਜ਼ ਐਸੋਸੀਏਸ਼ਨ ਵੱਲੋਂ ਮੁਹਿੰਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਵਕੀਲਾਂ ਦਾ ਕਹਿਣਾ ਬਿਲ ਸੀ-12 ਸਿੱਧੇ ਤੌਰ ’ਤੇ ਕੈਨੇਡਾ ਦੇ ਚਾਰਟਰ ਆਫ਼ ਰਾਈਟਸ ਐਂਡ ਫ੍ਰੀਡਮਜ਼ ਦੀ ਉਲੰਘਣਾ ਕਰਦਾ ਹੈ ਪਰ ਲਿਬਰਲ ਸਰਕਾਰ ਕਹਿ ਰਹੀ ਹੈ ਕਿ ਨਵਾਂ ਕਾਨੂੰਨ ਪਨਾਹ ਦੇ ਦਾਅਵਿਆਂ ਦਾ ਬੈਕਲਾਗ ਘਟਾਉਣ ਵਿਚ ਮਦਦ ਕਰੇਗਾ ਅਤੇ ਵਿਦੇਸ਼ੀ ਨਾਗਰਿਕ ਅਸਾਇਲਮ ਸਿਸਟਮ ਦੀ ਦੁਰਵਰਤੋਂ ਵੀ ਨਹੀਂ ਕਰ ਸਕਣਗੇ।
ਪੜ੍ਹੋ ਇਹ ਅਹਿਮ ਖ਼ਬਰ-ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ 'ਚ ਕੀ ਰੱਖਿਆ...!
ਇਮੀਗ੍ਰੇਸ਼ਲ ਵਕੀਲਾਂ ਮੁਤਾਬਕ ਬਿੱਲ ਸੀ-12 ਹਜ਼ਾਰਾਂ ਲੋਕਾਂ ਨੂੰ ਡਿਪੋਰਟ ਕਰਨ ਦਾ ਰਾਹ ਪੱਧਰ ਕਰਨ ਤੋਂ ਸਿਵਾਏ ਕੁਝ ਨਹੀਂ ਕਰਦਾ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਸੰਵਿਧਾਨਕ ਕਾਨੂੰਨ ਵਿਚ ਮੁਹਾਰਤ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਨਵੇਂ ਅਸਾਇਲਮ ਕਾਨੂੰਨ ਵਿਰੁੱਧ ਚੁਣੌਤੀਆਂ ਮਜ਼ਬੂਤੀ ਨਾਲ ਉਭਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੈਨੇਡਾ ਸਰਕਾਰ ਨੇ 30 ਹਜ਼ਾਰ ਲੋਕਾਂ ਨੂੰ ਚਿੱਠੀਆਂ ਜਾਰੀ ਕਰਦਿਆਂ ਜਲਦ ਤੋਂ ਜਲਦ ਮੁਲਕ ਛੱਡਣ ਦੀ ਹਦਾਇਤ ਦੇ ਦਿੱਤੀ, ਜਿਨ੍ਹਾਂ ਦੀਆ ਅਸਾਇਲਮ ਅਰਜ਼ੀਆਂ 'ਤੇ ਬਿੱਲ ਸੀ-12 ਅਧੀਨ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਚਿੱਠੀਆਂ ਵਿਚ ਕਿਹਾ ਗਿਆ ਕਿ ਰਫ਼ਿਊਜੀ ਵਜੋਂ ਤੁਹਾਡਾ ਦਾਅਵਾ ਸੰਭਾਵਤ ਤੌਰ ’ਤੇ ਜਾਇਜ਼ ਨਹੀਂ, ਜਿਸ ਦੇ ਮੱਦੇਨਜ਼ਰ ਤੁਹਾਡੀ ਅਰਜ਼ੀ ਇਮੀਗ੍ਰੇਸ਼ਨ ਐਂਡ ਰਫ਼ਿਊਜੀ ਬੋਰਡ ਦੀ ਰਫ਼ਿਊਜੀ ਪ੍ਰੋਟੈਕਸ਼ਨ ਕਮੇਟੀ ਕੋਲ ਨਹੀਂ ਭੇਜੀ ਜਾ ਸਕਦੀ।
ਘਬਰਾਹਟ ਵਿਚ ਆਏ ਲੋਕਾਂ ਨੇ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਦਕਿ ਕੁਝ ਵਿਦੇਸ਼ੀ ਨਾਗਰਿਕ ਅਜੀਬੋ ਗਰੀਬ ਸਮੱਸਿਆ ਵਿਚ ਘਿਰ ਗਏ, ਜਿਨ੍ਹਾਂ ਦਾ ਮੁਲਕ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਵਾਲੀ ਸ਼ਰਤ ਦੇ ਘੇਰੇ ਵਿਚ ਨਹੀਂ ਆਉਂਦਾ। ਇੱਥੇ ਦੱਸਣਾ ਬਣਦਾ ਹੈ ਕਿ ਨਵੇਂ ਕਾਨੂੰਨ ਤਹਿਤ 24 ਜੂਨ, 2020 ਤੋਂ ਬਾਅਦ ਆਇਆ ਪਨਾਹ ਦਾ ਅਜਿਹਾ ਕੋਈ ਦਾਅਵਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਜੋ ਸਬੰਧਤ ਸ਼ਖਸ ਨੇ ਕੈਨੇਡਾ ਵਿਚ ਇਕ ਸਾਲ ਰਹਿਣ ਤੋਂ ਬਾਅਦ ਦਾਖਲ ਕੀਤਾ ਹੋਵੇ। ਅਮਰੀਕਾ ਦੇ ਰਸਤੇ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੇ ਅਸਾਇਲਮ ਕਲੇਮ ਪ੍ਰਵਾਨ ਨਹੀਂ ਕੀਤੇ ਜਾ ਰਹੇ ਜੋ ਕੈਨੇਡਾ ਆਉਣ ਤੋਂ 14 ਦਿਨ ਬਾਅਦ ਦਾਖਲ ਕੀਤੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
