ਹੁਣ ਬਿਮਾਰੀਆਂ ਖਤਮ ਕਰੇਗਾ ਲਾਰਵਾ! ਬਿੱਲ ਗੇਟਸ ਦੀ ਫੈਕਟਰੀ ''ਚੋਂ ਹਰ ਹਫਤੇ ਛੱਡੇ ਜਾ ਰਹੇ 3 ਕਰੋੜ ਮੱਛਰ

Friday, May 15, 2026 - 05:34 PM (IST)

ਹੁਣ ਬਿਮਾਰੀਆਂ ਖਤਮ ਕਰੇਗਾ ਲਾਰਵਾ! ਬਿੱਲ ਗੇਟਸ ਦੀ ਫੈਕਟਰੀ ''ਚੋਂ ਹਰ ਹਫਤੇ ਛੱਡੇ ਜਾ ਰਹੇ 3 ਕਰੋੜ ਮੱਛਰ

ਵੈੱਬ ਡੈਸਕ : ਕੋਲੰਬੀਆ ਦੇ ਮੇਡੇਲਿਨ ਸ਼ਹਿਰ 'ਚ ਵਿਗਿਆਨੀ ਇੱਕ ਅਜਿਹੀ ਫੈਕਟਰੀ ਚਲਾ ਰਹੇ ਹਨ ਜਿੱਥੇ ਹਰ ਹਫ਼ਤੇ ਲੱਖਾਂ ਦੀ ਗਿਣਤੀ 'ਚ ਮੱਛਰ ਪੈਦਾ ਕੀਤੇ ਜਾਂਦੇ ਹਨ ਤੇ ਫਿਰ ਉਨ੍ਹਾਂ ਨੂੰ ਜਾਣਬੁੱਝ ਕੇ ਵਾਤਾਵਰਣ 'ਚ ਛੱਡ ਦਿੱਤਾ ਜਾਂਦਾ ਹੈ। ਬਿੱਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਤੇ 'ਵਰਲਡ ਮੌਸਕੀਟੋ ਪ੍ਰੋਗਰਾਮ' ਦੇ ਸਹਿਯੋਗ ਨਾਲ ਚੱਲਣ ਵਾਲਾ ਇਹ ਪ੍ਰੋਜੈਕਟ ਹਰ ਹਫ਼ਤੇ ਲਗਭਗ 3 ਕਰੋੜ ਮੱਛਰ ਪੈਦਾ ਕਰਦਾ ਹੈ।

ਬਿਮਾਰੀਆਂ ਵਿਰੁੱਧ ਜੰਗ: ਕਿਵੇਂ ਕੰਮ ਕਰਦੀ ਹੈ ਇਹ ਤਕਨੀਕ?
ਆਮ ਤੌਰ 'ਤੇ ਮੱਛਰ ਡੇਂਗੂ, ਜ਼ੀਕਾ, ਚਿਕਨਗੁਨੀਆ ਅਤੇ ਪੀਲਾ ਬੁਖਾਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਫੈਲਾਉਣ ਲਈ ਜ਼ਿੰਮੇਵਾਰ ਹੁੰਦੇ ਹਨ। ਪਰ ਇਸ ਫੈਕਟਰੀ 'ਚ ਤਿਆਰ ਕੀਤੇ ਗਏ 'ਏਡੀਜ਼ ਏਜੀਪਟੀ' ਮੱਛਰਾਂ ਵਿੱਚ 'ਵੋਲਬਾਚੀਆ' (Wolbachia) ਨਾਮਕ ਇੱਕ ਕੁਦਰਤੀ ਬੈਕਟੀਰੀਆ ਪਾਇਆ ਜਾਂਦਾ ਹੈ। ਇਹ ਬੈਕਟੀਰੀਆ ਮੱਛਰਾਂ ਲਈ ਤਾਂ ਹਾਨੀਕਾਰਕ ਨਹੀਂ ਹੈ, ਪਰ ਇਹ ਉਨ੍ਹਾਂ ਦੇ ਸਰੀਰ 'ਚ ਵਾਇਰਸਾਂ ਨੂੰ ਵਧਣ ਤੋਂ ਰੋਕਦਾ ਹੈ, ਜਿਸ ਨਾਲ ਮਨੁੱਖਾਂ 'ਚ ਬਿਮਾਰੀ ਫੈਲਣ ਦਾ ਖਤਰਾ ਬਹੁਤ ਘੱਟ ਹੋ ਜਾਂਦਾ ਹੈ। ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਮੱਛਰ ਜੈਨੇਟਿਕ ਤੌਰ 'ਤੇ ਸੋਧੇ ਹੋਏ (GMO) ਨਹੀਂ ਹਨ।

ਕੁਦਰਤੀ ਤਰੀਕੇ ਨਾਲ ਬਦਲਾਅ
ਇਨ੍ਹਾਂ ਮੱਛਰਾਂ ਨੂੰ ਵਾਤਾਵਰਣ 'ਚ ਛੱਡਣ ਤੋਂ ਬਾਅਦ, ਇਹ ਸਥਾਨਕ ਮੱਛਰਾਂ ਨਾਲ ਮੇਲ (Mating) ਕਰਦੇ ਹਨ ਅਤੇ ਹੌਲੀ-ਹੌਲੀ ਇਹ ਬੈਕਟੀਰੀਆ ਅਗਲੀਆਂ ਪੀੜ੍ਹੀਆਂ 'ਚ ਵੀ ਫੈਲ ਜਾਂਦਾ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਮੱਛਰਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਨਹੀਂ, ਬਲਕਿ ਖ਼ਤਰਨਾਕ ਮੱਛਰਾਂ ਦੀ ਜਗ੍ਹਾ ਸੁਰੱਖਿਅਤ ਮੱਛਰਾਂ ਨੂੰ ਲਿਆਉਣਾ ਹੈ। ਇਹ ਤਰੀਕਾ ਕੀਟਨਾਸ਼ਕਾਂ ਦੇ ਛਿੜਕਾਅ ਨਾਲੋਂ ਵੱਖਰਾ ਅਤੇ ਵਧੇਰੇ ਪ੍ਰਭਾਵਸ਼ਾਲੀ ਮੰਨਿਆ ਜਾ ਰਿਹਾ ਹੈ।

ਇਸ ਪ੍ਰੋਜੈਕਟ ਦੇ ਨਤੀਜੇ ਕਾਫ਼ੀ ਸਕਾਰਾਤਮਕ ਰਹੇ ਹਨ। ਇੰਡੋਨੇਸ਼ੀਆ ਅਤੇ ਕੋਲੰਬੀਆ ਦੇ ਕਈ ਹਿੱਸਿਆਂ 'ਚ ਇਸ ਪ੍ਰੋਗਰਾਮ ਕਾਰਨ ਡੇਂਗੂ ਦੇ ਮਾਮਲਿਆਂ 'ਚ ਭਾਰੀ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਅਤੇ 'ਕੰਸਪੀਰੇਸੀ ਥਿਊਰੀਆਂ' ਵੀ ਚੱਲ ਰਹੀਆਂ ਹਨ, ਜਿਵੇਂ ਕਿ ਇਹ ਕਿਸੇ ਗੁਪਤ ਪ੍ਰਯੋਗ ਦਾ ਹਿੱਸਾ ਹਨ। ਪਰ ਮਾਹਰਾਂ ਅਤੇ ਸਿਹਤ ਸੰਸਥਾਵਾਂ ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਤਕਨੀਕ ਮਨੁੱਖੀ ਸਿਹਤ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਆਉਣ ਵਾਲੇ ਸਮੇਂ 'ਚ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਇੱਕ ਮਹੱਤਵਪੂਰਨ ਹਥਿਆਰ ਸਾਬਤ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News