ਨਾਟੋ ਨੇ ਤੋਪਖਾਨੇ ਦੇ ਅਸਲੇ ਲਈ 1.2 ਬਿਲੀਅਨ ਡਾਲਰ ਦੇ ਸਮਝੌਤੇ ''ਤੇ ਕੀਤੇ ਦਸਤਖ਼ਤ
Tuesday, Jan 23, 2024 - 09:37 PM (IST)
ਬ੍ਰਸੇਲਜ਼ - ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨੇ ਮੰਗਲਵਾਰ ਨੂੰ ਤੋਪਖਾਨੇ ਦੇ ਗੋਲਾ ਬਾਰੂਦ ਦੇ ਵੱਡੇ ਉਤਪਾਦਨ ਲਈ 1.2 ਬਿਲੀਅਨ ਅਮਰੀਕੀ ਡਾਲਰ ਦੇ ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਕਿਉਂਕਿ ਯੂਕ੍ਰੇਨ 'ਚ ਗੋਲਾ ਬਾਰੂਦ ਦੀ ਸਪਲਾਈ ਕਰਨ ਕਾਰਨ ਇਸ ਦੇ ਮੈਂਬਰ ਦੇਸ਼ਾਂ 'ਚ ਇਸ ਦਾ ਭੰਡਾਰ ਘਟਣ ਲੱਗਾ ਹੈ। ਨਾਟੋ ਨੇ ਇਹ ਫੈਸਲਾ ਰੂਸ ਨੂੰ ਹਰਾਉਣ 'ਚ ਯੂਕਰੇਨ ਦੀ ਮਦਦ ਲਈ ਕੀਤੀ ਜਾ ਰਹੀ ਇਸ ਸਪਲਾਈ ਕਾਰਨ ਗੋਲਾ ਬਾਰੂਦ ਦੇ ਘਟਦੇ ਭੰਡਾਰ ਦੀ ਭਰਪਾਈ ਲਈ ਲਿਆ ਹੈ।
ਨਾਟੋ ਦੀ ਸਹਾਇਤਾ ਅਤੇ ਖਰੀਦ ਏਜੰਸੀ ਅਨੁਸਾਰ, ਇਕਰਾਰਨਾਮਾ 155-ਮਿਲੀਮੀਟਰ ਗੋਲਾ ਬਾਰੂਦ ਦੇ 220,000 ਰਾਉਂਡਾਂ ਦੀ ਖਰੀਦ ਦੀ ਆਗਿਆ ਦੇਵੇਗਾ। ਤੋਪਖਾਨੇ ਦੇ ਇਸ ਗੋਲੇ ਦੀ ਮੰਗ ਸਭ ਤੋਂ ਵੱਧ ਹੈ। ਇਹ ਮੈਂਬਰ ਦੇਸ਼ਾਂ ਨੂੰ ਆਪਣੇ ਹਥਿਆਰਾਂ ਨੂੰ ਭਰਨ ਦੇ ਨਾਲ ਯੂਕ੍ਰੇਨ ਨੂੰ ਹੋਰ ਜ਼ਿਆਦਾ ਅਸਲਾ ਪ੍ਰਦਾਨ ਕਰਨ ਦੀ ਮਨਜ਼ੂਰੀ ਦੇਵੇਗਾ। ਨਾਟੋ ਦੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਨੇ ਪੱਤਰਕਾਰਾਂ ਨੂੰ ਕਿਹਾ, "ਆਪਣੇ ਖੇਤਰ ਦੀ ਰੱਖਿਆ ਕਰਨਾ, ਆਪਣੇ ਭੰਡਾਰਾਂ ਨੂੰ ਬਣਾਉਣਾ ਮਹੱਤਵਪੂਰਨ ਹੈ, ਪਰ ਯੂਕ੍ਰੇਨ ਦਾ ਸਮਰਥਨ ਕਰਨਾ ਜਾਰੀ ਰੱਖਣਾ ਵੀ ਮਹੱਤਵਪੂਰਨ ਹੈ।" ਉਨ੍ਹਾਂ ਕਿਹਾ, ਅਸੀਂ ਰਾਸ਼ਟਰਪਤੀ ਪੁਤਿਨ ਨੂੰ ਯੁਕ੍ਰੇਨ 'ਚ ਜਿੱਤਣ ਦੀ ਮਨਜ਼ੂਰੀ ਨਹੀਂ ਦੇ ਸਕਦੇ।