ਵਾਸ਼ਿੰਗਟਨ ਵਿਖੇ 'ਨੈਸ਼ਨਲ ਸਿੱਖ ਡੇਅ ਪਰੇਡ' 7 ਅਪ੍ਰੈਲ ਨੂੰ, ਸਿੱਖਾਂ ਵਿੱਚ ਭਾਰੀ ਉਤਸ਼ਾਹ : ਹਿੰਮਤ ਸਿੰਘ

04/03/2018 8:47:01 AM

ਨਿਊਯਾਰਕ , (ਰਾਜ ਗੋਗਨਾ)— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਯੂ. ਐੱਸ.ਏ. ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜੱਥੇਬੰਦੀਆਂ ਵੱਲੋਂ ਬਣਾਈ ਸਾਂਝੀ ਸੰਸਥਾ, ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ. ਐੱਸ. ਏ.) ਵੱਲੋਂ 7 ਅਪ੍ਰੈਲ ਨੂੰ ਸਿੱਖ ਡੇਅ ਪਰੇਡ ਕੱਢੀ ਜਾ ਰਹੀ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ., ਪਾਰਲੀਮੈਂਟ ਦੇ ਸਾਹਮਣੇ 319ਵੇਂ ਖ਼ਾਲਸਾ ਪ੍ਰਗਟ ਦਿਵਸ (ਵਿਸਾਖੀ) ਨੂੰ ਸਮਰਪਿਤ ਸਿੱਖ ਡੇਅ ਪਰੇਡ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ  ਹੇਠ ਕੱਢਣਾ ਸਾਰੀ ਦੁਨੀਆਂ ਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਇਹ ਜਾਣਕਾਰੀ ਦਿੰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਕੌਆਰਡੀਨੇਟਰ ਹਿੰਮਤ ਸਿੰਘ , ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ, ਵੀਰ ਸਿੰਘ ਮਾਂਗਟ, ਦਵਿੰਦਰ ਸਿੰਘ ਦਿਓ ਨੇ ਦੱਸਿਆ ਕਿ ਖ਼ਾਲਸਾ ਪ੍ਰਗਟ ਦਿਵਸ ਵਿਸਾਖੀ ਦੇ ਦਿਹਾੜੇ ਨੂੰ ਨੈਸ਼ਨਲ ਸਿੱਖ ਡੇਅ ਦੇ ਤੌਰ 'ਤੇ ਮਨਾਉਣ ਦੀ ਅਮਰੀਕੀ ਰਾਜ ਦੀਆਂ ਕਈ ਸੂਬਾ ਸਰਕਾਰਾਂ ਵੱਲੋਂ ਮਾਨਤਾ ਮਿਲੀ ਹੈ। ਇਸ ਦਿਨ ਦਸਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖ਼ਾਲਸਾ ਪੰਥ ਸਾਜਿਆ ਸੀ। ਇਸ ਦਿਨ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸਿੱਖ ਪੰਥਕ ਜੱਥੇਬੰਦੀਆਂ ਵੱਲੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ 7 ਅਪ੍ਰੈਲ, ਦਿਨ ਸ਼ਨਿੱਚਰਵਾਰ ਨੂੰ ਪਰੇਡ ਕੱਢੀ ਜਾ ਰਹੀ ਹੈ। ਸਿੱਖ ਡੇਅ ਪਰੇਡ (ਸਿੱਖ ਫ਼ਰੀਡਮ ਮਾਰਚ) ਦੁਪਹਿਰ 12 ਵਜੇ ਤੋਂ ਕੈਪੀਟਲ ਹਿੱਲ ਵਾਸ਼ਿੰਗਟਨ ਡੀ.ਸੀ. ਵੱਲ ਜਾਵੇਗੀ।
ਜ਼ਿਕਰਯੋਗ ਹੈ ਕਿ ਸੰਨ 2017 ਵਿੱਚ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ, ਪੰਜਾਬ ਤੋਂ ਸ਼ੁਰੂ ਹੋਈ ਬੇਹੁਰਮਤੀ ਦੇ ਉਪਰੰਤ ਯੂ.ਐਸ.ਏ. ਦੇ ਈਸਟ ਕੋਸਟ ਦੇ ਗੁਰਦੁਆਰਿਆਂ ਅਤੇ ਜੱਥੇਬੰਦੀਆਂ ਦੇ ਸਮੂਹ ਉੱਦਮ ਸਦਕਾ ਹੀ ਅਮਰੀਕੀ ਸਿੱਖਾਂ ਦੀ ਇਹ ਸਾਂਝੀ ਸੰਸਥਾ ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ.ਐਸ.ਏ.) ਹੋਂਦ ਵਿੱਚ ਆਈ, ਜਿਸ ਦੇ ਉਪਰਾਲਿਆਂ ਸਦਕਾ ਸਿੱਖ ਕੌਮ ਨੇ ਥੋੜੇ ਜਿਹੇ ਸਮੇਂ ਵਿੱਚ ਕਈ ਕਾਮਯਾਬੀਆਂ ਪ੍ਰਾਪਤ ਕੀਤੀਆਂ।
ਸੰਨ 2017 ਵਿੱਚ ਸਿੱਖ ਕੌਕਸ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਨੂੰ ਅਮਰੀਕੀ ਪਾਰਲੀਮੈਂਟ ਵਿੱਚ ਸਪੀਕਰ ਪਾਲ ਰਾਅਨ ਦੀ ਮੌਜੂਦਗੀ ਵਿੱਚ ਬਿੱਲ 189 ਤਹਿਤ ਪ੍ਰਵਾਨਿਤ ਕਰਾਉਣਾ, ਇਸੇ ਲੜੀ ਵਿੱਚ ਅੱਗੇ ਤੁਰਦਿਆਂ ਸੂਬਾਈ ਸਰਕਾਰਾਂ ਕਨੈਕਟੀਕਟ, ਮੈਸਾਚੂਸੈਸ, ਪੈਨਸਿਲਵੇਨਿਆ, ਡੈਲਾਵੇਅਰ ਅਤੇ ਇੰਡਿਆਨਾ ਨੇ ਵੀ 14 ਅਪ੍ਰੈਲ਼ ਨੂੰ 'ਸਿੱਖ ਨੈਸ਼ਨਲ ਡੇਅ' ਦੀ ਮਾਨਤਾ ਦਿੱਤੀ ਹੈ। ਇਸੇ ਮਾਰਚ ਮਹੀਨੇ ਵਿੱਚ ਨਿਊ ਜਰਸੀ ਸੂਬਾਈ ਸਰਕਾਰ ਨੇ ਵੀ 14 ਅਪ੍ਰੈਲ ਨੂੰ ਸਿੱਖ ਨੈਸ਼ਨਲ ਡੇਅ ਅਤੇ ਹਰ ਸਾਲ ਦੇ ਅਪ੍ਰੈਲ ਦੇ ਮਹੀਨੇ ਨੂੰ ਪੱਕੇ ਤੌਰ 'ਤੇ ਸਿੱਖ ਅਵੇਅਰਨੈੱਸ ਮਹੀਨੇ ਦੇ ਨਾਂ 'ਤੇ ਪ੍ਰਵਾਨ ਕੀਤਾ ਹੈ। ਯਾਦ ਰਹੇ ਕਿ ਇਸੇ ਸਾਲ ਅਮਰੀਕਾ ਦੇ 96 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਭਾਰਤੀ ਸਰਕਾਰ ਦੇ ਨੁਮਾਇੰਦਿਆਂ ਦੀ ਗੁਰਦੁਆਰਿਆਂ ਵਿੱਚ ਸਰਕਾਰੀ ਤੌਰ 'ਤੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਹਾਜ਼ਰੀ ਭਰਨ 'ਤੇ ਪੂਰਨ ਪਾਬੰਦੀ ਲਾਉਣ ਵਿੱਚ ਵੀ ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ.ਐਸ.ਏ.) ਵੱਲੋਂ ਮੁੱਖ ਭੂਮਿਕਾ ਜ਼ਿੰਮੇਵਾਰੀ ਸਹਿਤ ਨਿਭਾਈ ਸੀ। ਇਸ ਮਾਰਚ ਦੇ ਕੱਢਣ ਦਾ ਮੁੱਖ ਆਦੇਸ਼ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਹੋ ਰਹੀ ਬੇਹੁਰਮਤੀ ਨੂੰ ਠੱਲ ਪਾਉਣ ਲਈ ਜਾਗਰਿਤ ਕਰਨਾ, ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਨਿਰਮਲ ਪੰਥ ਦਾ ਦੇਸ਼-ਵਿਦੇਸ਼ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰਨਾ, ਪੰਜਾਬ ਦੇਸ਼ ਦੀ ਅਜਾਦੀ, ਖ਼ਾਲਸਾ ਰਾਜ ਦੀ ਸਥਾਪਨਾ, ਸਿੱਖਾਂ ਦੀ ਪਹਿਚਾਣ, ਨਸਲੀ ਹਮਲਿਆਂ ਦੀ ਰੋਕਥਾਮ, ਸਿੱਖ ਨੌਜਵਾਨਾਂ ਨੂੰ ਅਮਰੀਕੀ ਰਾਜਨੀਤੀ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਆਦਿ ਸ਼ਾਮਿਲ ਹਨ।


Related News